ਕੈਂਪ ਵਿੱਚ ਪਿੰਡ ਸਵਾੜਾ, ਝੰਜੇੜੀ, ਮਛਲੀ ਕਲਾਂ, ਚੂਹੜ ਮਾਜਰਾ ਅਤੇ ਮਛਲੀ ਖੁਰਦ ਪਿੰਡਾਂ ਦੇ ਵਸਨੀਕ ਦੇ ਸਕਦੇ ਹਨ ਅਰਜ਼ੀਆਂ
ਕੈਂਪ ਵਿੱਚ ਲੋਕਾਂ ਨੂੰ ਆ ਰਹੀਆਂ ਮੁਸ਼ਕਿਲਾਂ ਦਾ ਮੌਕੇ ਤੇ ਕੀਤਾ ਜਾਵੇਗਾ ਹੱਲ: ਐਸ.ਡੀ.ਐਮ ਗੁਰਮੰਦਰ ਸਿੰਘ
ਖਰੜ, 12 ਸਤੰਬਰ, 2024
ਆਮ ਲੋਕਾਂ ਨੂੰ ਸਰਕਾਰੀ ਦਫ਼ਤਰਾਂ ਵਿਚ ਰੋਜ਼ਾਨਾ ਦੇ ਕੰਮਾਂ ਦੌਰਾਨ ਪੇਸ਼ ਆ ਰਹੀਆਂ ਮੁਸ਼ਕਿਲਾਂ ਤੋਂ ਛੁਟਕਾਰਾ ਦਿਵਾਉਣ ਦੇ ਉਦੇਸ਼ ਨਾਲ ਮੁੱਖ ਮੰਤਰੀ, ਪੰਜਾਬ ਭਗਵੰਤ ਸਿੰਘ ਮਾਨ ਦੀ ਸਰਕਾਰ ਵੱਲੋਂ ‘ਆਪ ਦੀ ਸਰਕਾਰ ਆਪ ਦੇ ਦੁਆਰ’ ਮੁਹਿੰਮ ਤਹਿਤ ਲਗਾਏ ਜਾ ਰਹੇ ਕੈਂਪਾਂ ਦੀ ਲੜੀ ਵਜੋਂ ਸਬ ਡਵੀਜ਼ਨ ਖਰੜ ਵਿੱਚ ਪੈਂਦੇ 5 ਪਿੰਡਾਂ ਦਾ ਇੱਕ ਵਿਸ਼ੇਸ਼ ਕੈਂਪ ਪਿੰਡ ਝੰਜੇੜੀ ਵਿਖੇ 13 ਸਤੰਬਰ ਨੂੰ ਸਵੇਰੇ 10.00 ਤੋਂ ਦੁਪਿਹਰ 01.00 ਵਜੇ ਤੱਕ ਲਗਾਇਆ ਜਾ ਰਿਹਾ ਹੈ। ਇਸ ਕੈਂਪ ਵਿੱਚ ਸਵਾੜਾ, ਝੰਜੇੜੀ, ਮਛਲੀ ਕਲਾਂ, ਚੂਹੜ ਮਾਜਰਾ ਅਤੇ ਮਛਲੀ ਖੁਰਦ ਪਿੰਡਾਂ ਦੇ ਵਸਨੀਕ ਆਪਣੀਆਂ ਮੁਸ਼ਕਿਲਾਂ/ਸਮੱਸਿਆਵਾਂ ਲਈ ਅਰਜ਼ੀਆਂ ਦੇ ਸਕਦੇ ਹਨ।
ਵਧੇਰੇ ਜਾਣਕਾਰੀ ਦਿੰਦਿਆਂ ਐਸ.ਡੀ.ਐਮ ਖਰੜ ਗੁਰਮੰਦਰ ਸਿੰਘ ਵੱਲੋਂ ਦੱਸਿਆ ਗਿਆ ਕਿ ਇਸ ਕੈਂਪ ਵਿੱਚ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਵੱਲੋਂ ਕੈਂਪ ਵਿੱਚ ਪਹੁੰਚ ਕੀਤੀ ਜਾਵੇਗੀ ਅਤੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਜਾਣਗੀਆਂ ਅਤੇ ਲੋਕਾਂ ਦੀਆਂ ਜ਼ਿਆਦਾਤਰ ਸਮੱਸਿਆਵਾਂ ਦਾ ਹੱਲ ਮੌਕੇ ’ਤੇ ਹੀ ਕੀਤਾ ਜਾਵੇਗਾ। ਉਨ੍ਹਾਂ ਕੈਂਪ ਵਿਚ ਕੰਮ ਕਰਾਉਣ ਲਈ ਪੁੱਜਣ ਵਾਲੇ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਕੈਂਪ ਵਿੱਚ ਆਪਣੇ ਜੋ ਵੀ ਕੰਮ ਕਰਾਉਣ ਲਈ ਆ ਰਹੇ ਹਨ, ਉਨ੍ਹਾਂ ਕੰਮਾਂ ਨਾਲ ਸਬੰਧਤ ਮੁਕੰਮਲ ਦਸਤਾਵੇਜ਼ ਲੈ ਕੇ ਆਉਣ ਤਾਂ ਜੋ ਉਨ੍ਹਾਂ ਦੇ ਕੰਮ ਸਹੀ, ਸੌਖੇ ਢੰਗ ਨਾਲ ਅਤੇ ਬਿਨਾਂ ਕਿਸੇ ਪਰੇਸ਼ਾਨੀ ਦੇ ਹੋ ਸਕਣ। ਉਨ੍ਹਾਂ ਕਿਹਾ ਕਿ ਆਮ ਜਨਤਾ ਨੂੰ ਪੰਜਾਬ ਸਰਕਾਰ ਵੱਲੋਂ ਲਗਾਏ ਇਸ ਕੈਂਪ ਦਾ ਵਧ ਤੋਂ ਵਧ ਲਾਭ ਲੈਣਾ ਚਾਹੀਦਾ ਹੈ।
ਉਨ੍ਹਾਂ ਇਹ ਵੀ ਦੱਸਿਆ ਕਿ ਵੱਖ-ਵੱਖ ਵਿਭਾਗਾਂ ਨਾਲ ਸਬੰਧਤ ਸੇਵਾਵਾਂ ਹਾਸਲ ਕਰਨ ਲਈ ਹੈਲਪ ਲਾਈਨ ਨੰਬਰ 1076 ’ਤੇ ਵੀ ਸੰਪਰਕ ਕੀਤਾ ਜਾ ਸਕਦਾ ਹੈ। ਇਨ੍ਹਾਂ ਕੈਂਪਾਂ ਵਿੱਚ ਜੋ ਸੇਵਾਵਾਂ ਮੁੱਖ ਤੌਰ ‘ਤੇ ਦਿੱਤੀਆਂ ਜਾਂਦੀਆਂ ਹਨ, ਉਨ੍ਹਾਂ ਵਿੱਚ ਸਮਾਜਿਕ ਸੁਰੱਖਿਆ ਵਿਭਾਗ ਵੱਲੋਂ ਜਨਮ ਅਤੇ ਮੌਤ ਦੇ ਸਰਟੀਫਿਕੇਟ, ਐਸ.ਸੀ., ਬੀ.ਸੀ., ਓ.ਬੀ.ਸੀ ਅਤੇ ਜਨਰਲ ਜਾਤੀ ਦੇ ਸਰਟੀਫਿਕੇਟ ਅਤੇ ਵਸਨੀਕ (ਨਿੱਜੀ) ਸਰਟੀਫ਼ਿਕੇਟ, ਮਾਸਿਕ ਸਹਾਇਤਾ ਸਕੀਮਾਂ (ਬੁਢਾਪਾ ਪੈਨਸ਼ਨਾਂ ਆਦਿ), ਵਿਆਹ ਰਜਿਸਟ੍ਰੇਸ਼ਨ, ਐਫੀਡੇਵਿਟ ਤਸਦੀਕ, ਮਾਲ ਰਿਕਾਰਡਾਂ ਦੀ ਜਾਂਚ, ਰਜਿਸਟਰਡ ਅਤੇ ਗੈਰ-ਰਜਿਸਟਰਡ ਦਸਤਾਵੇਜ਼ਾਂ ਦੀਆਂ ਪ੍ਰਮਾਣਿਤ ਕਾਪੀਆਂ (ਨਕਲ ਦੀ ਸੇਵਾ), ਭਾਰ ਰਹਿਤ ਸਰਟੀਫਿਕੇਟ, ਗਿਰਵੀਨਾਮੇ ਦੀ ਇਕੁਇਟੀ ਐਂਟਰੀ, ਫਰਦ ਜਨਰੇਸ਼ਨ, ਦਸਤਾਵੇਜ਼ਾਂ ਦੀ ਕਾਊਂਟਰਸਾਈਨਿੰਗ, ਮੁਆਵਜ਼ੇ ਦੇ ਬਾਂਡ, ਬਾਰਡਰ ਸਰਟੀਫਿਕੇਟ, ਜ਼ਮੀਨ ਦੀ ਨਿਸ਼ਾਨਦੇਹੀ, ਐੱਨ.ਆਰ.ਆਈ. ਦੇ ਦਸਤਾਵੇਜ਼ਾਂ ‘ਤੇ ਕਾਊਂਟਰ ਦਸਤਖਤ, ਪੁਲਸ ਕਲੀਅਰੈਂਸ ਸਰਟੀਫਿਕੇਟ ਅਤੇ ਕੰਢੀ ਖੇਤਰ ਸਰਟੀਫਿਕੇਟ (ਮਾਲ), ਉਸਾਰੀ ਮਜ਼ਦੂਰਾਂ/ਲਾਭਪਾਤਰੀਆਂ ਦੇ ਬੱਚਿਆਂ ਨੂੰ ਵਜ਼ੀਫ਼ਾ, ਉਸਾਰੀ ਮਜ਼ਦੂਰ ਦੀ ਰਜਿਸਟ੍ਰੇਸ਼ਨ ਅਤੇ ਉਸਾਰੀ ਮਜ਼ਦੂਰ (ਲੇਬਰ) ਰਜਿਸਟ੍ਰੇਸ਼ਨ ਦਾ ਨਵੀਨੀਕਰਨ, ਆਮਦਨ ਅਤੇ ਸੰਪਤੀ ਸਰਟੀਫਿਕੇਟ (ਈ.ਡਬਲਯੂ. ਐੱਸ.), ਸ਼ਗਨ ਸਕੀਮ (ਕੇਸ ਦੀ ਮਨਜ਼ੂਰੀ ਲਈ), ਅਪੰਗਤਾ ਸਰਟੀਫਿਕੇਟ/ਯੂ ਡੀ ਆਈ ਡੀ ਕਾਰਡ, ਬਿਜਲੀ ਬਿੱਲ ਦਾ ਭੁਗਤਾਨ (ਪਾਵਰ) ਅਤੇ ਪੇਂਡੂ ਖੇਤਰ ਸਰਟੀਫਿਕੇਟ (ਪੇਂਡੂ) ਆਦਿ ਸ਼ਾਮਿਲ ਹਨ।