ਉਪ ਜ਼ਿਲ੍ਹਾ ਸਿੱਖਿਆ ਅਫਸਰ ਵੱਲੋਂ ਕੋਰੋਨਾ ਵੈਕਸੀਨ ਦੀ ਦੂਜੀ ਡੋਜ ਲਗਵਾ ਕੇ ਅਧਿਆਪਕਾਂ ਅਤੇ ਮਾਪਿਆਂ ਨੂੰ ਕੀਤਾ ਪ੍ਰੇਰਿਤ

ਪਠਾਨਕੋਟ: 11 ਮਈ 2021:– (              ) ਕੋਰੋਨਾ ਮਹਾਂਮਾਰੀ ਨੇ ਜਿੱਥੇ ਪਿਛਲੇ ਵਰ੍ਹੇ ਤੋਂ ਹੀ ਕੁੱਲ ਦੁਨੀਆਂ ਨੂੰ ਆਪਣੀ ਘਾਤਕ ਲਪੇਟ ਵਿੱਚ ਲਿਆ ਹੋਇਆ ਹੈ, ਉੱਥੇ ਜੇਕਰ ਸਿੱਖਿਆ ਤੰਤਰ ਦੀ ਗੱਲ ਕਰੀਏ ਤਾਂ ਇਸ ਭਿਆਨਕ ਵਾਇਰਸ ਦੇ ਮੁੜ ਵੱਧਦੇ ਪ੍ਰਭਾਵ ਕਾਰਨ ਪੰਜਾਬ ਸਰਕਾਰ ਅਤੇ ਸਿੱਖਿਆ ਵਿਭਾਗ ਵੱਲੋਂ ਵਿਦਿਆਰਥੀਆਂ ਦੀ ਸਿਹਤ ਦਾ ਖਿਆਲ ਰੱਖਦਿਆਂ ਵਿਦਿਆਰਥੀਆਂ ਨੂੰ ਸਕੂਲ ਨਾ ਆਉਣ ਦੇਣ ਦਾ ਫੈਸਲਾ ਕੀਤਾ ਗਿਆ ਹੈ। ਕੋਵਿਡ-19 ਮਹਾਂਮਾਰੀ ਤੋਂ ਬਚਾਅ ਲਈ ਪੰਜਾਬ ਸਰਕਾਰ ਵੱਲੋਂ ਵੈਕਸੀਨੇਸਨ ਅਭਿਆਨ ਚਲਾਇਆ ਜਾ ਰਿਹਾ ਹੈ ਤਾਂ ਜੋ ਇਸ ਘਾਤਕ ਵਾਇਰਸ ਦੇ ਪ੍ਰਭਾਵ ਨੂੰ ਛੇਤੀ ਤੋਂ ਛੇਤੀ ਨਿਯੰਤਰਨ ਹੇਠ ਲਿਆਂਦਾ ਜਾ ਸਕੇ। ਇਸੇ ਹੀ ਸੰਦਰਭ ਵਿੱਚ ਉਪ ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਪਠਾਨਕੋਟ ਸ੍ਰੀ ਰਾਜੇਸਵਰ ਸਲਾਰੀਆ ਵੱਲੋਂ ਕੋਰੋਨਾ ਵੈਕਸੀਨ ਦੀ ਦੂਜੀ ਡੋਜ ਲਗਵਾਈ ਗਈ।
ਡੋਜ ਲਗਵਾਉਣ ਉਪਰੰਤ ਉਹਨਾਂ ਦੱਸਿਆ ਕਿ ਕੋਰੋਨਾ ਮਹਾਂਮਾਰੀ ਤੋਂ ਬਚਾਅ ਲਈ ਅਤੇ ਇਸਦੇ ਫੈਲਾਅ ਨੂੰ ਰੋਕਣ ਲਈ ਵੈਕਸੀਨ ਲਗਵਾਉਣਾ ਬਹੁਤ ਜਰੂਰੀ ਹੈ। ਉਹਨਾਂ ਕਿਹਾ ਕਿ ਇਹ ਵੈਕਸੀਨ ਪੂਰੀ ਤਰ੍ਹਾਂ ਸੇਫ ਹੈ ਅਤੇ ਬਿਲਕੁਲ ਵੀ ਘਬਰਾਉਣ ਦੀ ਕੋਈ ਲੋੜ ਨਹੀਂ ਹੈ। ਉਹਨਾਂ ਦੱਸਿਆ ਕਿ ਸਾਨੂੰ ਫਜੂਲ ਅਫਵਾਹਾਂ ਤੋਂ ਸੁਚੇਤ ਰਹਿਣ ਦੀ ਲੋੜ ਹੈ ਅਤੇ ਸਿਹਤ ਵਿਭਾਗ ਵੱਲੋਂ ਦੱਸੇ ਉਮਰ ਗੁੱਟ ਵਿੱਚ ਆਉਂਦੇ ਹਰ ਇੱਕ ਨੂੰ ਇਹ ਜਰੂਰ ਲਗਵਾਉਣਾ ਚਾਹੀਦਾ ਹੈ। ਉਹਨਾਂ ਨੇ ਇਸ ਵੈਕਸੀਨੇਸਨ ਲਈ ਸਿੱਖਿਆ ਵਿਭਾਗ ਦੇ ਕਰਮਚਾਰੀਆਂ/ਅਧਿਆਪਕਾਂ ਅਤੇ ਵਿਦਿਆਰਥੀਆਂ ਦੇ ਮਾਪਿਆਂ ਨੂੰ ਵੀ ਅਪੀਲ ਕੀਤੀ ਕਿ ਉਹ ਵੀ ਇਸ ਟੀਕਾਕਰਨ ਮੁਹਿੰਮ ਦਾ ਹਿੱਸਾ ਬਣਨ ਅਤੇ ਟੀਕਾ ਲਗਵਾ ਕੇ ਇਸ ਨਾਮੁਰਾਦ ਮਹਾਂਮਾਰੀ ਨੂੰ ਖਤਮ ਕਰਨ ਵਿੱਚ ਆਪਣਾ ਯੋਗਦਾਨ ਪਾਉਣ।

Spread the love