ਐਸਡੀਐਮ ਵਾਲੀਆ ਵੱਲੋਂ ਸੋਹਲ ਪੱਤੀ ਸੈਂਟਰ ਦਾ ਦੌਰਾ

ਮਰੀਜ਼ਾਂ ਦਾ ਹਾਲ ਜਾਣਿਆ, ਆਕਸੀਜਨ ਸਪਲਾਈ ਸਣੇ ਮੈਡੀਕਲ ਸਹੂਲਤਾਂ ਦਾ ਜਾਇਜ਼ਾ
ਬਰਨਾਲਾ, 25 ਅਪਰੈਲ
ਜ਼ਿਲਾ ਬਰਨਾਲਾ ਵਿੱਚ ਲੈਵਲ 2 ਫੈਸਿਲਟੀ ਸੋਹਲ ਪੱਤੀ ਵਿਖੇ ਕਰੋਨਾ ਮਰੀਜ਼ਾਂ ਦੀਆਂ ਸਹੂਲਤਾਂ ਅਤੇ ਸਥਿਤੀ ਦੇ ਜਾਇਜ਼ੇ ਲਈ ਅੱਜ ਉਪ ਮੰਡਲ ਮੈਜਿਸਟ੍ਰੇਟ ਸ੍ਰੀ ਵਰਜੀਤ ਵਾਲੀਆ ਵੱਲੋਂ ਸੋਹਲ ਪੱਤੀ ਸੈਂਟਰ ਦਾ ਦੌਰਾ ਕੀਤਾ ਗਿਆ। ਇਸ ਮੌਕੇ ਸਿਵਲ ਸਰਜਨ ਡਾ. ਹਰਿੰਦਰਜੀਤ ਸਿੰਘ ਵੀ ਹਾਜ਼ਰ ਸਨ।
ਇਸ ਮੌਕੇ ਐਸਡੀਐਮ ਵਾਲੀਆ ਨੇ ਸੋਹਲ ਪੱਤੀ ਵਿਖੇ ਦਾਖਲ ਕਰੋਨਾ ਪ੍ਰਭਾਵਿਤ ਮਰੀਜ਼ਾਂ ਨਾਲ ਗੱਲਬਾਤ ਕੀਤੀ ਅਤੇ ਸੈਂਟਰ ਵਿਚ ਮੈਡੀਕਲ ਸਹੂਲਤਾਂ ਤੋਂ ਇਲਾਵਾ ਮਰੀਜ਼ਾਂ ਦੇ ਖਾਣੇ ਅਤੇ ਹੋਰ ਪ੍ਰਬੰਧਾਂ ਦਾ ਜਾਇਜ਼ਾ ਲਿਆ।
ਇਸ ਮੌਕੇ ਸਿਵਲ ਸਰਜਨ ਡਾ. ਹਰਿੰਦਰਜੀਤ ਸਿੰਘ ਨੇ ਦੱਸਿਆ ਕਿ ਲੈਵਲ 2 ਫੈਸਿਲਟੀ ਸੋਹਲ ਪੱਤੀ ਵਿਖੇ ਇਸ ਵੇਲੇ 14 ਮਰੀਜ਼ ਦਾਖਲ ਹਨ। ਉਨਾਂ ਕਿਹਾ ਕਿ 317 ਮਰੀਜ਼ ਹੋਮ ਆਈਸੋਲੇਸ਼ਨ ਵਿੱਚ ਹਨ। ਉਨਾਂ ਕਿਹਾ ਕਿ ਜੇਕਰ ਕਿਸੇ ਕਰੋਨਾ ਪ੍ਰਭਾਵਿਤ ਮਰੀਜ਼ ਨੂੰ ਕੋਈ ਸਿਹਤ ਸਮੱਸਿਆ ਪੇਸ਼ ਹੁੰਦੀ ਹੈ ਜਾਂ ਸਹਿ ਰੋਗਾਂ ਤੋਂ ਪੀੜਤ ਹੁੰਦਾ ਹੈ ਤਾਂ ਅਜਿਹੇ ਮਰੀਜ਼ਾਂ ਨੂੰ ਸੋਹਲ ਪੱਤੀ ਵਿਖੇ ਦਾਖਲ ਕੀਤਾ ਜਾਂਦਾ ਹੈ, ਜਿੱਥੇ ਆਕਸੀਜਨ ਸਪਲਾਈ ਸਣੇ ਸਾਰੀਆਂ ਲੋੜੀਂਦੀਆਂ ਸਹੂਲਤਾਂ ਦਾ ਪੂਰਾ ਪ੍ਰਬੰਧ ਹੈ।
ਇਸ ਮੌਕੇ ਐਸਡੀਐਮ ਵਾਲੀਆ ਨੇ ਮਰੀਜ਼ਾਂ ਦੀ ਸਰੀਰਕ ਅਤੇ ਮਾਨਸਿਕ ਤੌਰ ’ਤੇ ਮਜ਼ਬੂਤੀ ਲਈ ਖੇਡਾਂ ਅਤੇ ਹੋਰ ਸਹਾਈ ਗਤੀਵਿਧੀਆਂ ਉਤੇ ਜ਼ੋਰ ਦਿੱਤਾ।