ਅੰਮ੍ਰਿਤਸਰ ਵਿਖੇ 29 ਅਕਤੂਬਰ ਨੂੰ ਹੋਵੇਗੀ ‘ਬੀ.ਐੱਸ.ਐੱਫ ਮੈਰਾਥਨ-2022’
—ਫੁੱਲ ਮੈਰਾਥਨ, ਹਾਫ਼ ਮੈਰਾਥਨ ਅਤੇ 10 ਕਿਲੋਮੀਟਰ ਦੌੜ ਦੇ ਕਰਵਾਏ ਜਾਣਗੇ ਮੁਕਾਬਲੇ
—-ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਗੁਰਦਾਸਪੁਰ ਦੇ ਦੌੜਾਕਾਂ ਨੂੰ ‘ਬੀ.ਐੱਸ.ਐੱਫ ਮੈਰਾਥਨ-2022’ ਵਿੱਚ ਹਿੱਸਾ ਲੈਣ ਦੀ ਅਪੀਲ ਕੀਤੀ
ਗੁਰਦਾਸਪੁਰ, 20 ਅਕਤੂਬਰ-
‘ਅਜ਼ਾਦੀ ਕਾ ਅੰਮ੍ਰਿਤ ਮਹਾਉਤਸਵ’ ਨੂੰ ਸਮਰਪਿਤ ਬਾਰਡਰ ਸਕਿਓਰਿਟੀ ਫੋਰਸ ਵੱਲੋਂ ਮਿਤੀ 29 ਅਕਤੂਬਰ 2022 ਨੂੰ ਅੰਮਿਤਸਰ ਵਿਖੇ ‘ਬੀ.ਐੱਸ.ਐੱਫ ਮੈਰਾਥਨ-2022’ ਕਰਵਾਈ ਜਾ ਰਹੀ ਹੈ। ਇਸ ਮੈਰਾਥਨ ਦੌੜ ਦੀ ਟੈਗ ਲਾਈਨ “ਹੈਂਡ ਇਨ ਹੈਂਡ ਵਿਦ ਬਾਰਡਰ ਪਾਪੂਲੇਸ਼ਨ” ਹੋਵੇਗੀ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸ. ਕੁਲਵਿੰਦਰ ਸਿੰਘ, ਕਮਾਂਡੈਂਟ, ਬੀ.ਐੱਸ.ਐੱਫ ਨੇ ਦੱਸਿਆ ਹੈ ਕਿ 29 ਅਕਤੂਬਰ ਨੂੰ ਅੰਮ੍ਰਿਤਸਰ ਵਿਖੇ ਫੁੱਲ ਮੈਰਾਥਨ 42.195 ਕਿਲੋਮੀਟਰ, ਹਾਫ ਮੈਰਾਥਨ 21.097 ਕਿਲੋਮੀਟਰ ਅਤੇ 10 ਕਿਲੋਮੀਟਰ ਦੌੜ ਕਰਵਾਈ ਜਾਵੇਗੀ, ਜਿਸ ਵਿੱਚ ਮਰਦ ਅਤੇ ਔਰਤ ਦੋਵੇਂ ਵਰਗਾਂ ਦੇ ਦੌੜਾਕ ਹਿੱਸਾ ਲੈ ਸਕਦੇ ਹਨ।
ਕਮਾਂਡੈਂਟ ਕੁਲਵਿੰਦਰ ਸਿੰਘ ਨੇ ਦੱਸਿਆ ਕਿ 29 ਅਕਤੂਬਰ ਨੂੰ ਫੁੱਲ ਮੈਰਾਥਨ ਗੋਲਡਨ ਗੇਟ ਅੰਮ੍ਰਿਤਸਰ ਤੋਂ ਸਵੇਰੇ 5:00 ਵਜੇ ਸ਼ੁਰੂ ਹੋਵੇਗੀ। ਹਾਫ਼ ਮੈਰਾਥਨ ਵਾਰ ਮੈਮੋਰੀਅਲ ਅੰਮ੍ਰਿਤਸਰ ਤੋਂ ਸਵੇਰੇ 6:20 ਵਜੇ ਸ਼ੁਰੂ ਹੋਵੇਗੀ ਅਤੇ 10 ਕਿਲੋਮੀਟਰ ਦੌੜ ਸਵੇਰੇ 6:30 ਵਜੇ ਪਿੰਡ ਲਹੌਰੀ ਮੱਲ, ਅਟਾਰੀ ਰੋਡ ਤੋਂ ਸ਼ੁਰੂ ਹੋਵੇਗੀ। ਉਨ੍ਹਾਂ ਕਿਹਾ ਕਿ ਸਾਰੇ ਦੌੜਾਕ ਮੈਰਾਥਨ ਸ਼ੁਰੂ ਹੋਣ ਤੋਂ ਇੱਕ ਘੰਟਾ ਪਹਿਲਾਂ ਸ਼ੁਰੂਆਤੀ ਸਥਾਨ ’ਤੇ ਰੀਪੋਰਟ ਕਰਨ। ਇਹ ਤਿੰਨੇ ਮੈਰਾਥਨ ਦੌੜਾਂ ਅਟਾਰੀ-ਵਾਗਹਾ ਸਰਹੱਦ ’ਤੇ ਖਤਮ ਹੋਣਗੀਆਂ।
ਕਮਾਂਡੈਂਟ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਫੁੱਲ ਮੈਰਾਥਨ ਵਿੱਚ ਪਹਿਲੇ ਸਥਾਨ ’ਤੇ ਆਉਣ ਵਾਲੇ ਦੌੜਾਕ ਨੂੰ (ਔਰਤ ਅਤੇ ਮਰਦ ਗਰੁੱਪ ਵਿੱਚ ਵੱਖ-ਵੱਖ) 1 ਲੱਖ ਰੁਪਏ ਨਕਦ ਇਨਾਮ ਦਿੱਤਾ ਜਾਵੇਗਾ। ਦੂਸਰੇ ਸਥਾਨ ’ਤੇ ਆਉਣ ਵਾਲੇ ਨੂੰ 50,000 ਰੁਪਏ, ਤੀਸਰੇ ਸਥਾਨ ’ਤੇ ਆਉਣ ਵਾਲੇ ਨੂੰ 30,000 ਰੁਪਏ, ਚੌਥੇ ਸਥਾਨ ’ਤੇ ਆਉਣ ਵਾਲੇ ਨੂੰ 20,000 ਰੁਪਏ ਅਤੇ ਪੰਜਵੇਂ ਸਥਾਨ ’ਤੇ ਆਉਣ ਵਾਲੇ ਦੌੜਾਕ ਨੂੰ 10,000 ਰੁਪਏ ਦਾ ਨਕਦ ਇਨਾਮ ਦਿੱਤਾ ਜਾਵੇਗਾ।
ਹਾਫ਼ ਮੈਰਾਥਨ ਵਿੱਚ ਪਹਿਲੇ ਸਥਾਨ ’ਤੇ ਆਉਣ ਵਾਲੇ ਦੌੜਾਕ ਨੂੰ (ਔਰਤ ਅਤੇ ਮਰਦ ਗਰੁੱਪ ਵਿੱਚ ਵੱਖ-ਵੱਖ) 50,000 ਰੁਪਏ ਨਕਦ ਇਨਾਮ ਦਿੱਤਾ ਜਾਵੇਗਾ। ਦੂਸਰੇ ਸਥਾਨ ’ਤੇ ਆਉਣ ਵਾਲੇ ਨੂੰ 30,000 ਰੁਪਏ, ਤੀਸਰੇ ਸਥਾਨ ’ਤੇ ਆਉਣ ਵਾਲੇ ਨੂੰ 20,000, ਚੌਥੇ ਸਥਾਨ ’ਤੇ ਆਉਣ ਵਾਲੇ ਨੂੰ 10,000 ਅਤੇ ਪੰਜਵੇਂ ਸਥਾਨ ’ਤੇ ਆਉਣ ਵਾਲੇ ਦੌੜਾਕ ਨੂੰ 5,000 ਰੁਪਏ ਦਾ ਨਕਦ ਇਨਾਮ ਦਿੱਤਾ ਜਾਵੇਗਾ।
10 ਕਿਲੋਮੀਟਰ ਦੌੜ ਵਿੱਚ ਪਹਿਲੇ ਸਥਾਨ ’ਤੇ ਆਉਣ ਵਾਲੇ ਦੌੜਾਕ ਨੂੰ (ਔਰਤ ਅਤੇ ਮਰਦ ਗਰੁੱਪ ਵਿੱਚ ਵੱਖ-ਵੱਖ) 25,000 ਰੁਪਏ ਨਕਦ ਇਨਾਮ ਦਿੱਤਾ ਜਾਵੇਗਾ। ਦੂਸਰੇ ਸਥਾਨ ’ਤੇ ਆਉਣ ਵਾਲੇ ਦੌੜਾਕ ਨੂੰ 15,000 ਰੁਪਏ, ਤੀਸਰੇ ਸਥਾਨ ’ਤੇ ਆਉਣ ਵਾਲੇ ਨੂੰ 10,000, ਚੌਥੇ ਤੇ ਪੰਜਵੇਂ ਸਥਾਨ ’ਤੇ ਆਉਣ ਵਾਲੇ ਦੌੜਾਕਾਂ ਨੂੰ 5,000-5,000 ਰੁਪਏ ਦਾ ਨਕਦ ਇਨਾਮ ਦਿੱਤਾ ਜਾਵੇਗਾ।
ਡਿਪਟੀ ਕਮਿਸ਼ਨਰ ਗੁਰਦਾਸਪੁਰ ਜਨਾਬ ਮੁਹੰਮਦ ਇਸ਼ਫ਼ਾਕ ਨੇ ਜ਼ਿਲ੍ਹਾ ਗੁਰਦਾਸਪੁਰ ਦੇ ਨੌਜਵਾਨ ਲੜਕੇ/ਲੜਕੀਆਂ, ਦੌੜਾਕਾਂ ਨੂੰ ਅਪੀਲ ਕੀਤੀ ਹੈ ਕਿ ਉਹ 29 ਅਕਤੂਬਰ 2022 ਨੂੰ ਅੰਮ੍ਰਿਤਸਰ ਵਿਖੇ ‘ਬੀ.ਐੱਸ.ਐੱਫ ਮੈਰਾਥਨ-2022’ ਵਿੱਚ ਭਾਗ ਜਰੂਰ ਲੈਣ।