ਬਟਾਲਾ, 14 ਜੁਲਾਈ 2021 ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫਾਕ ਦੀ ਅਗਵਾਈ ਹੇਠ ‘ਆਯੂਸ਼ਮਾਨ ਭਾਰਤ ਸਰਬੱਤ ਸਿਹਤ ਬੀਮਾ ਯੋਜਨਾ’ ਤਹਿਤ ਯੋਗ ਲਾਭਪਾਤਰੀਆਂ ਦੇ ਈ-ਕਾਰਡ ਬਣਾਉਣ ਸਬੰਧੀ ਜ਼ਿਲ੍ਹੇ ਅੰਦਰ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ। ਆਯੂਸ਼ਮਾਨ ਭਾਰਤ ਸਰਬੱਤ ਸਿਹਤ ਬੀਮਾ ਯੋਜਨਾ ਦੇ ਕਾਰਡ ਬਣਾਉਣ ਲਈ ਵਿਸ਼ੇਸ ਕੈਂਪ ਲਗਾਏ ਜਾ ਰਹੇ ਹਨ ਤਾਂ ਜੋ ਲੋਕਾਂ ਦੇ ਘਰਾਂ ਨੇੜੇ ਹੀ ਕਾਰਡ ਬਣਾਉਣ ਦੀ ਸਹੂਲਤ ਦਿੱਤੀ ਜਾ ਸਕੇ।
ਡਿਪਟੀ ਕਮਿਸ਼ਨਰ ਗੁਰਦਾਸਪੁਰ ਜਨਾਬ ਮੁਹੰਮਦ ਇਸ਼ਫ਼ਾਕ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲੇ ਅੰਦਰ ਲਾਭਪਾਤਰੀਆਂ ਦੇ ਸਿਹਤ ਬੀਮਾ ਕਾਰਡ ਬਣਾਉਣ ਲਈ ਪਿੰਡਾਂ ਤੇ ਵਾਰਡਾਂ ਵਿਚ ਵਿਸ਼ੇਸ਼ ਕੈਂਪ ਲਗਾਉਣ ਦੇ ਨਾਲ-ਨਾਲ ਜ਼ਿਲੇ ਦੀਆਂ ਮਾਰਕਿਟ ਕਮੇਟੀਆਂ ਵਿਖੇ ਕਾਰਡ ਬਣਾਏ ਜਾ ਰਹੇ ਹਨ।
ਡਿਪਟੀ ਕਮਿਸ਼ਨਰ ਨੇ ਅੱਗੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਚਲਾਈ ਜਾ ਰਹੀ ਆਯੂਸ਼ਮਾਨ ਭਾਰਤ ਸਰਬੱਤ ਸਿਹਤ ਬੀਮਾ ਯੋਜਨਾ ਤਹਿਤ ਕਾਰਡ ਧਾਰਕ ਅਤੇ ਉਸਦੇ ਪਰਿਵਾਰਕ ਮੈਂਬਰਾਂ ਲਈ 5 ਲੱਖ ਰੁਪਏ ਤਕ ਦੇ ਮੁਫਤ ਇਲਾਜ ਦੀ ਸਹੂਲਤ ਦਿੱਤੀ ਜਾ ਰਹੀ ਹੈ। ਜ਼ਿਲੇ ਅੰਦਰ ਸਮਾਰਟ ਕਾਰਡ ਧਾਰਕ ਲਾਭਪਾਤਰੀ, ਜੇ-ਫਾਰਮ ਹੋਲਡਰ ਕਿਸਾਨ, ਐਸ.ਸੀ/ਬੀ.ਸੀ ਪਰਿਵਾਰ (ਐਸ ਈ ਸੀ ਸੀ-ਭਲਾਈ ਵਿਭਾਗ ਨਾਲ ਸਬੰਧਤ), ਉਸਾਰੀ ਬੋਰਡ ਨਾਲ ਰਜ਼ਿਸਟਰਡ ਮਜ਼ਦੂਰ, ਐਕਸਾਈਜ਼ ਵਿਭਾਗ ਨਾਲ ਰਜ਼ਿਸਟਰਡ ਛੋਟੇ ਵਪਾਰੀ/ਦੁਕਾਨਦਾਰ ਅਤੇ ਯੈਲੋ ਕਾਰਡ ਅਤੇ ਐਕਰੀਡੇਸ਼ਨ ਕਾਰਡ ਧਾਰਕ ਪੱਤਰਕਾਰ ‘ਆਯੂਸ਼ਮਾਨ ਭਾਰਤ ਸਰਬੱਤ ਸਿਹਤ ਬੀਮਾ ਯੋਜਨਾ ਤਹਿਤ’ ਕਵਰ ਕੀਤੇ ਗਏ ਹਨ। ਡਿਪਟੀ ਕਮਿਸ਼ਨਰ ਨੇ ਉਪਰੋਕਤ ਸ਼੍ਰੇਣੀਆਂ ਦੇ ਲਾਭਪਾਤਰੀਆਂ ਨੂੰ ਅਪੀਲ ਕੀਤੀ ਕਿ ਉਹ ਆਪਣਾ ਸਰਬੱਤ ਸਿਹਤ ਬੀਮਾ ਯੋਜਨਾ ਦਾ ਕਾਰਡ ਜਰੂਰ ਬਣਾ ਲੈਣ।