ਪਟਿਆਲਾ, 11 ਜੂਨ 2021
ਜ਼ਿਲ੍ਹਾ ਚੋਣ ਅਫ਼ਸਰ ਕਮ- ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ ਨੇ ਦੱਸਿਆ ਕਿ ਭਾਰਤ ਚੋਣ ਕਮਿਸ਼ਨ ਦੇ ਸਵੀਪ ਪ੍ਰੋਗਰਾਮ ਤਹਿਤ ਆਮ ਲੋਕਾਂ ਨੂੰ ਆਪਣੇ ਖੇਤਰ ਦੇ ਬੀ.ਐਲ.ਓ. ਸਬੰਧੀ ਜਾਣਕਾਰੀ ਦੇਣ ਲਈ ਆਪਣੇ ਖੇਤਰ ਦੇ ਬੀ.ਐਲ.ਓ. ਨੂੰ ਜਾਣੂ ਜਾਗਰੂਕਤਾ ਮੁਹਿੰਮ ਸ਼ੁਰੂ ਕੀਤੀ ਗਈ ਹੈ, ਜਿਸ ਤਹਿ ਜ਼ਿਲੇ ਦੇ ਸਮੂਹ ਚੋਣਕਾਰ ਰਜਿਸਟਰੇਸ਼ਨ ਅਫ਼ਸਰਾਂ ਰਾਹੀਂ ਪਿੰਡ, ਨਗਰ ਤੇ ਸ਼ਹਿਰ ਪੱਧਰ ਤੇ ਮੁਨਾਦੀ ਕਰਵਾ ਕੇ ਸਬੰਧਤ ਇਲਾਕੇ ਦੇ ਲੋਕਾਂ ਨੂੰ ਬੀ.ਐਲ.ਓ. ਸਬੰਧੀ ਜਾਣਕਾਰੀ ਦਿੱਤੀ ਜਾ ਰਹੀ ਹੈ ਅਤੇ ਹਰੇਕ ਪੋਲਿੰਗ ਬੂਥ ਦੀ ਬਾਹਰਲੀ ਦੀਵਾਰ ‘ਤੇ ਬੀ.ਐਲ.ਓ ਦਾ ਨਾਮ ਅਤੇ ਮੋਬਾਇਲ ਨੰਬਰ ਦਰਜ ਕੀਤਾ ਜਾ ਰਿਹਾ ਹੈ।
ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਆਪਣੇ ਖੇਤਰ ਦੇ ਬੀ.ਐਲ.ਓ ਸਬੰਧੀ ਜਾਣਕਾਰੀ ਪ੍ਰਾਪਤ ਕਰਨ ਲਈ ਜ਼ਿਲ੍ਹਾ ਚੋਣ ਦਫ਼ਤਰ ਦੇ ਟੋਲ ਫ਼ਰੀ ਨੰਬਰ 1950 ‘ਤੇ ਵੀ ਸੰਪਰਕ ਕੀਤਾ ਜਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਪਟਿਆਲਾ ਜ਼ਿਲ੍ਹੇ ਦੇ ਅੱਠ ਵਿਧਾਨ ਸਭਾ ਹਲਕਿਆਂ ‘ਚ ਫੋਟੋ ਵੋਟਰ ਸੂਚੀਆਂ ਦੀ ਸੁਧਾਈ ਦਾ ਕੰਮ ਵੀ ਚੱਲ ਰਿਹਾ ਹੈ ਜਿਸ ਤਹਿਤ ਫਾਰਮ ਨੰਬਰ 6 (ਨਵੀਂ ਵੋਟ), ਫਾਰਮ ਨੰਬਰ 7 ( ਵੋਟ ਕਟੌਤੀ), ਫਾਰਮ ਨੰਬਰ 8 (ਵੋਟ ਦੀ ਸੋਧ) ਅਤੇ ਫਾਰਮ ਨੰਬਰ 8 ਓ (ਰਿਹਾਇਸ਼ ਦੀ ਬਦਲੀ) ਪ੍ਰਾਪਤ ਕੀਤੇ ਜਾ ਰਹੇ ਹਨ। ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਇਹ ਫਾਰਮ ਸਬੰਧਤ ਪੋਲਿੰਗ ਬੂਥ ਦੇ ਬੀ.ਐਲ.ਓ, ਚੋਣਕਾਰ ਰਜਿਸਟਰੇਸ਼ਨ ਅਫ਼ਸਰ ਦੇ ਦਫ਼ਤਰ, ਜ਼ਿਲਾ ਚੋਣ ਦਫ਼ਤਰ ਵਿਚ ਭਰਕੇ ਦਿੱਤੇ ਜਾ ਸਕਦੇ ਹਨ ਅਤੇ ਕਮਿਸ਼ਨ ਦੇ ਨੈਸ਼ਨਲ ਵੋਟਰ ਸਰਵਿਸ ਪੋਰਟਲ www.nvsp.in ‘ਤੇ ਵੀ ਅਪਲਾਈ ਕੀਤੇ ਜਾ ਸਕਦੇ ਹਨ। ਉਨ੍ਹਾਂ ਪਟਿਆਲਾ ਜ਼ਿਲ੍ਹੇ ਦੇ ਵੋਟਰਾਂ ਨੂੰ ਅਪੀਲ ਕੀਤੀ ਕਿ ਵੋਟਰ ਰਜਿਸਟਰੇਸ਼ਨ ਦੀ ਮੁਹਿੰਮ ਵਿਚ ਵੱਧ ਤੋਂ ਵੱਧ ਹਿੱਸਾ ਲਿਆ ਜਾਵੇ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਇਸ ਅਹਿਮ ਕੰਮ ਵਿਚ ਆਪਣੀ ਭਾਗੀਦਾਰੀ ਯਕੀਨੀ ਬਣਾਈ ਜਾਵੇ।