ਐਸ.ਡੀ.ਐਮ. ਤੇ ਡੀ.ਐਸ.ਪੀ. ਨੇ ਪਿੰਡ ਡੇਕਵਾਲਾ ਵਿਖੇ ਮੌਕੇ ਤੇ ਪੁੱਜ ਕੇ ਬੁਝਵਾਈ ਪਰਾਲੀ ਨੂੰ ਲਗਾਈ ਅੱਗ

ਰੂਪਨਗਰ, 15 ਨਵੰਬਰ:
ਪੰਜਾਬ ਸਰਕਾਰ ਵੱਲੋਂ ਪਰਾਲੀ ਦੇ ਨਾੜ ਨੂੰ ਅੱਗ ਲਗਾਉਣ ਤੇ ਕੀਤੀ ਗਈ ਸਖਤੀ ਦੇ ਬਾਵਜੂਦ ਕਿਸਾਨਾਂ ਪਰਾਲੀ ਨੂੰ ਅੱਗ ਲਗਾਉਣ ਤੋਂ ਬਾਜ਼ ਨਹੀਂ ਆ ਰਹੇ ਹਨ। ਉੱਧਰ ਸਰਕਾਰੀ ਹਦਾਇਤਾਂ ਦੇ ਮੱਦੇਨਜ਼ਰ ਜ਼ਿਲ੍ਹਾ ਰੂਪਨਗਰ ਦੇ ਸਿਵਲ ਅਤੇ ਪੁਲੀਸ ਪ੍ਰਸਾਸ਼ਨ ਦੇ ਉੱਚ ਅਧਿਕਾਰੀ ਪਰਾਲੀ ਨੂੰ ਅੱਗ ਲਗਾਉਣ ਦੀਆਂ ਘਟਨਾਵਾਂ ਤੇ ਸੈਟੇਲਾਈਟ ਜ਼ਰੀਏ ਪੂਰੀ ਨਿਗਰਾਨੀ ਰੱਖ ਰਹੇ ਹਨ ਅਤੇ ਅੱਗ ਲੱਗਣ ਦੀ ਘਟਨਾ ਦਾ ਪਤਾ ਲੱਗਦਿਆਂ ਹੀ ਮੋਕੇ ਤੇ ਪੁੱਜ ਕੇ ਕਰਵਾਈ ਕਰਦੇ ਹਨ। ਇਸੇ ਕੜੀ ਤਹਿਤ ਅੱਜ ਐਸ.ਡੀ.ਐਮ. ਰੂਪਨਗਰ ਹਰਬੰਸ ਸਿੰਘ ਅਤੇ ਡੀ.ਐਸ.ਪੀ. ਤਰਲੋਚਨ ਸਿੰਘ  ਰੂਪਨਗਰ ਸਬ ਡਵੀਜ਼ਨ ਅਧੀਨ ਪੈਂਦੇ ਪਿੰਡ ਡੇਕਵਾਲਾ ਵਿਖੇ ਪੁੱਜੇ, ਜਿੱਥੇ ਪਰਾਲੀ ਨੂੰ ਅੱਗ ਲਗਾਈ ਹੋਈ ਸੀ, ਪਰ ਮੌਕੇ ਤੇ ਕਿਸਾਨ ਮੌਜੂਦ ਨਹੀਂ ਸੀ।ਕਿਸਾਨ ਦੀ ਗੈਰ ਮੌਜੂਦਗੀ ਵਿੱਚ ਅਧਿਕਾਰੀਆਂ ਨੇ ਪਰਾਲੀ ਦੀ ਅੱਗ ਨੂੰ ਖੁਦ ਆਪਣੇ ਸਟਾਫ ਰਾਹੀਂ ਬੁਝਵਾਇਆ ਤੇ ਐਸ.ਐਚ.ਓ. ਸਿੰਘ ਭਗਵੰਤਪੁਰ ਹਰਪ੍ਰੀਤ ਸਿੰਘ ਮਾਹਲ ਨੂੰ ਹਦਾਇਤ ਕੀਤੀ ਕਿ ਸਬੰਧਤ ਕਿਸਾਨ ਦੀ ਸ਼ਨਾਖਤ ਕਰਕੇ ਉਸ ਵਿਰੁੱਧ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ।