ਆਈਆਈਟੀ ਰੋਪੜ ਵਿਖੇ “ਪੰਜਾਬ ਸੰਵਾਦ” ਪ੍ਰੋਗਰਾਮ ਤਹਿਤ “ਸਿਹਤ ਅਤੇ ਸਿੱਖਿਆ ਦੀ ਖੁਸ਼ਹਾਲੀ” ਵਿਸ਼ੇ ਤੇ ਕਰਵਾਇਆ ਸੰਮੇਲਨ

— ਉੱਘੇ ਸਿੱਖਿਆ ਸ਼ਾਸਤਰੀਆਂ ਅਤੇ ਚਿੰਤਕਾਂ ਨੇ ਆਪਣੇ ਵਿਚਾਰ ਕੀਤੇ ਸਾਂਝੇ
ਰੂਪਨਗਰ, 5 ਦਸੰਬਰ:
ਇੰਡੀਅਨ ਇੰਸਟੀਚਿਊਟ ਆਫ਼ ਟੈਕਨਾਲੋਜੀ ਰੋਪੜ ਵੱਲੋਂ ਭਾਰਤੀ ਸਿੱਖਿਆ ਮੰਡਲ ਦੇ ਸਹਿਯੋਗ ਨਾਲ ‘ਪੰਜਾਬ ਸੰਵਾਦ’ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ ਜਿਸ ਦੇ ਤਹਿਤ “ਸਿਹਤ ਅਤੇ ਸਿੱਖਿਆ ਦੀ ਖੁਸ਼ਹਾਲੀ” ਵਿਸ਼ੇ ਤੇ ਇੱਕ ਰੋਜ਼ਾ ਸੰਮੇਲਨ ਕੀਤਾ ਗਿਆ।
ਇਸ ਪ੍ਰੋਗਰਾਮ ਦੀ ਸ਼ੁਰੂਆਤ ਆਈਆਈਟੀ ਰੋਪੜ ਦੇ ਡਾਇਰੈਕਟਰ ਸ਼੍ਰੀ ਰਾਜੀਵ ਆਹੂਜਾ ਦੀ ਅਗਵਾਈ ਹੇਠ ਹੋਈ।
ਇਸ ਇੱਕ ਰੋਜ਼ਾ ਸੰਮੇਲਨ ਦੌਰਾਨ ਭਾਰਤੀ ਸਿੱਖਿਆ ਮੰਡਲ ਦੇ ਰਾਸ਼ਟਰੀ ਜਥੇਬੰਦਕ ਸਕੱਤਰ ਸ਼੍ਰੀ ਸ਼ੰਕਰਾਨੰਦ ਜੀ ਨੇ ਆਪਣਾ ਸੰਦੇਸ਼ ਦਿੱਤਾ। ਇਸ ਮੌਕੇ ਆਈ.ਕੇ.ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ, ਕਪੂਰਥਲਾ ਦੇ ਸਾਬਕਾ ਵਾਈਸ ਚਾਂਸਲਰ ਸ਼੍ਰੀ ਰਜਨੀਸ਼ ਅਰੋੜਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ, ਜਦਕਿ ਸੈਂਟਰਲ ਯੂਨੀਵਰਸਿਟੀ ਆਫ਼ ਪੰਜਾਬ, ਬਠਿੰਡਾ ਦੇ ਵਾਈਸ ਚਾਂਸਲਰ ਪ੍ਰੋ: ਰਾਘਵੇਂਦਰ ਪ੍ਰਸ਼ਾਦ ਤਿਵਾੜੀ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ।
ਸਮਾਗਮ ਦੀ ਸ਼ੁਰੂਆਤ ਸ਼ਮ੍ਹਾਂ ਰੌਸ਼ਨ ਕਰ ਕੇ ਕੀਤੀ ਗਈ ਅਤੇ ਪ੍ਰੋਗਰਾਮ ਦੇ ਆਰੰਭ ਵਿੱਚ ਸਹਿ ਸੰਗਠਨ ਮੰਤਰੀ ਬੀ.ਐੱਸ.ਐੱਮ. ਪੰਜਾਬ  ਪ੍ਰੋ: ਮਨਜੀਤ ਬਾਂਸਲ ਨੇ ਸਵਾਗਤ ਭਾਸ਼ਣ ਦਿੱਤਾ। ਇਸ ਤੋਂ ਬਾਅਦ ਆਈ.ਆਈ.ਟੀ ਰੋਪੜ ਦੇ ਡਾਇਰੈਕਟਰ ਪ੍ਰੋ. ਰਾਜੀਵ ਆਹੂਜਾ ਨੇ ਆਏ ਹੋਏ ਸਾਰੇ ਮਹਿਮਾਨਾਂ ਦਾ ਨਿੱਘਾ ਸਵਾਗਤ ਕੀਤਾ।
ਕਾਨਫਰੰਸ ਦੌਰਾਨ ਮੁੱਖ ਮਹਿਮਾਨ ਸ਼੍ਰੀ ਰਜਨੀਸ਼ ਅਰੋੜਾ ਨੇ ਸਮੁੱਚੇ ਪੰਜਾਬ ਰਾਜ ਦੇ ਵਿਕਾਸ ਨੂੰ ਪ੍ਰਭਾਵਿਤ ਕਰਨ ਵਾਲੇ ਵੱਖ-ਵੱਖ ਮੁੱਦਿਆਂ ਨੂੰ ਉਜਾਗਰ ਕਰਦੇ ਹੋਏ ਪ੍ਰੋਗਾਰਮ ਦਾ ਵਿਸ਼ਾ ਪੇਸ਼ ਕੀਤਾ। ਉਨ੍ਹਾਂ ਨੇ ਇਸ ਗੱਲ ਤੇ ਜ਼ੋਰ ਦਿੱਤਾ ਕਿ ਅਸੀਂ ਸਾਰੇ ਸਮੱਸਿਆਵਾਂ ‘ਤੇ ਚਰਚਾ ਕਰਨ ਦੀ ਬਜਾਏ ਉਨ੍ਹਾਂ ਦਾ ਹੱਲ ਲੱਭਣ ‘ਤੇ ਧਿਆਨ ਦਈਏ। ਪ੍ਰੋ: ਅਰੋੜਾ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਸਾਨੂੰ ਪਹਿਲਾਂ ਆਪਣੇ ਅੰਦਰ ਇਹ ਜਾਣਨ ਦੀ ਲੋੜ ਹੈ ਕਿ ਸਾਡੀਆਂ ਤਰਜੀਹਾਂ ਕੀ ਹਨ, ਕੀ ਮੇਰੀਆਂ ਤਰਜੀਹਾਂ ਮੈਨੂੰ ਭਾਰਤੀ ਗਿਆਨ ਪ੍ਰਣਾਲੀ ਦੀਆਂ ਬੁਨਿਆਦੀ ਕਦਰਾਂ-ਕੀਮਤਾਂ ਤੋਂ ਦੂਰ ਕਰ ਰਹੀਆਂ ਹਨ, ਜੇਕਰ ਇਹ ਸੱਚ ਹੈ ਤਾਂ ਸਾਨੂੰ ਆਪਣੇ ਵਿਹਾਰ ਵਿੱਚ ਸੁਧਾਰ ਕਰਨ ਦੀ ਲੋੜ ਹੈ, ਜੇਕਰ ਅਸੀਂ ਇਸ ਨੂੰ ਬੁਨਿਆਦੀ ਮਨੁੱਖੀ ਕਦਰਾਂ-ਕੀਮਤਾਂ ਨਾਲ ਠੀਕ ਕਰਾਂਗੇ, ਤਾਂ ਅਸੀਂ ਸਮਾਜ ਵਿੱਚ ਵੀ ਸੁਧਾਰ ਕਰ ਸਕਾਂਗੇ।
ਕਾਨਫ਼ਰੰਸ ਨੂੰ ਉੱਘੇ ਵਿਦਵਾਨ ਅਤੇ ਸੈਂਟਰਲ ਯੂਨੀਵਰਸਿਟੀ ਆਫ਼ ਪੰਜਾਬ ਦੇ ਵਾਈਸ ਚਾਂਸਲਰ ਪ੍ਰੋ: ਰਾਘਵੇਂਦਰ ਪ੍ਰਸ਼ਾਦ ਤਿਵਾੜੀ ਨੇ ਵੀ ਸੰਬੋਧਨ ਕੀਤਾ। ਉਨ੍ਹਾਂ ਸਮਕਾਲੀ ਸਮੱਸਿਆਵਾਂ ਨਾਲ ਨਜਿੱਠਣ ਲਈ ਭਾਰਤੀ ਗੁਰੂਕੁਲ ਪ੍ਰਣਾਲੀ ਦੀ ਵਕਾਲਤ ਕੀਤੀ ਅਤੇ ਸਿੱਖਣ ਪ੍ਰਣਾਲੀ ਨੂੰ ਵਿਕਸਤ ਕਰਨ ਲਈ ਭਾਰਤੀ ਗਿਆਨ ਪ੍ਰਣਾਲੀ ਦੀ ਮਹੱਤਤਾ ‘ਤੇ ਜ਼ੋਰ ਦਿੱਤਾ। ਪ੍ਰੋ: ਤਿਵਾੜੀ ਨੇ ਪੰਜਾਬ ਦੀਆਂ ਤਿੰਨ ਵੱਡੀਆਂ ਸਮੱਸਿਆਵਾਂ ਦੀ ਪਛਾਣ ਦੱਸਦਿਆਂ ਪ੍ਰਦੂਸ਼ਣ, ਪਰਿਵਰਤਨ ਅਤੇ ਪਰਵਾਸ ਵਰਗੀਆਂ ਚੁਣੌਤੀਆਂ ਨਾਲ ਨਜਿੱਠਣ ਲਈ ਸਮੂਹਿਕ ਯਤਨਾਂ ਦੀ ਮੰਗ ਕੀਤੀ।
ਭਾਰਤੀ ਸਿੱਖਿਆ ਮੰਡਲ ਦੇ ਰਾਸ਼ਟਰੀ ਸੰਗਠਨ ਸਕੱਤਰ ਸ਼੍ਰੀ ਸ਼ੰਕਰਾਨੰਦ ਜੀ ਨੇ ਮੁੱਖ ਸੰਦੇਸ਼ ਦਿੰਦੇ ਹੋਏ ਕਿਹਾ ਕਿ ਅਸੀਂ ਕਿੰਨੀ ਦੇਰ ਤੱਕ ਇੱਕੋ ਜਿਹੀਆਂ ਸਮੱਸਿਆਵਾਂ ਨਾਲ ਨਜਿੱਠਦੇ ਰਹਾਂਗੇ, ਕਦੋਂ ਅਸੀਂ ਤਬਦੀਲੀ ਪ੍ਰਾਪਤ ਕਰਾਂਗੇ, ਕਦੋਂ ਅਸੀਂ ਤਬਦੀਲੀ ਦੇ ਪੜਾਅ ਵੱਲ ਜਾਵਾਂਗੇ।  ਇਸ ਨੂੰ ਪ੍ਰਾਪਤ ਕਰਨ ਲਈ ਸਾਨੂੰ ਹਮਦਰਦ ਸਰਕਾਰ ਅਤੇ ਜਾਗਰੂਕ ਸਮਾਜ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਸਾਡੇ ਦੇਸ਼ ਭਾਰਤ ਨੇ ਕੋਵਿਡ 19 ਸੰਕਟ ਦੌਰਾਨ ਦੂਜੇ ਦੇਸ਼ਾਂ ਨੂੰ ਵੈਕਸੀਨ ਦਿੱਤੀ ਅਤੇ ਉਨ੍ਹਾਂ ਦੀ ਮਦਦ ਕੀਤੀ, ਇਹ ਦਰਸਾਉਂਦਾ ਹੈ ਕਿ ਭਾਰਤ ਪੂਰੇ ਸੰਸਾਰ ਨੂੰ ਆਪਣਾ ਪਰਿਵਾਰ ਸਮਝਦਾ ਹੈ ਜਿਵੇਂ ਸਾਡੇ ਵੇਦਾਂ ਵਿੱਚ ਜ਼ਿਕਰ ਕੀਤਾ ਗਿਆ ਹੈ: “ਵਾਸੁਦੇਵ ਕਟੁੰਬਕਮ” ਵਿਦਿਅਕ ਅਦਾਰੇ ਸਾਡੇ ਨੌਜਵਾਨਾਂ ਵਿੱਚ ਉਹੀ ਕਦਰਾਂ-ਕੀਮਤਾਂ ਪੈਦਾ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਜੇਕਰ ਸਾਡੇ ਨੌਜਵਾਨ ਦਇਆਵਾਨ ਹੋਣ ਤਾਂ ਉਹ ਪੰਜਾਬ ਦੀਆਂ ਸਮੱਸਿਆਵਾਂ ਦਾ ਹੱਲ ਕਰ ਸਕਦੇ ਹਨ।  ਜੇਕਰ ਅਸੀਂ ਵਿਸ਼ਵਾਸ਼ ਕਰੀਏ ਤਾਂ ਹੀ ਅਸੀਂ ਪੰਜਾਬ ਦੀਆਂ ਸਾਰੀਆਂ ਵੱਡੀਆਂ ਸਮੱਸਿਆਵਾਂ ਦਾ ਹੱਲ ਕਰ ਸਕਦੇ ਹਾਂ।  ਸਾਨੂੰ ਦ੍ਰਿੜ ਇਰਾਦੇ ਨਾਲ ਇਹ ਨਿਸ਼ਚਾ ਕਰਨਾ ਚਾਹੀਦਾ ਹੈ ਕਿ ਅਸੀਂ ਦ੍ਰਿੜ ਸੰਕਲਪ ਨਾਲ ਪੰਜ ਸਾਲਾਂ ਦੇ ਅੰਦਰ ਪੰਜਾਬ ਦੀਆਂ ਸਾਰੀਆਂ ਸਮੱਸਿਆਵਾਂ ਨੂੰ ਮਿਟਾ ਦੇਵਾਂਗੇ। ਉਨ੍ਹਾਂ ਨੇ ਆਈਆਈਟੀ ਰੋਪੜ ਨੂੰ ਇਸ ਪਹਿਲਕਦਮੀ ਲਈ ਵਧਾਈ ਦਿੱਤੀ।  ਜੇਕਰ ਪੰਜਾਬ ਦੇ ਸਾਰੇ ਵਿਦਿਅਕ ਅਦਾਰੇ ਇਕੱਠੇ ਹੋ ਜਾਣ ਤਾਂ ਅਸੀਂ ਅਜਿਹੀਆਂ ਸਾਰੀਆਂ ਸਮੱਸਿਆਵਾਂ ਨੂੰ ਜ਼ਰੂਰ ਦੂਰ ਕਰ ਦੇਵਾਂਗੇ,ਸਿਰਫ਼ ਨਿਰੰਤਰ ਯਤਨਾਂ ਦੀ ਲੋੜ ਹੈ।
ਡਾਇਰੈਕਟਰ ਆਈਆਈਟੀ  ਰੋਪੜ ਪ੍ਰੋ: ਰਾਜੀਵ ਆਹੂਜਾ ਨੇ ਰਸਮੀ ਤੌਰ ‘ਤੇ ਧੰਨਵਾਦ ਦਾ ਮਤਾ ਪੇਸ਼ ਕਰਦੇ ਹੋਏ, ਰੋਪੜ ਆਉਣ ਅਤੇ ਆਪਣਾ ਕੀਮਤੀ ਸਮਾਂ ਕੱਢਣ ਲਈ ਸਾਰੇ ਬੁਲਾਰਿਆਂ ਅਤੇ ਮਹਿਮਾਨਾਂ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਆਓ ਅਸੀਂ ਸਾਰੇ ਅਦਾਰੇ ਇਕੱਠੇ ਹੋ ਕੇ ਪੰਜਾਬ ਦੀਆਂ ਸਮੱਸਿਆਵਾਂ ਦਾ ਹੱਲ ਕਰੀਏ। ਉਨ੍ਹਾਂ ਨੇ ਇਹ ਯਕੀਨੀ ਕੀਤਾ ਕਿ ਆਈਆਈਟੀ ਰੋਪੜ ਪੰਜਾਬ ਦੇ ਸਾਰੇ ਵਿੱਦਿਅਕ ਅਦਾਰਿਆਂ ਨੂੰ ਸਿੱਖਿਆ ਅਤੇ ਜੀਵਨ ਦੇ ਹੋਰ ਪਹਿਲੂਆਂ ਵਿੱਚ ਖੁਸ਼ਹਾਲੀ ਨੂੰ ਉਤਸ਼ਾਹਿਤ ਕਰਨ ਲਈ ਹਰ ਤਰ੍ਹਾਂ ਦਾ ਸਹਿਯੋਗ ਦੇਵੇਗਾ।
ਇਸ ਪ੍ਰੋਗਰਾਮ ਦੌਰਾਨ ਸਟੇਜ ਸਕੱਤਰ ਦੀ ਭੂਮਿਕਾ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ ਪ੍ਰੋ.ਪੰਕਜ ਮਾਲਾ ਸ਼ਰਮਾ ਨੇ ਨਿਭਾਈ ਅਤੇ ਸ਼ਾਂਤੀ ਮੰਤਰ ਦਾ ਪਾਠ ਅਸਿਸਟੈਂਟ ਪ੍ਰੋਫੈਸਰ, ਮਾਸ ਕਮਿਊਨੀਕੇਸ਼ਨ ਐਂਡ ਮੀਡੀਆ ਸਟੱਡੀਜ਼ ਵਿਭਾਗ, ਸੈਂਟਰਲ ਯੂਨੀਵਰਸਿਟੀ ਆਫ਼ ਪੰਜਾਬ ਡਾ: ਰੁਬਲ ਕਨੌਜੀਆ ਦੁਆਰਾ ਕੀਤਾ ਗਿਆ। ਇਸ ਪ੍ਰੋਗਰਾਮ ਵਿੱਚ ਵੱਖ-ਵੱਖ ਕੇਂਦਰੀ ਅਤੇ ਰਾਜ ਫੰਡ ਪ੍ਰਾਪਤ ਸੰਸਥਾਵਾਂ ਦੇ ਵਾਈਸ ਚਾਂਸਲਰ, ਡਾਇਰੈਕਟਰ, ਡੀਨ ਅਤੇ ਪ੍ਰੋਫੈਸਰਾਂ ਨੇ ਭਾਗ ਲਿਆ।