ਕਿਹਾ, ਨਸਿ਼ਆਂ ਦਾ ਖਾਤਮਾ ਕਰਨ ਲਈ ਨਸ਼ਾ ਮੁਕਤ ਸਮਾਜ ਦਾ ਸੰਕਲਪ ਜ਼ਰੂਰੀ
ਨਸ਼ੇ ਨੂੰ ਰੋਕਣ ਲਈ ਲੋਕਾਂ ਦਾ ਸਹਿਯੋਗ ਜ਼ਰੂਰੀ ਅਤੇ ਸਿਹਤਮੰਦ ਸਮਾਜ ਦੀ ਸਿਰਜਣਾ ਲਈ ਹਰ ਨਾਗਰਿਕ ਨੂੰ ਅੱਗੇ ਆਉਣ ਦੀ ਲੋੜ
ਫ਼ਿਰੋਜ਼ਪੁਰ 26 ਜੂਨ 2021 ਅੰਤਰਰਾਸ਼ਟਰੀ ਨਸ਼ਾ ਵਿਰੋਧੀ ਦਿਵਸ ਮੌਕੇ ਤੇ ਡਿਪਟੀ ਕਮਿਸ਼ਨਰ ਸ੍ਰ. ਗੁਰਪਾਲ ਸਿੰਘ ਚਾਹਲ ਦੀ ਅਗਵਾਈ ਹੇਠ ਆਯੋਜਿਤ ਸਾਈਕਲ ਰੈਲੀ ਵਿਚ ਵੱਡੀ ਗਿਣਤੀ ਵਿਚ ਸ਼ਹਿਰ ਵਾਸੀਆਂ ਨੇ ਹਿੱਸਾ ਲੈ ਕੇ ਨਸ਼ੇ ਦੀ ਸਮੱਸਿਆ ਦੇ ਖ਼ਿਲਾਫ਼ ਇੱਕਜੁੱਟਤਾ ਦਿਖਾਈ।ਇਸ ਮੌਕੇ ਡੀ.ਆਈ.ਜੀ. ਹਰਦਿਆਲ ਸਿੰਘ ਮਾਨ ਅਤੇ ਐੱਸ.ਐੱਸ.ਪੀ. ਭਾਗੀਰਥ ਮੀਨਾ ਵੀ ਵਿਸ਼ੇਸ਼ ਤੌਰ ਤੇ ਮੌਜੂਦ ਸਨ। ਇਹ ਰੈਲੀ ਸਵੇਰੇ 7 ਵਜੇ ਫਿਰੋਜ਼ਪੁਰ ਸਿਟੀ ਦੇ ਪੁਲਿਸ ਥਾਣੇ ਤੋਂ ਹੁੰਦੀ ਹੋਈ ਮੁਲਤਾਨੀ ਗੇਟ, ਮਖੂ ਗੇਟ, ਜ਼ੀਰਾ ਗੇਟ, ਬਗਦਾਦੀ ਗੇਟ, ਸ਼ਹੀਦ ਊਧਮ ਸਿੰਘ ਚੌਂਕ, ਸਾਰਾਗੜ੍ਹੀ ਗੁਰਦੁਆਰਾ ਸਾਹਿਬ ਤੋਂ ਮਨੋਹਰ ਲਾਲ ਭਾਸਕਰ ਚੌਂਕ ਤੋਂ ਹੁੰਦੀ ਪੁਲਿਸ ਲਾਈਨ ਫਿਰੋਜ਼ਪੁਰ ਛਾਉਣੀ ਵਿਖੇ ਸਮਾਪਤ ਹੋਈ। ਇਸ ਦੌਰਾਨ ਡਿਪਟੀ ਕਮਿਸ਼ਨਰ ਨੇ ਖ਼ੁਦ ਸਾਈਕਲ ਚਲਾ ਕੇ ਸਹਿਰ ਵਾਸੀਆਂ ਨੂੰ ਨਸ਼ੇ ਖ਼ਿਲਾਫ਼ ਜਾਗਰੂਕ ਕੀਤਾ।
ਇਸ ਮੌਕੇ ਡਿਪਟੀ ਕਮਿਸ਼ਨਰ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਅੰਤਰਰਾਸ਼ਟਰੀ ਨਸ਼ਾ ਵਿਰੋਧੀ ਦਿਵਸ ਦਾ ਮੁੱਖ ਮਕਸਦ ਵੱਧ ਤੋਂ ਵੱਧ ਲੋਕਾਂ ਨੂੰ ਨਸ਼ਿਆਂ ਨੂੰ ਆਪਣੀ ਜ਼ਿੰਦਗੀ ਤੋਂ ਦੂਰ ਰੱਖ ਕੇ ਚੰਗੇ ਤੇ ਤੰਦਰੁਸਤ ਜੀਵਨ ਜਿਊਣ ਲਈ ਜਾਗਰੂਕ ਕਰਨਾ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਨਸ਼ਾ ਰੋਕੂ ਮੁਹਿੰਮ ਅਤੇ ਲੋਕਾਂ ਨੂੰ ਚੰਗੀ ਸਿਹਤ ਪ੍ਰਦਾਨ ਕਰਨ ਲਈ ਮਿਸ਼ਨ ਤੰਦਰੁਸਤ ਪੰਜਾਬ ਸਮੇਤ ਕਈ ਹੋਰ ਵਿਸ਼ੇਸ਼ ਉਪਰਾਲੇ ਕੀਤੇ ਜਾ ਗਏ ਹਨ ਤਾਂ ਜੋ ਸੂਬੇ ਦੇ ਲੋਕਾਂ ਨੂੰ ਸਰੀਰਕ, ਮਾਨਸਿਕ ਅਤੇ ਆਰਥਿਕ ਪੱਖੋਂ ਤੰਦਰੁਸਤ ਬਣਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਨਸ਼ਾ ਕਰਨ ਨਾਲ ਜਿੱਥੇ ਵਿਅਕਤੀ ਦੀ ਸਿਹਤ ਦਾ ਨੁਕਸਾਨ ਹੁੰਦਾ ਹੈ ਉੱਥੇ ਹੀ ਉਸ ਦਾ ਭਵਿੱਖ ਵੀ ਖ਼ਰਾਬ ਹੁੰਦਾ ਹੈ। ਉਨ੍ਹਾਂ ਕਿਹਾ ਕਿ ਨਸ਼ਿਆਂ ਦਾ ਖ਼ਾਤਮਾ ਕਰਨ ਅਤੇ ਨਸ਼ਿਆਂ ਤੋਂ ਦੂਰ ਰਹਿਣ ਲਈ ਸਾਡੇ ਸਾਰਿਆਂ ਲਈ ਨਸ਼ਾ ਮੁਕਤ ਸਮਾਜ ਦਾ ਸੰਕਲਪ ਕਰਨਾ ਜ਼ਰੂਰੀ ਹੈ। ਉਨ੍ਹਾਂਂ ਸਮਾਜ ਦੇ ਸਮੂਹ ਵਰਗਾਂ ਨੂੰ ਸੱਦਾ ਦਿੱਤਾ ਕਿ ਉਹ ਨਸ਼ਿਆਂ ਵਿਰੁੱਧ ਆਮ ਲੋਕਾਂ ਤੇ ਖ਼ਾਸ ਕਰ ਨੌਜਵਾਨ ਪੀੜੀ ਨੂੰ ਵੱਧ ਤੋਂ ਵੱਧ ਜਾਗਰੂਕ ਕਰਨ।
ਇਸ ਮੌਕੇ ਡੀ.ਆਈ.ਜੀ. ਹਰਦਿਆਲ ਸਿੰਘ ਮਾਨ ਅਤੇ ਐੱਸ.ਐੱਸ.ਪੀ. ਭਾਗੀਰਥ ਮੀਨਾ ਨੇ ਕਿਹਾ ਕਿ ਨਸ਼ਾ ਸਾਡੇ ਸਮਾਜ ਲਈ ਇੱਕ ਕਲੰਕ ਹੈ। ਨਸ਼ਾ ਕਰਨ ਨਾਲ ਜਿੱਥੇ ਵਿਅਕਤੀ ਦੀ ਸਿਹਤ ਦਾ ਨੁਕਸਾਨ ਹੁੰਦਾ ਹੈ ਉੱਥੇ ਹੀ ਉਸ ਦਾ ਭਵਿੱਖ ਵੀ ਖ਼ਰਾਬ ਹੁੰਦਾ ਹੈ। ਸਾਨੂੰ ਆਪਣੀ ਸਰੀਰਕ ਫਿਟਨੈੱਸ ਨੂੰ ਧਿਆਨ ਵਿੱਚ ਰੱਖਦੇ ਹੋਏ ਸਵੇਰੇ ਉੱਠ ਕੇ ਵੱਧ ਤੋਂ ਵੱਧ ਦੌੜਨਾ, ਸਾਈਕਲ ਚਲਾਉਣਾ ਤੇ ਸਰੀਰਕ ਕਸਰਤਾਂ ਕਰਨੀਆਂ ਚਾਹੀਦੀਆਂ ਹਨ ਤਾਂ ਜੋ ਅਸੀਂ ਨਸਿ਼ਆਂ ਤੋਂ ਦੂਰ ਰਹਿ ਕੇ ਆਪਣੇ ਸਰੀਰ ਦੀ ਸਹੀ ਸੰਭਾਲ ਕਰ ਸਕੀਏ।ਉਨ੍ਹਾਂ ਕਿਹਾ ਕਿ ਨੌਜਵਾਨ ਕੋਲ ਜਦੋਂ ਵੀ ਵਿਹਲਾ ਟਾਈਮ ਹੁੰਦਾ ਹੈ ਉਹ ਜਿੰਮ ਜਾਣ, ਸਾਈਕਲਿੰਗ ਕਰਨ, ਦੌੜਨ ਤੇ ਖੇਡਾਂ ਵੱਲ ਭਾਗ ਲੈਣ ਤਾਂ ਜੋ ਉਹ ਨਸਿ਼ਆਂ ਵਰਗੇ ਕਲੰਕ ਤੋਂ ਦੂਰ ਰਹਿ ਸਕਣ। ਉਨ੍ਹਾਂ ਕਿਹਾ ਕਿਾ ਕਿ ਨਸ਼ੇ ਨੂੰ ਰੋਕਣ ਲਈ ਲੋਕਾਂ ਦਾ ਸਹਿਯੋਗ ਬਹੁਤ ਜ਼ਰੂਰੀ ਹੈ ਅਤੇ ਸਿਹਤਮੰਦ ਸਮਾਜ ਦੀ ਸਿਰਜਣਾ ਲਈ ਹਰ ਨਾਗਰਿਕ ਨੂੰ ਅੱਗੇ ਆਉਣ ਦੀ ਲੋੜ ਹੈ। ਉਨਾਂ ਕਿਹਾ ਕਿ ਨੌਜਵਾਨਾਂ ਨੂੰ ਨਸਿ਼ਆਂ ਦੇ ਖਿਲਾਫ ਜਾਗਰੂਕ ਕਰਨ ਅਤੇ ਨਸ਼ਿਆਂ ਦੇ ਕੋਹੜ ਵਿੱਚੋਂ ਕੱਢਣ ਲਈ ਪੰਜਾਬ ਸਰਕਾਰ ਵੱਲੋਂ ਵਿਸ਼ੇਸ਼ ਉਪਰਾਲੇ ਵੀ ਕੀਤੇ ਜਾ ਰਹੇ ਹਨ।