ਆਪ ਦੀ ਸਰਕਾਰ ਆਪ ਦੇ ਦੁਆਰ ਮੁਹਿੰਮ ਤਹਿਤ ਜਲਾਲਾਬਾਦ ਸਬ ਡਵੀਜ਼ਨ ਵਿੱਚ ਕੈਂਪਾਂ ਦੀ ਸ਼ੁਰੂਆਤ

MLA Jagdeep Kamboj Goldi
ਆਪ ਦੀ ਸਰਕਾਰ ਆਪ ਦੇ ਦੁਆਰ ਮੁਹਿੰਮ ਤਹਿਤ ਜਲਾਲਾਬਾਦ ਸਬ ਡਵੀਜ਼ਨ ਵਿੱਚ ਕੈਂਪਾਂ ਦੀ ਸ਼ੁਰੂਆਤ
ਵਿਧਾਇਕ ਜਗਦੀਪ ਕੰਬੋਜ ਗੋਲਡੀ ਨੇ ਕਰਵਾਈ ਸ਼ੁਰੂਆਤ
ਕਿਹਾ ਲੋਕਾਂ ਨੂੰ ਉਹਨਾਂ ਦੀਆਂ ਬਰੂਹਾਂ ਤੇ ਮਿਲਣਗੀਆਂ ਸਰਕਾਰੀ ਸੇਵਾਵਾਂ
ਡਿਪਟੀ ਕਮਿਸ਼ਨਰ ਨੇ ਵੀ ਕੀਤਾ ਕੈਂਪ ਦਾ ਦੌਰਾ

ਜਲਾਲਾਬਾਦ 6 ਫਰਵਰੀ 2024

ਉਪ ਮੰਡਲ ਜਲਾਲਾਬਾਦ ਅਧੀਨ ਆਪ ਦੀ ਸਰਕਾਰ ਆਪ ਦੇ ਦੁਆਰ ਸਕੀਮ ਤਹਿਤ ਕੈਂਪ ਲਗਾਉਣ ਦੀ ਪ੍ਰਕਿਰਿਆ ਅੱਜ ਤੋਂ ਸ਼ੁਰੂ ਹੋ ਗਈ। ਵਿਧਾਇਕ ਜਗਦੀਪ ਕੰਬੋਜ ਗੋਲਡੀ ਨੇ ਪਿੰਡ ਢੰਡੀ ਕਦੀਮ ਤੋਂ ਇਸਦੀ ਸ਼ੁਰੂਆਤ ਕਰਵਾਈ। ਇਸ ਤੋਂ ਬਿਨਾਂ ਅੱਜ ਚੱਕ ਰੂਮ ਵਾਲਾ, ਢਾਬ ਖੁਸ਼ਹਾਲ ਜੋਈਆਂ ਅਤੇ ਬੱਗੇ ਕੇ ਉਤਾੜ ਵਿਖੇ ਵੀ ਕੈਂਪ ਲਗਾਏ ਗਏ। ਇਹਨਾਂ ਕੈਂਪਾਂ ਵਿੱਚ ਵੱਡੀ ਗਿਣਤੀ ਵਿੱਚ ਲੋਕਾਂ ਨੇ ਪਹੁੰਚ ਕੇ ਸਰਕਾਰ ਦੀਆਂ ਵੱਖ-ਵੱਖ ਸਕੀਮਾਂ ਦਾ ਲਾਭ ਲਿਆ।

ਇਸ ਮੌਕੇ ਜਲਾਲਾਬਾਦ ਦੇ ਵਿਧਾਇਕ ਸ੍ਰੀ ਜਗਦੀਪ ਕੰਬੋਜ ਗੋਲਡੀ ਨੇ ਆਖਿਆ ਕਿ ਮੁੱਖ ਮੰਤਰੀ ਸ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦਾ ਉਦੇਸ਼ ਹੈ ਕਿ ਲੋਕਾਂ ਨੂੰ ਉਹਨਾਂ ਦੀਆਂ ਘਰਾਂ ਦੀਆਂ ਬਰੂਹਾਂ ਤੱਕ ਸਰਕਾਰੀ ਸਕੀਮਾਂ ਦਾ ਲਾਭ ਮਿਲੇ। ਉਨਾਂ ਆਖਿਆ ਕਿ ਇਸ ਕੈਂਪ ਦਾ ਉਦੇਸ਼ ਇਹ ਹੈ ਕਿ ਲੋਕਾਂ ਨੂੰ ਦਫਤਰਾਂ ਤੱਕ ਨਾ ਜਾਣਾ ਪਵੇ ਸਗੋਂ ਮੌਕੇ ਤੇ ਹੀ ਲੋਕਾਂ ਦੇ ਕੰਮ ਹੋਣ । ਜਿਸ ਦੀ ਪ੍ਰਤੱਖ ਉਦਾਹਰਨ ਵੀ ਵੇਖਣ ਨੂੰ ਮਿਲੀ ਇਸ ਸ਼ਗਨ ਲਾਲ ਨਾਂ ਦੇ ਇੱਕ ਵਿਅਕਤੀ ਦਾ ਮੀਟਰ ਸੜ ਗਿਆ ਸੀ ਜਿਸਨੇ ਇਸ ਕੈਂਪ ਵਿੱਚ ਅਰਜੀ ਦਿੱਤੀ ਅਤੇ ਅੱਜ ਹੀ ਉਸ ਦਾ ਨਵਾਂ ਮੀਟਰ ਲੱਗ ਗਿਆ।

ਵਿਧਾਇਕ ਸ਼੍ਰੀ ਜਗਦੀਪ ਕੰਬੋਜ ਗੋਲਡੀ ਨੇ ਆਖਿਆ ਕਿ ਇਸ ਤਰ੍ਹਾਂ ਦੇ ਕੈਂਪ ਆਉਣ ਵਾਲੇ ਦਿਨਾਂ ਵਿੱਚ ਸਾਰੇ ਪਿੰਡਾਂ ਵਿੱਚ ਲੱਗ ਰਹੇ ਹਨ ਅਤੇ ਇਹਨਾਂ ਕੈਂਪਾਂ ਵਿੱਚ ਸਰਕਾਰ ਦੀਆਂ ਸਾਰੀਆਂ ਮਹੱਤਵਪੂਰਨ ਸਕੀਮਾਂ ਦਾ ਲਾਭ ਮੌਕੇ ਤੇ ਦਿੱਤਾ ਜਾ ਰਿਹਾ ਹੈ। ਉਨਾਂ ਅਪੀਲ ਕੀਤੀ ਕਿ ਇਹਨਾਂ ਕੈਂਪਾਂ ਦਾ ਵੱਧ ਤੋਂ ਵੱਧ ਲਾਭ ਲਿਆ ਜਾਵੇ। ਉਹਨਾਂ ਦੱਸਿਆ ਕਿ ਇਹਨਾਂ ਕੈਂਪਾਂ ਵਿੱਚ ਸਰਟੀਫਿਕੇਟ ਬਣਾਉਣ ਸਮੇਤ ਵੱਖ-ਵੱਖ ਵਿਭਾਗੀ ਸਕੀਮਾਂ ਲਈ ਮੌਕੇ ਤੇ ਅਪਲਾਈ ਕੀਤਾ ਜਾ ਸਕਦਾ ਹੈ ਅਤੇ ਜੇਕਰ ਕਿਸੇ ਵਿਭਾਗ ਨਾਲ ਕੋਈ ਸ਼ਿਕਾਇਤ ਹੋਵੇ ਤਾਂ ਉਹ ਵੀ ਮੌਕੇ ਤੇ ਆਨਲਾਈਨ ਦਰਜ ਕਰਵਾਈ ਜਾ ਸਕਦੀ।

ਵਿਧਾਇਕ ਸ਼੍ਰੀ ਜਗਦੀਪ ਕੰਬੋਜ ਗੋਲਡੀ ਨੇ ਕਿਹਾ ਕਿ ਪੰਜਾਬ ਸਰਕਾਰ ਲੋਕਾਂ ਨੂੰ ਪਾਰਦਰਸ਼ੀ ਪ੍ਰਸ਼ਾਸਨ ਮੁਹਈਆ ਕਰਾਉਣ ਦੇ ਨੀਅਤ ਨਾਲ ਲੋਕਾਂ ਲਈ ਕੰਮ ਕਰ ਰਹੀ ਹੈ ਤਾਂ ਜੋ ਲੋਕਾਂ ਨੂੰ ਦਫਤਰਾਂ ਦੇ ਚੱਕਰ ਨਾ ਲਗਾਉਣੇ ਪੈਣ ਅਤੇ ਸਰਕਾਰ ਚੱਲ ਕੇ ਲੋਕਾਂ ਵਿੱਚ ਜਾਵੇ। ਇਸ ਤੋਂ ਬਾਅਦ ਡਿਪਟੀ ਕਮਿਸ਼ਨਰ ਡਾ ਸੇਨੂ ਦੁੱਗਲ ਨੇ ਵੀ ਢੰਡੀ ਕਦੀਮ ਵਿਖੇ ਲੱਗੇ ਕੈਂਪ ਦਾ ਦੌਰਾ ਕੀਤਾ ਅਤੇ ਲਾਭਪਾਤਰੀਆਂ ਨਾਲ ਗੱਲਬਾਤ ਕੀਤੀ। ਇਸ ਮੌਕੇ ਐਸਡੀਐਮ ਬਲਕਰਨ ਸਿੰਘ ਸਮੇਤ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।

7 ਫਰਵਰੀ ਨੂੰ ਇਹਨਾਂ ਪਿੰਡਾਂ ਵਿੱਚ ਲੱਗਣਗੇ ਕੈਂਪ
7 ਫਰਵਰੀ ਨੂੰ ਜਲਾਲਾਬਾਦ ਉਪਮੰਡਲ ਦੇ ਪਿੰਡ ਝੰਡੀ ਖੁਰਦ ਵਿੱਚ ਸਵੇਰੇ 10 ਵਜੇ ਕੈਂਪ ਲੱਗੇਗਾ ਜਿਸ ਵਿੱਚ ਢੰਡੀ ਖੁਰਦ ਤੋਂ ਇਲਾਵਾ ਢਾਣੀ ਜੱਜ ਸਿੰਘ, ਮੁਹਕਮ ਅਰਾਈਆਂ, ਰਾਮ ਸ਼ਰਨਮ ਕਲੋਨੀ, ਕਾਨੇ ਵਾਲਾ ਅਤੇ ਢਾਣੀ ਹਜ਼ਾਰਾਂ ਸਿੰਘ ਦੇ ਲੋਕ ਸਰਕਾਰੀ ਸੇਵਾਵਾਂ ਲੈਣ ਲਈ ਪਹੁੰਚ ਸਕਦੇ ਹਨ। ਇਸੇ ਤਰਾਂ ਪਿੰਡ ਬਾਮਣੀਵਾਲਾ ਵਿਖੇ ਸਵੇਰੇ 10 ਵਜੇ ਲੱਗਣ ਵਾਲੇ ਕੈਂਪ ਵਿੱਚ ਬਾਹਮਣੀ ਵਾਲਾ ਤੋਂ ਇਲਾਵਾ ਜਾਫਰਾਂ, ਜਾਫਰਾਂ ਡਿੱਬੀਪੁਰ, ਚੱਕ ਤੋਤਿਆਂਵਾਲੀ ਦੇ ਲੋਕ ਪਹੁੰਚ ਸਕਦੇ ਹਨ । ਬਾਅਦ ਦੁਪਹਿਰ 2 ਵਜੇ ਜੋਧਾ ਭੈਣੀ ਵਿੱਚ ਲੱਗਣ ਵਾਲੇ ਕੈਂਪ ਵਿੱਚ ਜੋਧਾ ਭੈਣੀ ਤੋਂ ਇਲਾਵਾ ਢਾਣੀ ਅਮਰ ਸਿੰਘ, ਢਾਣੀ ਮਾਨ ਸਿੰਘ, ਢਾਣੀ ਮਾਘ ਸਿੰਘ ਅਤੇ ਮੌਜੇਵਾਲਾ ਦੇ ਲੋਕ ਅਤੇ ਪਿੰਡ ਚੱਕ ਲੱਖੋ ਵਾਲੀ ਵਿਖੇ ਲੱਗਣ ਵਾਲੇ ਕੈਂਪ ਵਿੱਚ ਲੱਖੋਵਾਲੀ ਬੁੱਧੋ ਕੇ ਤੋਂ ਇਲਾਵਾ ਲੱਖੋਵਾਲੀ, ਸੜੀਆਂ, ਚੱਕ ਸੜੀਆਂ ਅਤੇ ਰਾਜਪੁਰਾ ਸੜੀਆਂ ਦੇ ਲੋਕ ਸਰਕਾਰੀ ਸੇਵਾਵਾਂ ਦਾ ਲਾਭ ਲੈਣ ਲਈ ਪੁੱਜ ਸਕਦੇ ਹਨ।

Spread the love