ਰੂਪਨਗਰ 27 ਜੁਲਾਈ 2021
ਸਕੂਲ ਸਿੱਖਿਆ ਵਿਭਾਗ ਵੱਲੋਂ ਸਿੱਖਿਆ ਮੰਤਰੀ ਵਿਜੇ ਇੰਦਰ ਸਿੰਗਲਾ ਦੀ ਰਹਿਨੁਮਾਈ ਅਤੇ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਦੀ ਅਗਵਾਈ ਹੇਠ ਅੱਪਰ ਪ੍ਰਾਇਮਰੀ ਸਕੂਲਾਂ ਦੀ ਦੋ ਰੋਜ਼ਾ ਮਾਪੇ ਅਧਿਆਪਕ ਮਿਲਣੀ ਕਰਵਾਈ ਗਈ।
ਰਾਜ ਕੁਮਾਰ ਖੋਸਲਾ ਜਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਅਤੇ ਸੁਰਿੰਦਰ ਪਾਲ ਸਿੰਘ ਉਪ ਜਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਵਿਦਿਆਰਥੀਆਂ ਦੀ ਬਿਹਤਰੀਨ ਪੜ੍ਹਾਈ ਲਈ ਅਧਿਆਪਕਾਂ ਅਤੇ ਵਿਦਿਆਰਥੀਆਂ ਦੀ ਮਿਹਨਤ ਦੇ ਨਾਲ ਨਾਲ ਮਾਪਿਆਂ ਦਾ ਸਹਿਯੋਗ ਬੇਹੱਦ ਜਰੂਰੀ ਹੁੰਦਾ ਹੈ।ਮਾਪਿਆਂ ਨਾਲ ਉਹਨਾਂ ਦੇ ਬੱਚਿਆਂ ਦੀਆਂ ਪ੍ਰਾਪਤੀਆਂ ਅਤੇ ਕਮੀਆਂ ਬਾਰੇ ਵਿਚਾਰ ਵਟਾਂਦਰਾ ਕਰਦਿਆਂ ਭਵਿੱਖ ਦੀ ਯੋਜਨਾ ਬਣਾਉਣ ਲਈ ਵਿਭਾਗੀ ਹਦਾਇਤਾਂ ਅਨੁਸਾਰ ਸਮੂਹ ਮਿਡਲ,ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲਾਂ ‘ਚ 6ਵੀਂ ਤੋਂ 12ਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਦੇ ਮਾਪਿਆਂ ਨਾਲ ਦੋ ਰੋਜ਼ਾ ਮਾਪੇ ਅਧਿਆਪਕ ਮਿਲਣੀ ਕੀਤੀ ਗਈ।
ਸਿੱਖਿਆ ਅਧਿਕਾਰੀਆਂ ਨੇ ਦੱਸਿਆ ਕਿ ਜਿਲ੍ਹੇ ਦੇ ਸਮੂਹ ਸਕੂਲਾਂ ‘ਚ ਮਾਪਿਆਂ ਦੀ ਸ਼ਮੂਲੀਅਤ ਉਤਸ਼ਾਹਜਨਕ ਰਹੀ ਅਤੇ ਅਧਿਆਪਕਾਂ ਵੱਲੋਂ ਸਕੂਲ ਪਹੁੰਚੇ ਮਾਪਿਆਂ ਨੂੰ ਉਹਨਾਂ ਦਗ ਬੱਚਿਆਂ ਵੱਲੋਂ ਜੁਲਾਈ ਮਹੀਨੇ ਦੀ ਆਨਲਾਈਨ ਪ੍ਰੀਖਿਆ ਦੀ ਕਾਰਗੁਜ਼ਾਰੀ ਤੋਂ ਜਾਣੂ ਕਰਵਾਇਆ ਗਿਆ।ਮਾਪਿਆਂ ਨੂੰ ਵਿਭਾਗ ਵੱਲੋਂ ਵਿਦਿਆਰਥੀਆਂ ਦੀ ਪੜ੍ਹਾਈ ਲਈ ਆਨਲਾਈਨ ਜਮਾਤਾਂ,ਦੂਰਦਰਸ਼ਨ ਤੋਂ ਜਮਾਤਾਂ ਅਤੇ ਐਜੂਕੇਅਰ ਐਪ ਆਦਿ ਦੇ ਕੀਤੇ ਜਾ ਰਹੇ ਉਪਰਾਲਿਆਂ ਤੋਂ ਵੀ ਜਾਣੂ ਕਰਵਾਇਆ ਗਿਆ।ਵਿਦਿਆਰਥੀਆਂ ਨੂੰ ਉਪਲਬਧ ਕਰਵਾਈ ਗਈ ਸਹਾਇਕ ਪੜ੍ਹਨ ਸਮੱਗਰੀ ਬਾਰੇ ਜਾਣਕਾਰੀ ਦਿੰਦਿਆਂ ਬੱਚਿਆਂ ਨੂੰ ਇਸ ਦੇ ਵੱਧ ਤੋਂ ਵੱਧ ਇਸਤੇਮਾਲ ਲਈ ਪ੍ਰੇਰਿਤ ਕਰਨ ਲਈ ਵੀ ਕਿਹਾ ਗਿਆ।ਮਾਪਿਆਂ ਨੂੰ ਵਿਦਿਆਰਥੀਆਂ ਦੀ ਹੋਣ ਵਾਲੇ ਨੈਸ਼ਨਲ ਅਚੀਵਮੈਂਟ ਸਰਵੇ ਟੈਸਟ ਬਾਰੇ ਵੀ ਦੱਸਿਆ ਗਿਆ।ਮਾਪਿਆਂ ਦੇ ਨਾਲ ਨਾਲ ਸਕੂਲਾਂ ‘ਚ ਪਹੁੰਚੇ ਸਕੂਲ ਮੈਨੇਜਮੈਂਟ ਕਮੇਟੀ ਮੈਂਬਰਾਂ, ਪੰਚਾਇਤੀ ਨੁਮਾਇੰਦਿਆਂ, ਕਲੱਬ ਮੈਂਬਰਾਂ ਅਤੇ ਸਮਾਜ ਦੀਆਂ ਹੋਰ ਮੋਹਤਬਰ ਸਖਸ਼ੀਅਤਾਂ ਨੂੰ ਪਿਛਲੇ ਦਿਨੀਂ ਪ੍ਰਫਾਰਮੈਂਸ ਗਰੇਡਿੰਗ ਇੰਡੈਕਸ ਵਿੱਚ ਪੰਜਾਬ ਵੱਲੋਂ ਸਕੂਲ ਸਿੱਖਿਆ ਖੇਤਰ ‘ਚ ਦੇਸ਼ ਭਰ ਵਿੱਚੋ ਪ੍ਰਾਪਤ ਕੀਤੀ ਪਹਿਲੀ ਪੁਜੀਸ਼ਨ ਬਾਰੇ ਵੀ ਦੱਸਿਆ ਗਿਆ।