5 ਲੱਖ ਰੁਪਏ ਤੱਕ ਦਾ ਮੁਫਤ ਇਲਾਜ ਹੋਵੇਗਾ
ਪਿੰਡ ਅਮਰਗੜ੍ਹ ਅਤੇ ਪੱਲੀਆਂ ਖੁਰਦ ਵਿਖੇ 13 ਜੁਲਾਈ ਨੂੰ ਲੱਗਣਗੇ ਕੈਂਪ
ਨਵਾਂਸ਼ਹਿਰ, 10 ਜੁਲਾਈ 2021 ਸੀਨੀਅਰ ਮੈਡੀਕਲ ਅਫਸਰ ਡਾ. ਗੀਤਾਂਜਲੀ ਸਿੰਘ ਦੀ ਯੋਗ ਅਗਵਾਈ ਹੇਠ ਪ੍ਰਾਈਮਰੀ ਸਿਹਤ ਕੇਂਦਰ, ਮੁਜ਼ੱਫਰਪੁਰ ਅਧੀਨ ਪੈਂਦੇ ਪਿੰਡ ਅਮਰਗੜ੍ਹ ਅਤੇ ਪੱਲੀਆਂ ਖੁਰਦ ਵਿਖੇ 13 ਜੁਲਾਈ ਨੂੰ ਕੈਂਪ ਲਗਾ ਕੇ ਆਯੂਸ਼ਮਾਨ ਭਾਰਤ ਸਰਬੱਤ ਸਿਹਤ ਬੀਮਾ ਯੋਜਨਾ ਤਹਿਤ ਯੋਗ ਲਾਭਪਾਤਰੀਆਂ ਦੇ ਈ-ਕਾਰਡ ਬਣਾਏ ਜਾਣਗੇ।
ਸੀਨੀਅਰ ਮੈਡੀਕਲ ਅਫਸਰ ਡਾ. ਗੀਤਾਂਜਲੀ ਸਿੰਘ ਨੇ ਕਮਿਊਨਿਟੀ ਹੈਲਥ ਸੈਂਟਰ ਰਾਹੋਂ ਵਿਖੇ ਫੀਲਡ ਸਟਾਫ ਨਾਲ ਆਯੋਜਿਤ ਮੀਟਿੰਗ ਵਿੱਚ ਹਦਾਇਤਾਂ ਜਾਰੀ ਕਰਦਿਆਂ ਕਿਹਾ ਕਿ ਪਿੰਡ ਪੱਲੀਆਂ ਖੁਰਦ ਅਤੇ ਅਮਰਗੜ੍ਹ ਵਿਚ ਲੱਗਣ ਵਾਲੇ ਕੈਂਪਾਂ ਵਿੱਚ ਹਰ ਲਾਭਪਾਤਰੀ ਦਾ ਈ ਕਾਰਡ ਬਣਾਇਆ ਜਾਵੇ। ਉਨ੍ਹਾਂ ਦੱਸਿਆ ਕਿ ਆਯੂਸ਼ਮਾਨ ਭਾਰਤ ਸਰਬੱਤ ਸਿਹਤ ਬੀਮਾ ਯੋਜਨਾ ਤਹਿਤ ਈ-ਕਾਰਡ ਬਣਾਉਣ ਦਾ ਕੰਮ ਇਕ ਪ੍ਰਾਈਵੇਟ ਕੰਪਨੀਆਂ ਨੂੰ ਸੌਂਪਿਆ ਗਿਆ ਹੈ, ਜਿਸ ਤਹਿਤ ਯੋਗ ਲਾਭਪਾਤਰੀਆਂ ਦੇ 100 ਫੀਸਦੀ ਈ-ਕਾਰਡ ਬਣਾਏ ਜਾਣੇ ਹਨ। ਉਨ੍ਹਾਂ ਦੱਸਿਆ ਕਿ ਇਸ ਸਕੀਮ ਤਹਿਤ ਲਾਭਪਾਤਰੀ ਦੇ ਪੂਰੇ ਪਰਿਵਾਰ ਦਾ 5 ਲੱਖ ਰੁਪਏ ਤੱਕ ਦਾ ਮੁਫਤ ਇਲਾਜ ਸਰਕਾਰੀ ਅਤੇ ਸੂਚੀਬੱਧ ਪ੍ਰਾਈਵੇਟ ਹਸਪਤਾਲਾਂ ਵਿਚ ਕੀਤਾ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਆਯੂਸ਼ਮਾਨ ਭਾਰਤ ਸਰਬੱਤ ਸਿਹਤ ਬੀਮਾ ਯੋਜਨਾ ਵਿਚ ਸਾਲ 2011 ਵਿਚ ਕੀਤੇ ਗਏ ਸਮਾਜਿਕ-ਆਰਥਿਕ ਜਾਤੀ ਗਣਨਾ ਸਰਵੇ ਵਿਚ ਆਉਣ ਵਾਲੇ ਸਾਰੇ ਲਾਭਪਾਤਰੀ, ਨੀਲਾ ਕਾਰਡਧਾਰਕ, ਕਿਰਤ ਵਿਭਾਗ ਦੇ ਰਜਿਸਟਰਡ ਉਸਾਰੀ ਮਜ਼ਦੂਰ, ਪੰਜਾਬ ਮੰਡੀ ਬੋਰਡ ਨਾਲ ਰਜਿਸਟਰਡ ਕਿਸਾਨ ਅਤੇ ਛੋਟੇ ਵਪਾਰੀ ਸ਼ਾਮਲ ਕੀਤੇ ਗਏ ਹਨ, ਜਿਨ੍ਹਾਂ ਨੂੰ ਸਾਲਾਨਾ 5 ਲੱਖ ਰੁਪਏ ਦਾ ਮੁਫਤ ਇਲਾਜ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਕੰਪਨੀ ਵੱਲੋਂ ਈ-ਕਾਰਡ ਬਣਾਉਣ ਲਈ ਮਾਮੂਲੀ ਫੀਸ ਲਈ ਜਾਂਦੀ ਹੈ। ਕਾਰਡ ਬਣਾਉਣ ਲਈ ਯੋਗ ਲਾਭਪਾਤਰੀ ਨੂੰ ਆਪਣਾ ਕੋਈ ਸ਼ਨਾਖਤੀ ਕਾਰਡ ਲੈ ਕੇ ਆਉਣਾ ਪਵੇਗਾ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਬਲਾਕ ਐਕਸਟੈਂਸ਼ਨ ਐਜੂਕੇਟਰ ਮਨਿੰਦਰ ਸਿੰਘ, ਮਨਦੀਪ ਸਿੰਘ ਸਮੇਤ ਸਿਹਤ ਵਿਭਾਗ ਦੇ ਅਧਿਕਾਰੀ ਅਤੇ ਕਰਮਚਾਰੀ ਮੌਜੂਦ ਸਨ।