ਅੱਸੂ- ਕੱਤਕ ਮੌਸਮ ਦੌਰਾਨ ਗੰਨੇ ਦੀ ਫਸਲ ਵਿੱਚ ਅੰਤਰ ਫਸਲਾਂ ਦੀ ਬਿਜਾਈ ਕਰਕੇ ਆਮਦਨ ਵਿੱਚ ਵਾਧਾ ਕੀਤਾ ਜਾ ਸਕਦਾ: ਸਹਾਇਕ ਗੰਨਾ ਵਿਕਾਸ ਅਫਸਰ

ਗੁਰਦਾਸਪੁਰ ਸਹਿਕਾਰੀ ਖੰਡ ਮਿੱਲ ਲਿਮਟਿਡ ਦੇ ਫੀਲਡ ਸਟਾਫ ਨੂੰ ਗੰਨੇ ਦੀ ਕਾਸਤ ਸੰਬੰਧੀ ਤਕਨੀਕੀ ਜਾਣਕਾਰੀ ਦੇਣ ਲਈ ਵਿਸ਼ੇਸ਼ ਮੀਟਿੰਗ
ਗੁਰਦਾਸਪੁਰ, 12 ਅਗਸਤ 2021 ਡਾ.ਸੁਖਦੇਵ ਸਿੰਘ ਸਿੱਧੂ ਡਾਇਰੈਕਟਰ ਖੇਤੀਬਾਵੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ ਦੇ ਹੁਕਮਾਂ ਅਤੇ ਗੁਰਵਿੰਦਰ ਸਿੰਘ ਖਾਲਸਾ ਗੰਨਾ ਕਮਿਸ਼ਨਰ ਪੰਜਾਬ ਸਰਕਾਰ ਦੀ ਅਗਵਾਈ ਹੇਠ ਪੱਤਝੜ ਰੁੱਤ ਦੇ ਗੰਨੇ ਦੀ ਬਿਜਾਈ ਦੀਆਂ ਨਵੀਨਤਮ ਕਾਸ਼ਤਕਾਰੀ ਤਕਨੀਕਾਂ ਬਾਰੇ ਫੀਲਡ ਸਟਾਫ ਨੂੰ ਤਕਨੀਕੀ ਤੌਰ ਤੇ ਮਜ਼ਬੂਤ ਕਰਨ ਲਈ ਗੁਰਦਾਸਪੁਰ ਸਹਿਕਾਰੀ ਖੰਡ ਮਿੱਲ ਲਿਮਟਿਡ ਦੇ ਫੀਲਡ ਸਟਾਫ ਦੀ ਮੀਟਿੰਗ ਕਾਨਫਰੰਸ ਹਾਲ ਖੰਡ ਮਿੱਲ ਵਿੱਚ ਹੋਈ,ਜਿਸ ਵਿੱਚ ਡਾ. ਅਮਰੀਕ ਸਿੰਘ ਸਹਾਇਕ ਗੰਨਾ ਵਿਕਾਸ ਅਫਸਰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਗੁਰਦਾਸਪੁਰ ਨੇ ਫੀਲਡ ਸਟਾਫ ਨਾਲ ਗੰਨੇ ਦੀ ਬਿਜਾਈ ਸੰਬੰਧੀ ਤਕਨੀਕੀ ਨੁਕਤੇ ਸਾਂਝੇ ਕੀਤੇ । ਇਸ ਮੌਕੇ ਹੋਰਂਾ ਤੋਂ ਇਲਾਵਾ ਡਾ. ਅਰਵਿੰਦਰ ਸਿੰਘ ਕੈਰੋਂ ਮੁੱਖ ਗੰਨਾ ਵਿਕਾਸ ਅਫਸਰ, ਡਾ. ਪਰਮਿੰਦਰ ਕੁਮਾਰ ਖੇਤੀਬਾੜੀ ਵਿਕਾਸ ਅਫਸਰ(ਗੰਨਾ),ਸ਼੍ਰੀ ਰਾਜ ਕਮਲ, ਅਸ਼ੋਕ ਕੁਮਾਰ,ਦਿਆਨ ਸਿੰਘ,ਬਲਜਿੰਦਰ ਸਿੰਘ,ਸਤਨਾਮ ਸਿੰਘ,ਰਵਿੰਦਰ ਸਿੰਗ ,ਹਰਮਨਜੋਤ ਸਿੰਘ ਸਮੇਤ ਸਮੂਹ ਫੀਲਡ ਸਟਾਫ ਹਾਜ਼ਰ ਸੀ।
ਮੀਟਿੰਗ ਨੂੰ ਸੰਬੋਧਨ ਕਰਦਿਆਂ ਡਾ. ਅਮਰੀਕ ਸਿੰਘ ਨੇ ਕਿਹਾ ਕਿ ਸਹਿਕਾਰੀ ਖੰਡ ਮਿੱਲ ਦੇ ਸਮੁੱਚੇ ਫੀਲਡ ਸਟਾਫ ਵੱਲੋਂ ਪੂਰੀ ਮਿਹਨਤ ਅਤੇ ਲਗਣ ਨਾਲ ਗੰਨਾ ਕਾਸ਼ਤਕਾਰਾਂ ਨਾਲ ਸੰਪਰਕ ਬਣਾ ਕੇ ਤਕਨੀਕੀ ਜਾਣਕਾਰੀ ਦਿੱਤੀ ਜਾ ਰਹੀ ਹੈ। ਉਨਾਂ ਕਿਹਾ ਕਿ ਗੰਨੇ ਦੀ ਪ੍ਰਤੀ ਹੈਕਟੇਅਰ ਵਧੇਰੇ ਆਮਦਨ ਲੈਣ ਲਈ ਗੰਨਾ ਕਾਸਤਕਾਰਾਂ ਨੂੰ ਅੱਸੂ ਕੱਤਕ ਦੀ ਬਿਜਾਈ ਵਿੱਚ ਹੋਰ ਫਸਲਾਂ ਦੀ ਬਤੌਰ ਅੰਤਰ ਫਸਲਾਂ ਦੀ ਕਾਸਤ ਕਰਨ ਲਈ ਪ੍ਰੇਰਿਤ ਕੀਤਾ ਜਾਣਾ ਚਾਹੀਦਾ ਹੈ।ਉਨਾਂ ਕਿਹਾ ਕਿ ਪੱਤਝੜ ਮੌਸਮ ਦੇ ਗੰਨੇ ਦੀ ਫਸਲ ਵਿੱਚ ਨਾਲੋ ਨਾਲ ਹੋਰ ਫ਼ਸਲਾਂ ਬੀਜ ਕੇ ਇਸ ਨੂੰ ਬੜੀ ਸਫ਼ਲਤਾ ਨਾਲ ਉਗਾਇਆ ਜਾ ਸਕਦਾ ਹੈ। ਉਨਾਂ ਕਿਹਾ ਕਿ ਪੱਤਝੜ ਰੁੱਤ ਦੇ ਕਮਾਦ ਵਿੱਚ ਹੋਰ ਫ਼ਸਲਾਂ ਬੀਜਣ ਨਾਲ ਉਤਪਾਦਕਤਾ ਵਿੱਚ ਵਾਧਾ ਹੁੰਦਾ ਹੈ ਅਤੇ ਵਧੇਰੇ ਮੁਨਾਫਾ ਲਿਆ ਜਾ ਸਕਦਾ ਹੈ।
ਉਨਾਂ ਕਿਹਾ ਕਿ ਅੱਸੂ ਕੱਤਕ ਦੇ ਗੰਨੇ ਦੀ ਫਸਲ ਲਈ ਸੀ ਓ ਪੀ ਬੀ 95, ਸੀ ਓ ਪੀ ਬੀ 96, ਸੀ ਓ 15023, ਸੀ ਓ ਪੀ ਬੀ 92, ਸੀ ਓ 118, ਸੀ ਓ ਜੇ 85 ਅਤੇ ਸੀ ਓ ਜੇ 64 ਕਿਸਮਾਂ ਦੀ ਬਿਜਾਈ ਕਰਨੀ ਚਾਹੀਦੀ ਹੈ। ਉਨਾਂ ਕਿਹਾ ਕਿ ਗੰਨਾ ਕਾਸ਼ਤਕਾਰਾਂ ਨੂੰ ਅੰਤਰ ਫਸਲਾਂ ਦੀ ਕਾਸ਼ਤ ਅਤੇ ਬਿਜਾਈ ਤੋਂ ਪਹਿਲਾਂ ਸੋਧ ਲਈ ਪ੍ਰੇਰਿਤ ਕਰਕੇ ਬੇਹਤਰ ਕਾਰਗੁਜ਼ਾਰੀ ਦਿਖਾਉਣ ਵਾਲੇ ਫੀਲਡ ਸਟਾਫ ਮੈਂਬਰ ਨੂੰ ਸਨਮਾਨਿਤ ਕੀਤਾ ਜਾਵੇਗਾ।
ਡਾ. ਅਰਵਿੰਦਰ ਸਿੰਘ ਕੈਰੋ ਨੇ ਕਿਹਾ ਕਿ ਕਮਾਦ ਦੀ ਕਾਸ਼ਤ ਵਿੱਚ ਮਸ਼ੀਨੀਕਰਨ ਜਿਵੇਂ ਬਿਜਾਈ,ਮੂਢੀ ਫਸਲ ਦਾ ਪ੍ਰਬੰਧ ਅਤੇ ਕਟਾਈ ਆਦਿ ਨੂੰ ਉਤਸ਼ਾਹਿਤ ਕਰਨਾ ਬਹੁਤ ਜ਼ਰੂਰੀ ਹੈ ਤਾਂ ਜੋ ਕਮਾਦ ਦੀ ਕਾਸ਼ਤ ਦੇ ਖੇਤੀ ਲਾਗਤ ਖਰਚੇ ਘਟਾ ਕੇ ਸ਼ੁੱਧ ਆਮਦਨ ਵਿੱਚ ਵਾਧਾ ਕੀਤਾ ਜਾ ਸਕੇ।
ਡਾ. ਪਰਮਿੰਦਰ ਕੁਮਾਰ ਨੇ ਕਿਹਾ ਕਿ ਬੀਜ ਦਾ ਜੰਮ ਵਧਾਉਣ ਲਈ ਗੰਨੇ ਦੇ ਬੀਜ ਨੂੰ, ਬਿਜਾਈ ਤੋਂ ਪਹਿਲਾਂ ਬੀਜ ਨੂੰ ਈਥਰਲ ਦੇ ਘੋਲ ਵਿੱਚ ਪੂਰੀ ਰਾਤ ਡੋਬਣ ਉਪਰੰਤ ਬਿਜਾਈ ਕਰਨੀ ਚਾਹੀਦੀ ਹੈ। ਉਨਾਂ ਕਿਹਾ ਕਿ ਇਹ ਘੋਲ ਬਨਾਉਣ ਲਈ 25 ਮਿਲੀਲਿਟਰ ਈਥਰਲ 39 ਐਸ ਐਲ ਨੂੰ 100 ਲਿਟਰ ਪਾਣੀ ਵਿੱਚ ਘੋਲੋ ਅਤੇ ਬੀਜ ਨੂੰ ਬਿਜਾਈ ਤੋਂ ਪਹਿਲਾਂ 24 ਘੰਟੇ ਪਾਣੀ ਵਿੱਚ ਡੋਬ ਕੇ ਰੱਖੋ। ਸਮੂਹ ਸਟਾਫ ਨੇ ਯਕੀਨ ਦਵਾਇਆ ਕਿ ਗੰਨਾ ਕਾਸਤਕਾਰਾਂ ਤੱਕ ਗੰਨੇ ਦੀ ਕਾਸਤ ਸਬੰਧੀ ਤਕਨੀਕੀ ਜਾਣਕਾਰੀ ਪਹੁੰਚਾਉਣ ਵਿੱਚ ਕੋਈ ਕਸਰ ਨਹੀਂ ਛੱਡੀ ਜਾਵੇਗੀ।

 

Spread the love