ਲੋਕਾਂ ਨੂੰ ਉਨ੍ਹਾਂ ਦੇ ਘਰਾਂ ਨੇੜੇ ਸੇਵਾਵਾਂ ਮੁਹੱਈਆ ਕਰਵਾਉਣ ਦੀ ਪੂਰਤੀ ਤਹਿਤ ਉਪਰਾਲੇ ਜਾਰੀ
ਅਬੋਹਰ 6 ਫਰਵਰੀ 2024
ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੇ ਪ੍ਰੋਗਰਾਮ ਆਪ ਦੀ ਸਰਕਾਰ ਆਪ ਦੇ ਦੁਆਰ ਤਹਿਤ ਸਬ ਡਵੀਜਨ ਅਬੋਹਰ ਦੇ ਵੱਖ-ਵੱਖ ਪਿੰਡਾਂ ਕੈਂਪ ਲਗਾਉਣ ਦੀ ਸ਼ੁਰੂਆਤ ਕੀਤੀ ਗਈ। ਐਸ.ਡੀ.ਐਮ. ਅਬੋਹਰ ਸ. ਰਵਿੰਦਰ ਸਿੰਘ ਅਰੋੜਾ ਦੇ ਦਿਸ਼ਾ-ਨਿਰਦੇਸ਼ਾਂ ਹੇਠ ਤਹਿਸੀਲਦਾਰ ਰਜਿੰਦਰ ਸਿੰਘ ਦੀ ਅਗਵਾਹੀ ਹੇਠ ਸੀਡ ਫਾਰਮ ਪੱਕਾ, ਢਾਣੀ ਚਿਰਾਗ, ਬੁਰਜ ਮੁਹਾਰ ਤੇ ਆਲਮਗੜ ਵਿਖੇ ਕੈਂਪ ਲਗਾਏ ਗਏ। ਇਸ ਮੌਕੇ ਸਾਬਕਾ ਵਿਧਾਇਕ ਸ੍ਰੀ ਅਰੁਨ ਨਾਰੰਗ ਮੁੱਖ ਮਹਿਮਾਨ ਵਜੋਂ ਵਿਸ਼ੇਸ਼ ਤੌਰ *ਤੇ ਪਹੁੰਚੇ ਸਨ।
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਉਲੀਕੇ ਗਏ ਇਸ ਪ੍ਰੋਗਰਾਮ ਨਾਲ ਲੋਕਾਂ ਨੂੰ ਉਨ੍ਹਾਂ ਦੇ ਘਰਾਂ ਨੇੜੇ ਸੇਵਾਵਾਂ ਮੁਹੱਈਆ ਕਰਵਾਉਣ ਦੇ ਮਕਸਦ ਦੀ ਪੂਰਤੀ ਹੋਵੇਗੀ ਤੇ ਲੋਕਾਂ ਨੁੰ ਖਜਲ-ਖੁਆਰੀ ਰਹਿਤ ਅਨੇਕਾ ਸੇਵਾਵਾਂ ਦਾ ਲਾਭ ਮਿਲੇਗਾ। ਉਨ੍ਹਾਂ ਕਿਹਾ ਕਿ ਇਨ੍ਹਾਂ ਕੈਂਪਾਂ ਦੌਰਾਨ 43 ਪ੍ਰਕਾਰ ਦੀਆਂ ਵੱਖ-ਵੱਖ ਸੇਵਾਵਾਂ ਦਾ ਲਾਹਾ ਲੋਕਾਂ ਨੂੰ ਪ੍ਰਦਾਨ ਕੀਤਾ ਜਾਣਾ ਹੈ। ਉਨ੍ਹਾਂ ਕਿਹਾ ਕਿ ਕੈਂਪ ਲਗਾਤਾਰ ਜਾਰੀ ਰਹਿਣਗੇ ਤੇ ਮੌਕੇ *ਤੇ ਹੀ ਸੇਵਾਵਾਂ ਮੁਹੱਈਆ ਕਰਵਾਈਆਂ ਜਾਣਗੀਆਂ ਤੇ ਪ੍ਰਾਪਤ ਸ਼ਿਕਾਇਤਾਂ ਦਾ ਸਮਾਂਬੱਧ ਨਿਪਟਾਰਾ ਕੀਤਾ ਜਾਵੇਗਾ।
7 ਫਰਵਰੀ ਨੂੰ ਇਹਨਾਂ ਪਿੰਡਾਂ ਵਿੱਚ ਲੱਗਣਗੇ ਕੈਂਪ
7 ਫਰਵਰੀ ਨੂੰ ਅਬੋਹਰ ਉਪਮੰਡਲ ਦੇ ਪਿੰਡ ਰੁਹੇੜਿਆਂ ਵਾਲੀ ਤੇ ਸੈਯਦ ਵਾਲਾ ਵਿੱਚ ਸਵੇਰੇ 10 ਵਜੇ ਕੈਂਪ ਲੱਗੇਗਾ ਇਸੇ ਤਰਾਂ ਪਿੰਡ ਬਾਸੀਆਂ ਤੇ ਕਿਕਰ ਖੇੜਾ ਵਿਖੇ ਦੁਪਹਿਰ 2 ਵਜੇ ਕੈਂਪ ਲਗੇਗਾ ਜਿਸ ਵਿੱਚ ਕੇਰਾ ਖੇੜਾ ਦੇ ਲੋਕ ਪਹੁੰਚ ਸਕਦੇ ਹਨ । ਲੋਕਾਂ ਨੂੰ ਇਨ੍ਹਾਂ ਕੈਂਪਾਂ ਵਿਚ ਪਹੁੰਚ ਕੇ ਵੱਧ ਤੋਂ ਵੱਧ ਲਾਭ ਉਠਾਉਣ ਦੀ ਅਪੀਲ ਕੀਤੀ ਗਈ ਹੈ।