ਜਿਲ੍ਹੇ ਵਿਚ 24 ਥਾਵਾਂ ’ਤੇ ਵਧੀ ਹੋਈ ਪੈਨਸ਼ਨ ਦੇ ਚੈਕ ਤਕਸੀਮ
ਅੰਮ੍ਰਿਤਸਰ, 31 ਅਗਸਤ 2021
ਪੰਜਾਬ ਸਰਕਾਰ ਵਲੋਂ ਸਮਾਜ ਦੇ ਲੋੜਵੰਦ ਲੋਕਾਂ ਨੂੰ ਪੈਨਸ਼ਨ ਯੋਜਨਾ ਤਹਿਤ ਜੁਲਾਈ 2021 ਤੋਂ ਦੁੱਗਣੀ ਪੈੈਨਸ਼ਨ ਦਿੱਤੀ ਜਾਣੀ ਸ਼ੁਰੂ ਕਰ ਦਿੱਤੀ ਗਈ ਹੈ, ਜਿਸ ਤਹਿਤ ਜਿਲ੍ਹੇ ਅੰਦਰ ਵੀ ਲਾਭਪਾਤਰੀਆਂ ਨੂੰ ਇਸਦਾ ਲਾਭ ਮਿਲਣਾ ਸ਼ੁਰੂ ਹੋ ਗਿਆ ਹੈ।
ਦੁੱਗਣੀ ਹੋਈ ਪੈਨਸ਼ਨ ਨਾਲ ਜਿਲ੍ਹੇ ਅੰਦਰ 1 ਲੱਖ 80 ਹਜਾਰ ਦੇ ਕਰੀਬ ਪੈਨਸ਼ਨਾਂ ਨੂੰ ਦੁਗਣੀ ਪੈਨਸ਼ਨ ਦਾ ਲਾਭ ਮਿਲੇਗਾ ਅਤੇ ਅੱਜ ਜ਼ਿਲ੍ਹੇ ਵਿੱਚ 24 ਥਾਵਾਂ ਤੇ ਸਮਾਗਮ ਕਰਕੇ 8500 ਦੇ ਕਰੀਬ ਲਾਭਪਾਤਰੀਆਂ ਨੂੰ ਵੱਧੀ ਹੋਈ ਪੈਨਸ਼ਨ ਦੇ ਚੈਕ ਤਕਸੀਮ ਕੀਤੇ ਹਨ।
ਅੱਜ ਇਸ ਸਬੰਧੀ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਵਧੀ ਹੋਈ ਪੈਨਸ਼ਨ ਪ੍ਰਦਾਨ ਕਰਨ ਸਬੰਧੀ ਕੀਤੇ ਸਮਾਗਮ ਦੌਰਾਨ ਵਰਚੁਅਲ ਤਰੀਕੇ ਨਾਲ ਚੇਅਰਮੈਨ ਸ: ਜੁਗਲ ਕਿਸ਼ੋਰ ਸ਼ਰਮਾ, ਰਾਜ ਕੰਵਲ ਪ੍ਰੀਤ ਸਿੰਘ ਲੱਕੀ, ਕੌਂਸਲਰ ਵਿਕਾਸ ਸੋਨੀ, ਜ਼ਿਲ੍ਹਾ ਸ਼ਹਿਰੀ ਪ੍ਰਧਾਨ ਮੈਡਮ ਜਤਿੰਦਰ ਸੋਨੀਆ ਅਤੇ ਵਧੀਕ ਡਿਪਟੀ ਕਮਿਸ਼ਨਰ ਸ੍ਰੀਮਤੀ ਰੂਹੀ ਡੱਗ ਵਲੋਂ ਸ਼ਿਰਕਤ ਕੀਤੀ ਗਈ।
ਇਸ ਮੌਕੇ ਪੈਨਸ਼ਨਰਾਂ ਨੂੰ ਸੰਬੋਧਨ ਕਰਦੇ ਹੋਏ ਚੇਅਰਮੈਨ ਜੁਗਲ ਕਿਸ਼ੋਰ ਸ਼ਰਮਾ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਸਮੂਹ ਪੈਨਸ਼ਨਰਾਂ ਜਿਨ੍ਹਾਂ ਵਿਚ ਬੁਢਾਪਾ ਪੈਨਸ਼ਨ, ਵਿਧਵਾ ਪੈਨਸ਼ਨ, ਆਸ਼ਰਿਤ ਬੱਚਿਆਂ ਤੇ ਦਿਵਿਆਂਗ ਵਿਅਕਤੀਆਂ ਨੂੰ ਪ੍ਰਤੀ ਮਹੀਨਾ 750 ਰੁਪੈ ਤੋਂ ਵਧਾਕੇ ਪੈਨਸ਼ਨ 1500 ਰੁਪੈ ਪ੍ਰਤੀ ਮਹੀਨਾ ਕਰ ਦਿੱਤੀ ਗਈ ਹੈ। ਉਨਾਂ ਕਿਹਾ ਕਿ ਕਾਂਗਰਸ ਸਰਕਾਰ ਨੇ ਚੋਣਾਂ ਦੌਰਾਨ ਜੋ ਵਾਅਦਾ ਕੀਤਾ ਸੀ ਉਸ ਨੂੰ ਪੂਰਾ ਕਰ ਦਿਖਾਇਆ ਹੈ। ਇਸ ਮੌਕੇ ਬੋਲਦਿਆਂ ਕੌਂਸਲਰ ਵਿਕਾਸ ਸੋਨੀ ਨੇ ਦੱਸਿਆ ਕਿ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ, ਵਲੋਂ ਚੋਣਾਂ ਵਿਚ ਜੋ ਵਾਅਦੇ ਪੂਰੇ ਕੀਤੇ ਗਏ ਸਨ। ਉਹ 90 ਫੀਸਦੀ ਤੋਂ ਜ਼ਿਆਦਾ ਪੂਰੇ ਕਰ ਲਏ ਗਏ ਹਨ। ਉਨਾਂ ਦੱਸਿਆ ਕਿ ਆਸ਼ੀਰਵਾਦ ਸਕੀਮ ਤਹਿਤ ਲੜਕੀਆਂ ਦੇ ਵਿਆਹ ਤੇ ਸ਼ਗਨ ਸਕੀਮ ਵਜੋਂ ਦਿੱਤੀ ਜਾਣ ਵਾਲੀ ਰਾਸ਼ੀ 31 ਹਜ਼ਾਰ ਰੁਪਏ ਤੋਂ ਵੱਧਾ ਕੇ 51 ਹਜ਼ਾਰ ਰੁਪਏ ਕਰ ਦਿੱਤੀ ਗਈ ਹੈ।
ਜਿਲ੍ਹਾ ਸਮਾਜਿਕ ਸੁਰੱਖਿਆ ਅਫਸਰ ਸ: ਅਸੀਸਇੰਦਰ ਸਿੰਘ ਨੇ ਦੱਸਿਆ ਕਿ ਬਾਕੀ ਰਹਿੰਦੇ ਲਾਭਪਾਤਰੀਆਂ ਨੂੰ ਉਨ੍ਹਾਂ ਦੇ ਬੈਂਕ ਖਾਤਿਆਂ ਵਿਚ ਪਹਿਲੀ ਸਤੰਬਰ 2021 ਨੂੰ ਵਧੀ ਹੋਈ ਪੈਨਸ਼ਨ ਭੇਜ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਅੰਮ੍ਰਿਤਸਰ ਵਿਚ ਹਰ ਮਹੀਨੇ ਦੀ ਪਹਿਲੀ ਤਾਰੀਕ ਨੂੰ ਲਾਭਪਾਤਰੀਆਂ ਦੇ ਖਾਤੇ ਵਿੱਚ ਸਿੱਧੇ ਤੌਰ ਤੇ ਪੈਨਸ਼ਨ ਪਾ ਦਿੱਤੀ ਜਾਂਦੀ ਹੈ। ਉਨਾਂ ਦੱਸਿਆ ਕਿ ਇਸ ਤਰ੍ਹਾਂ ਬਜ਼ੁਰਗਾਂ ਨੂੰ ਦਫ਼ਤਰ ਦੇ ਚੱਕਰ ਕੱਟਣ ਤੋਂ ਕਾਫ਼ੀ ਰਾਹਤ ਮਿਲਦੀ ਹੈ। ਇਸ ਮੌਕੇ ਸੰਕੇਤਕ ਤੌਰ ਤੇ ਜ਼ਿਲਾ ਪ੍ਰਬੰਧਕੀ ਕੰਪਲੈਕਸ ਵਿਖੇ ਕਰਵਾਏ ਗਏ ਸਮਾਗਮ ਦੌਰਾਨ 50 ਲਾਭਪਾਤਰੀਆਂ ਨੂੰ ਪੈਨਸ਼ਨ ਦੇ ਚੈਕ ਵੀ ਵੰਡੇ ਗਏ। ਇਸ ਮੌਕੇ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਸ: ਮਨਜਿੰਦਰ ਸਿੰਘ ਵੀ ਹਾਜ਼ਰ ਸਨ।
ਕੈਪਸ਼ਨ- ਜਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਵਧੀ ਹੋਈ ਪੈਨਸ਼ਨ ਸਬੰਧੀ ਹੋਏ ਸਮਾਗਮ ਵਿਚ ਚੇਅਰਮੈਨ ਜੁਗਲ ਕਿਸ਼ੋਰ ਸ਼ਰਮਾ, ਰਾਜ ਕੰਵਲ ਪ੍ਰੀਤ ਕੌਰ ਲੱਕੀ, ਕੌਂਸਲਰ ਵਿਕਾਸ ਸੋਨੀ ਅਤੇ ਵਧੀਕ ਡਿਪਟੀ ਕਮਿਸ਼ਨਰ ਸ੍ਰੀਮਤੀ ਰੂਹੀ ਡੱਗ ਲਾਭਪਾਤਰੀਆਂ ਨੂੰ ਚੈਕ ਵੰਡਦੇ ਹੋਏ।