ਤਰਨਤਾਰਨ, 8 ਸਤੰਬਰ 2021 ਪੰਜਾਬ ਸਰਕਾਰ ਵੱਲੋਂ ਕੋਰੋਨਾ ਤੋਂ ਬਚਾਅ ਲਈ ਆਪਣੇ ਨਾਗਰਿਕਾਂ ਨੂੰ ਕੋਰੋਨਾ ਤੋਂ ਬਚਾਅ ਦੇ ਟੀਕੇ ਲਗਾਉਣ ਲਈ ਲਗਾਤਾਰ ਯਤਨ ਜਾਰੀ ਹਨ। ਇਸ ਲੜੀ ਤਹਿਤ ਅੱਜ ਜਿਲ੍ਹੇ ਵਿਚ 94 ਥਾਵਾਂ ਉਤੇ ਕੈਂਪ ਲਗਾ ਕੇ ਲੋਕਾਂ ਨੂੰ ਕੋਰੋਨਾ ਤੋਂ ਬਚਾਅ ਦੇ ਟੀਕੇ ਲਗਾਏ ਗਏ। ਇਹ ਜਾਣਕਾਰੀ ਦਿੰਦੇ ਡਿਪਟੀ ਕਮਿਸ਼ਨਰ ਸ. ਕੁਲਵੰਤ ਸਿੰਘ ਨੇ ਦੱਸਿਆ ਕਿ ਅੱਜ ਸਾਡੇ ਜਿਲ੍ਹੇ ਵਿਚ ਪਹਿਲੀ ਵਾਰ 30 ਹਜ਼ਾਰ ਕੋਰੋਨਾ ਦਾ ਟੀਕਾ ਆਇਆ ਹੈ, ਜਿਸ ਨੂੰ ਲੋਕਾਂ ਤੱਕ ਪਹੁੰਚਾਉਣ ਲਈ ਸਿਹਤ ਵਿਭਾਗ ਦੀਆਂ ਟੀਮਾਂ ਨੇ 94 ਸਥਾਨਾਂ ਉਤੇ ਕੈਂਪ ਲਗਾਏ। ਉਨਾਂ ਦੱਸਿਆ ਕਿ ਅੱਜ ਇਕ ਦਿਨ ਵਿਚ ਹੀ ਜਿਲ੍ਹੇ ਵਿਚ 18466 ਟੀਕੇ ਲਗਾਏ ਗਏ ਹਨ। ਡਿਪਟੀ ਕਮਿਸ਼ਨਰ ਨੇ ਜਿਲਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਕਰੋਨਾ ਤੋਂ ਬਚਣ ਲਈ ਵੈਕਸੀਨ ਜ਼ਰੂਰ ਲਗਾਉਣ, ਕਿਉਂਕਿ ਹੁਣ ਤੱਕ ਹੋਈ ਖੋਜ ਤੋਂ ਇਹ ਸਪੱਸ਼ਟ ਹੈ ਕਿ ਵੈਕਸੀਨ ਲਗਾਉਣ ਵਾਲਿਆਂ ਨੂੰ ਕਰੋਨਾ ਤੋਂ ਜ਼ਿਆਦਾ ਖਤਰਾ ਨਹੀਂ ਰਹਿੰਦਾ, ਜੇਕਰ ਕਰੋਨਾ ਹੁੰਦਾ ਵੀ ਹੈ ਤਾਂ ਉਹ ਗੰਭੀਰ ਬਿਮਾਰ ਨਹੀਂ ਹੁੰਦੇ। ਇਸ ਮੌਕੇ ਮੀਟਿੰਗ ਵਿਚ ਹਾਜ਼ਰ ਡਾਕਟਰ ਸਾਹਿਬਾਨ ਨੇ ਵੀ ਦੱਸਿਆ ਕਿ ਇਸ ਵੇਲੇ ਮੁੰਬਈ ਦੇ ਹਸਪਤਾਲ ਵਿਚ ਜਿੰਨਾ ਲੋਕਾਂ ਨੂੰ ਕਰੋਨਾ ਕਾਰਨ ਵੈਂਟੀਲੇਟਰ ਉਤੇ ਰੱਖਿਆ ਗਿਆ ਹੈ, ਉਹ ਸਾਰੇ ਉਹ ਲੋਕ ਹਨ, ਜਿੰਨਾ ਨੇ ਕਰੋਨਾ ਤੋਂ ਬਚਣ ਲਈ ਇਕ ਵੀ ਟੀਕਾ ਨਹੀਂ ਲਗਵਾਇਆ। ਇਸ ਲਈ ਜਰੂਰੀ ਹੈ ਕਿ ਕਰੋਨਾ ਤੋਂ ਬਚਣ ਲਈ ਟੀਕਾ ਜ਼ਰੂਰ ਲਗਵਾ ਲਿਆ ਜਾਵੇ।
ਉਨ੍ਹਾਂ ਦੱਸਿਆ ਕਿ ਅੱਜ ਸਿਹਤ ਵਿਭਾਗ ਦੀਆਂ ਟੀਮਾਂ ਨੇ 1436 ਕੋਰੋਨਾ ਟੈਸਟ ਵੀ ਕੀਤੇ, ਜਿਨ੍ਹਾਂ ਵਿੱਚੋਂ 299 ਨੈਗਟਿਵ ਆਏ, ਜਦਕਿ 1137 ਦਾ ਨਤੀਜਾ ਅੰਮਿ੍ਤਸਰ ਲੈਬ ਤੋਂ ਆਉਣਾ ਅਜੇ ਬਾਕੀ ਹੈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਹੁਣ ਤੱਕ 357920 ਲੋਕਾਂ ਦੇ ਕੋਰੋਨਾ ਟੈਸਟ ਜਿਲੇ ਵਿੱਚ ਹੋਏ ਹਨ, ਜਿਨ੍ਹਾਂ ਵਿੱਚੋਂ 8012 ਪਾਜੀਟਵ ਕੇਸ ਆਏ। ਇਨ੍ਹਾਂ ਵਿੱਚੋਂ 7627 ਮਰੀਜ਼ ਠੀਕ ਹੋ ਕੇ ਘਰਾਂ ਨੂੰ ਜਾ ਚੁੱਕੇ ਹਨ।