ਸਬਸਿਡੀ ਉੱਪਰ ਖੇਤੀਬਾੜੀ ਸੰਦ ਲੈਣ ਲਈ ਆਨਲਾਈਨ ਬਿਨੈ ਕਰਨ ਦੀ ਆਖਰੀ ਮਿਤੀ 26 ਮਈ-ਸੇਤੀਆ
ਕਿਸਾਨ ਇਸ ਸਕੀਮ ਦਾ ਲਾਭ ਪ੍ਰਾਪਤ ਕਰਕੇ ਵਾਤਾਵਰਨ ਨੂੰ ਬਚਾਉਣ ਵਿੱਚ ਪਾਉਣ ਆਪਣਾ ਵੱਡਮੁੱਲਾ ਯੋਗਦਾਨ
ਫਰੀਦਕੋਟ, 13 ਮਈ , 2021
ਪੰਜਾਬ ਸਰਕਾਰ ਦੇ ਖੇਤੀਬਾੜੀ ਵਿਭਾਗ ਦੀ ”ਕਾਮਯਾਬ ਕਿਸਾਨ-ਖੁਸ਼ਹਾਲ ਪੰਜਾਬ” ਸਕੀਮ ਤਹਿਤ ਕਿਸਾਨਾਂ ਨੂੰ ਵਾਤਾਵਰਨ ਪੱਖੀ ਖੇਤੀਬਾੜੀ ਸੰਦਾਂ ਉੱਪਰ ਸਬਸਿਡੀ ਮੁਹੱਈਆ ਕਰਵਾਈ ਜਾ ਰਹੀ ਹੈ। ਇਸ ਸਕੀਮ ਦਾ ਮੁੱਖ ਮੰਤਵ ਆਧੁਨਿਕ ਵਾਤਾਵਰਨ ਪੱਖੀ ਖੇਤੀਬਾੜੀ ਉਪਰਕਣਾਂ ਦੁਆਰਾ ਵਾਤਾਵਰਨ ਨੂੰ ਹਵਾ ਪ੍ਰਦੂਸ਼ਣ ਤੋਂ ਬਚਾਉਣਾ ਅਤੇ ਫਸਲਾਂ ਦੀ ਰਹਿੰਦ ਖੂੰਹਦ ਨੂੰ ਸਾੜਨ ਨਾਲ ਹੋਣ ਵਾਲੇ ਪੌਸ਼ਟਿਕ ਤੱਤਾਂ ਅਤੇ ਮਿੱਟੀ ਦੇ ਸੂਖਮ ਜੀਵ ਜੰਤੂਆਂ ਨੂੰ ਖਤਮ ਹੋਣ ਤੋਂ ਰੋਕਣਾ ਹੈ। ਇਨ੍ਹਾਂ ਆਧੁਨਿਕ ਮਸ਼ੀਨਾਂ ਦੀ ਵਰਤੋਂ ਦੁਆਰਾ ਫਸ਼ਲਾਂ ਦੀ ਰਹਿੰਦ ਖੂੰਹਦ ਨੂੰ ਬਹੁਤ ਹੀ ਘੱਟ ਖਰਚੇ ਵਿੱਚ ਮਿੱਟੀ ਵਿੱਚ ਹੀ ਮਿਲਾਇਆ ਜਾ ਸਕਦਾ ਹੈ।
ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਡਿਪਟੀ ਕਮਿਸ਼ਨਰ ਸ੍ਰੀ ਵਿਮਲ ਕੁਮਾਰ ਸੇਤੀਆ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਵੱਖ ਵੱਖ ਫ਼ਸਲਾਂ ਲਈ ਵਰਤੀਆਂ ਜਾਣ ਵਾਲੀਆਂ ਮਸ਼ੀਨਾਂ ਸਬਸਿਡੀ ਤੇ ਉਪਲੱਬਧ ਕਰਵਾਉਣ ਲਈ ਅਰਜ਼ੀਆਂ ਦੀ ਮੰਗ ਕੀਤੀ ਗਈ ਹੇ। ਉਨ੍ਹਾਂ ਫਰੀਦਕੋਟ ਜਿਲ੍ਹੇ ਦੇ ਕਿਸਾਨਾਂ ਨੂੰ ਦੱਸਿਆ ਕਿ ਇਹ ਅਰਜ਼ੀਆਂ ਵਿਭਾਗ ਦੇ ਪੋਰਟਲ https://agrimachinerypb.com ਤੇ ਆਨਲਾਈਨ ਦਿੱਤੀਆਂ ਜਾ ਸਕਦੀਆਂ ਹਨ। ਇਹ ਅਰਜ਼ੀਆਂ ਦੇਣ ਦੀ ਆਖਰੀ ਮਿਤੀ 26 ਮਈ, 2021 ਤੱਕ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਮਸ਼ੀਨਾਂ ਲਈ ਕਿਸਾਨ, ਰਜਿਸਟਰਡ ਫਾਰਮਰ ਗਰੁੱਪ, ਪੰਚਾਇਤ, ਸਹਿਕਾਰੀ ਸਭਾ, ਕਿਸਾਨ ਨਿਰਮਾਤਾ ਸੰਗਠਨ ਬਿਨੈ ਪੱਤਰ ਭੇਜ ਸਕਦੇ ਹਨ।
ਜਿਲ੍ਹਾ ਮੁੱਖ ਖੇਤੀਬਾੜੀ ਅਫਸਰ ਡਾ. ਬਲਵਿੰਦਰ ਸਿੰਘ ਨੇ ਦੱਸਿਆ ਕਿ ਪਰਾਲੀ ਸਾਂਭਣ ਵਾਲੀਆਂ ਮਸ਼ੀਨਾਂ ਜਿਵੇਂ ਕਿ ਬੇਲਰ, ਰੈਕ, ਹੈਪੀ ਸੀਡਰ, ਜੀਰੋ ਟਿਲ ਡਰਿੱਲ, ਸੁਪਰ ਸੀਡਰ, ਉਲਟਾਵੇਂ ਪਲਾਓ, ਚੌਪਰ, ਮਲਚਰ ਆਦਿ ਅਤੇ ਇਸ ਤੋਂ ਇਲਾਵਾ ਹੋਰ ਮਸ਼ੀਨਾਂ ਜਿਵੇਂ ਕਿ ਸਪੇਅਰਰ, ਕਪਾਹ ਮੱਕੀ ਬੀਜਣ ਵਾਲੇ ਨਿਊ ਮੈਟਿਕ ਪਲਾਂਟਰ, ਬਹੁ ਫਸਲੀ ਪਲਾਂਟਰ, ਝੋਨੇ ਲਈ ਡੀ.ਐਸ.ਆਰ. (ਸਿੱਧੀ ਬਿਜਾਈ ਵਾਲੀਆਂ ਮਸ਼ੀਨਾਂ) ਪੈਡੀ ਟਰਾਂਸਪਲਾਂਟਰ, ਆਲੂ ਬੀਜਣ/ਪੁੱਟਣ ਵਾਲੀਆਂ ਮਸ਼ੀਨਾਂ, ਗੰਨੇ ਦੀ ਬਿਜਾਈ ਅਤੇ ਕਟਾਈ ਵਾਲੀਆਂ ਮਸ਼ੀਨਾਂ, ਲੇਜਰ ਲੈਵਲਰ, ਮੱਕੀ ਦੇ ਡਰਾਇਰ, ਵੀਡਰ ਆਦਿ ਮਸ਼ੀਨਾਂ ਸਬਸਿਡੀ ਉੱਪਰ ਮੁਹੱਈਆ ਕਰਵਾਈਆਂ ਜਾਣਗੀਆਂ।
ਮੰਡੀ ਬੋਰਡ ਨਾਲ ਰਜਿਸਟਰਡ ਕਿਸਾਨ ਇਸ ਪੋਰਟਲ ਤੇ ਜਾ ਕੇ ਆਪਣੇ ਆਧਾਰ ਕਾਰਡ ਰਾਹੀਂ ਲਾਗ ਇੰਨ ਹੋ ਸਕਦਾ ਹੈ ਅਤੇ ਅਣਰਜਿਸਟਰਡ ਕਿਸਾਨ/ਗਰੁੱਪ ਆਦਿ ਆਪਣੀ ਨਵੀਂ ਰਜਿਸਟ੍ਰੇਸ਼ਨ ਵੀ ਇਸੇ ਪੋਰਟਲ ਤੇ ਬਹੁਤ ਹੀ ਆਸਾਨ ਤਰੀਕੇ ਨਾਲ ਕਰ ਸਕਦਾ ਹੈ।ਬਿਨੈਕਾਰਾਂ ਵੱਲੋਂ ਦਿੱਤੇ ਜਾਣ ਵਾਲੇ ਸਵੈ ਘੋਸ਼ਣਾ ਪੱਤਰ ਦਾ ਫਾਰਮੇੈਟ ਵੀ ਪੋਰਟਲ ਤੇ ਹੀ ਉਪਲੱਬਧ ਹੈ।