— ਸਹਿਰ ਵਿੱਚ ਬਣਾਇਆ ਆਕਸੀਜ਼ਨ ਦਾ ਬੱਫਰ ਜੌਨ ਕੋਵਿਡ ਮਰੀਜਾਂ ਨੂੰ ਦੇ ਰਿਹਾ ਨਵੀਂ ਜਿੰਦਗੀ
—-ਜਿਲ੍ਹਾ ਪਠਾਨਕੋਟ , ਜਿਲ੍ਹਾ ਗੁਰਦਾਸਪੁਰ ਅਤੇ ਐਮ. ਐਚ. ਪਠਾਨਕੋਟ ਨੂੰ ਦਿੱਤੀ ਜਾ ਰਹੀ ਆਕਸੀਜ਼ਨ ਦੀ ਨਿਰੰਤਰ ਸਪਲਾਈ
—-24 ਘੰਟੇ ਰਾਤ ਅਤੇ ਦਿਨ ਆਕਸੀਜ਼ਨ ਪ੍ਰਬੰਧਨ ਤੇ ਲਗਾਈਆਂ ਟੀਮਾਂ ਨਿਭਾ ਰਹੀਆਂ ਬਿਹਤਰ ਸੇਵਾਵਾਂ
ਪਠਾਨਕੋਟ: 19 ਮਈ 2021:– ( ) ਕਰੋਨਾ ਮਹਾਂਮਾਰੀ ਦੀ ਦੂਸਰੀ ਲਹਿਰ ਦੇ ਚਲਦਿਆਂ ਬਹੁਤ ਸਾਰੇ ਲੋਕ ਜੋ ਹਦਾਇਤਾਂ ਦੀ ਪਾਲਣਾ ਨਹੀਂ ਕਰ ਰਹੇ ਕਰੋਨਾ ਪਾਜੀਟਿਵ ਪਾਏ ਜਾ ਰਹੇ ਹਨ ਅਤੇ ਜਿਲ੍ਹਾ ਪ੍ਰਸਾਸਨ ਵੱਲੋਂ ਕਰੋਨਾ ਵਾਈਰਸ ਤੇ ਫਤਿਹ ਪਾਉਂਣ ਲਈ ਹਰ ਤਰ੍ਹਾਂ ਦੇ ਯੋਗ ਪ੍ਰਬੰਧ ਕੀਤੇ ਗਏ ਹਨ, ਜਿਨ੍ਹਾਂ ਵਿੱਚੋਂ ਸਭ ਤੋਂ ਜਰੂਰੀ ਇਸ ਸਮੇਂ ਕਰੋਨਾ ਪਾਜੀਟਿਵ ਨੂੰ ਆਕਸੀਜ਼ਨ ੳਪਲੱਬਦ ਕਰਵਾਉਂਣਾ ਹੈ, ਜਿਸ ਲਈ ਜਿਲ੍ਹ੍ਹਾ ਪ੍ਰਸਾਸਨ ਵੱਲੋਂ ਸਾਰੇ ਪ੍ਰਖਤਾ ਪ੍ਰਬੰਧ ਕੀਤੇ ਗਏ ਹਨ। ਇਹ ਪ੍ਰਗਟਾਵਾ ਸ. ਗੁਰਸਿਮਰਨ ਸਿੰਘ ਢਿੱਲੋਂ ਐਸ.ਡੀ.ਐਮ. ਪਠਾਨਕੋਟ ਨੇ ਕੀਤਾ। ਜਿਕਰਯੋਗ ਹੈ ਕਿ ਸ੍ਰੀ ਸੰਯਮ ਅਗਰਵਾਲ ਡਿਪਟੀ ਕਮਿਸ਼ਨਰ ਪਠਾਨਕੋਟ ਵੱਲੋਂ ਆਕਸੀਜ਼ਨ ਉਪਲੱਬਦ ਕਰਵਾਉਂਣ ਅਤੇ ਸਾਰੀ ਦੇਖ ਰੇਖ ਲਈ ਐਸ.ਡੀ.ਐਮ. ਪਠਾਨਕੋਟ ਨੂੰ ਜਿਲ੍ਹਾ ਨੋਡਲ ਅਫਸ਼ਰ ਲਗਾਇਆ ਗਿਆ ਹੈ ਅਤੇ ਇਨ੍ਹਾਂ ਦੀ ਸਰਪ੍ਰਸਤੀ ਵਿੱਚ ਇਸ ਸਮੇਂ ਜਿਲ੍ਹਾ ਪਠਾਨਕੋਟ ਵਿੱਚ ਆਕਸੀਜ਼ਨ ਦੀ ਕਿਸੇ ਵੀ ਤਰ੍ਹਾਂ ਦੀ ਕੋਈ ਕਮੀ ਨਹੀਂ ਹੈ। ਇਸ ਤੋਂ ਇਲਾਵਾ ਜਿਲ੍ਹਾ ਪਠਾਨਕੋਟ ਵੱਲੋਂ ਜਿਲ੍ਹਾ ਗੁਰਦਾਸਪੁਰ ਅਤੇ ਐਮ.ਐਚ. ਪਠਾਨਕੋਟ ਵਿੱਚ ਵੀ ਆਕਸੀਜ਼ਨ ਦੀ ਸਪਲਾਈ ਨਿਰੰਤਰ ਕੀਤੀ ਜਾ ਰਹੀ ਹੈ।
ਆਕਸੀਜ਼ਨ ਦੀ ਪੂਰਤੀ ਲਈ ਜਿਲ੍ਹਾ ਪੱਧਰ ਤੇ ਕੀਤਾ ਕੰਟਰੋਲ ਰੂਮ ਸਥਾਪਤ — ਸ. ਗੁਰਸਿਮਰਨ ਸਿੰਘ ਢਿੱਲੋਂ ਨੇ ਦੱਸਿਆ ਕਿ ਜਿਲ੍ਹਾ ਪਠਾਨਕੋਟ ਵਿੱਚ ਉਨ੍ਹਾਂ ਵੱਲੋਂ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਪਠਾਨਕੋਟ ਵਿਖੇ ਇੱਕ ਕੰਟਰੋਲ ਰੂਮ ਸਥਾਪਤ ਕੀਤਾ ਗਿਆ ਹੈ ਜਿਸ ਦਾ ਮੋਬਾਇਲ ਨੰਬਰ 90566-83166 ਹੈ। ਉਨ੍ਹਾਂ ਦੱਸਿਆ ਕਿ ਇਹ ਕੰਟਰੋਲ ਰੂਮ 24 ਘੰਟੇ ਦਿਨ ਅਤੇ ਰਾਤ ਦੇ ਸਮੇਂ ਕੰਮ ਕਰ ਰਿਹਾ ਹੈ। ਜਿਵੈਂ ਹੀ ਕਿਸੇ ਹਸਪਤਾਲ ਦੀ ਆਕਸੀਜ਼ਨ ਦੀ ਡਿਮਾਂਡ ਆਉਂਦੀ ਹੈ ਤਾਂ ਕੰਟਰੋਲ ਰੂਮ ਤੋਂ ਕਾਰਜ ਸੁਰੂ ਕਰ ਦਿੱਤਾ ਜਾਂਦਾ ਹੈ ਤਾਂ ਜੋ ਘੱਟ ਸਮੇਂ ਅੰਦਰ ਹਸਪਤਾਲ ਨੂੰ ਆਕਸੀਜ਼ਨ ਦੀ ਜਰੂਰਤ ਨੂੰ ਪੂਰਾ ਕੀਤਾ ਜਾ ਸਕੇ ਅਤੇ ਲੋਕਾਂ ਅਨਮੋਲ ਜਿੰਦਗੀ ਨੂੰ ਬਚਾਇਆ ਜਾ ਸਕੇ।
ਪਠਾਨਕੋਟ ਸਿਟੀ ਵਿੱਚ ਸਥਾਪਤ ਕੀਤਾ ਆਕਸੀਜ਼ਨ ਬੱਫਰ ਜੌਨ—ਸਿਟੀ ਪਠਾਨਕੋਟ ਵਿੱਚ ਸਥਿਤ ਰਾਧਾ ਸਵਾਮੀ ਸਤਸੰਗ ਘਰ ਬਿਆਸ ਸੈਂਟਰ ਪਠਾਨਕੋਟ ਵਿੱਚ ਆਕਸੀਜ਼ਨ ਲਈ ਬੱਫਰ ਜੋਨ ਸਥਾਪਤ ਕੀਤਾ ਗਿਆ ਹੈ,ਜਿਕਰਯੋਗ ਹੈ ਕਿ ਜਦੋਂ ਕਿਸੇ ਹਸਪਤਾਲ ਤੋਂ ਆਕਸੀਜ਼ਨ ਦੀ ਡਿਮਾਂਡ ਆ ਜਾਂਦੀ ਹੈ ਅਗਰ ਕਿਸੇ ਕਾਰਨ ਕਰਕੇ ਆਕਸੀਜ਼ਨ ਪਲਾਟ ਪਠਾਨਕੋਟ ਅਤੇ ਮੰਡੀ ਗੋਬਿੰਦਗੜ੍ਹ ਤੋਂ ਰੀਫਿÇਲੰਗ ਲੇਟ ਹੁੰਦੀ ਹੈ ਤਾਂ ਉਸ ਹਸਪਤਾਲ ਨਾਲ ਸੰਪਰਕ ਕੀਤਾ ਜਾਂਦਾ ਹੈ ਅਤੇ ਅਗਰ ਆਕਸੀਜ਼ਨ ਸਿਲੰਡਰ ਦੀ ਲੋੜ ਮੋਕੇ ਤੇ ਹੈ ਤਾਂ ਬੱਫਰ ਜੌਨ ਵਿੱਚੋਂ ਆਕਸੀਜ਼ਨ ਦੀ ਸਪਲਾਈ ਡਿਮਾਂਡ ਵਾਲੇ ਹਸਪਤਾਲ ਨੂੰ ਕਰ ਦਿੱਤੀ ਜਾਂਦੀ ਹੈ।
ਟੀਮ ਵਰਕ ਦੇ ਚਲਦਿਆਂ ਘੱਟ ਸਮੇਂ ਵਿੱਚ ਹੋ ਜਾਂਦੀ ਹੈ ਆਕਸੀਜ਼ਨ ਦੀ ਡਿਮਾਂਡ ਪੂਰੀ—ਉਨ੍ਹਾਂ ਦੱਸਿਆ ਕਿ ਜਿਲ੍ਹਾ ਪਠਾਨਕੋਟ ਵਿੱਚ ਆਕਸੀਜ਼ਨ ਦੀ ਕਮੀ ਨਾ ਆਵੇ ਇਸ ਲਈ ਟੀਮ ਬਣਾਈਆਂ ਗਈਆਂ ਹਨ ਅਤੇ ਪਲਾਨਿੰਗ ਦੇ ਅਨੁਸਾਰ ਇਹ ਟੀਮਾਂ ਵਰਕ ਕਰ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਇੱਕ ਟੀਮ ਜੋ ਪ੍ਰਿੰਸੀਪਲ ਹਰੀਸ਼ ਮੋਹਣ ਆਈ.ਟੀ.ਆਈ. ਪਠਾਨਕੋਟ ਦੀ ਦੇਖ ਰੇਖ ਵਿੱਚ ਡੀ.ਏ.ਸੀ. ਮਲਿਕਪੁਰ ਵਿਖੇ ਸਥਾਪਿਤ ਕੰਟਰੋਲ ਰੂਮ ਵਿੱਚ ਕੰਮ ਕਰ ਰਹੀ ਹੈ। ਇਸ ਹੀ ਤਰ੍ਹਾਂ ਇੱਕ ਟੀਮ ਓ.ਜੇ ਐਸ. ਆਕਸੀਜ਼ਨ ਪਲਾਟ ਇੰਡਸਟ੍ਰੀਅਲ ਏਰੀਆਂ ਪਠਾਨਕੋਟ ਵਿਖੇ ਸਿਮਰਜੋਤ ਸਿੰਘ ਜੀ.ਐਮ. ਇੰਡਸ੍ਰਟੀਜ ਪਠਾਨਕੋਟ ਦੀ ਦੇਖਰੇਖ ਵਿੱਚ ਟੀਮ ਕੰਮ ਕਰ ਰਹੀ ਹੈ ਅਤੇ ਸਹਿਰ ਅੰਦਰ ਬਣਾਏ ਬੱਫਰ ਜੌਨ ਵਿੱਚ ਇੱਕ ਟੀਮ ਸਰਬਜੋਤ ਸਿੰਘ ਐਸ.ਡੀ.ਓ. ਆਰ.ਐਸ.ਡੀ. ਸਾਹਪੁਰਕੰਡੀ ਦੀ ਦੇਖ ਰੇਖ ਵਿੱਚ ਕੰਮ ਕਰ ਰਹੀ ਹੈ, ਆਕਸੀਜ਼ਨ ਸਿਲੰਡਰ ਦੀ ਭਰਾਈ ਅਤੇ ਸਮੇਂ ਸਿਰ ਨਿਰਧਾਰਤ ਸਥਾਨ ਤੇ ਪਹੁੰਚਾਉਂਣ ਲਈ ਸ੍ਰੀ ਦਿਵਤੇਸ਼ ਵਿਰਦੀ ਐਸ.ਡੀ.ਓ. ਸੀਵਰੇਜ ਬੋਰਡ ਦੀ ਪ੍ਰਧਾਨਗੀ ਵਿੱਚ ਟੀਮ ਕੰਮ ਕਰ ਰਹੀ ਹੈ । ਜਿਕਰਯੋਗ ਹੈ ਕਿ ਇਨ੍ਹਾਂ ਟੀਮਾਂ ਦੇ ਕਾਰਜ ਦੇ ਚਲਦਿਆਂ ਜਿਲ੍ਹਾ ਪਠਾਨਕੋਟ ਵਿੱਚ ਆਕਸੀਜ਼ਨ ਦੀ ਕਿਸੇ ਤਰ੍ਹਾਂ ਦੀ ਕਮੀ ਨਹੀਂ ਆ ਰਹੀ।
ਕਿਵੇਂ ਪ੍ਰਾਪਤ ਕੀਤਾ ਜਾ ਸਕਦਾ ਹੈ ਆਕਸੀਜ਼ਨ ਸਿਲੰਡਰ- ਐਸ.ਡੀ.ਐਮ. ਪਠਾਨਕੋਟ ਨੇ ਦੱਸਿਆ ਕਿ ਕੋਈ ਵੀ ਵਿਅਕਤੀ ਜਿਸ ਨੂੰ ਆਕਸੀਜਨ ਦੀ ਲੋੜ ਹੈ ਉਹ ਡਾਕਟਰ ਵੱਲੋਂ ਦਿੱਤੀ ਲਿਖਤੀ ਪਰਚੀ ਨਾਲ ਅਪਣੀ ਅਰਜ਼ੀ ਲਗਾ ਕੇ ਐਸ.ਡੀ.ਐਮ. ਦਫਤਰ ਪਠਾਨਕੋਟ ਵਿਖੇ ਜਮ੍ਹਾਂ ਕਰਵਾਏਗਾ ਅਤੇ ਉਸ ਨੂੰ ਮੰਨਜੂਰੀ ਦਿੱਤੇ ਜਾਣ ਤੋਂ ਬਾਅਦ ਬੜ੍ਹੀ ਅਸਾਨੀ ਨਾਲ ਉਹ ਵਿਅਕਤੀ ਆਕਸੀਜ਼ਨ ਪਲਾਟ ਤੋਂ ਆਕਸੀਜ਼ਨ ਸਿਲੰਡਰ ਪ੍ਰਾਪਤ ਕਰ ਸਕਦਾ ਹੈ। ਉਨ੍ਹਾਂ ਦੱਸਿਆ ਕਿ ਕਿਸੇ ਵੀ ਕੋਵਿਡ ਪਾਜੀਟਿਵ ਮਰੀਜ ਨੂੰ ਘਰ ਵਿੱਚ ਆਕਸੀਜ਼ਨ ਲਗਾਉਂਣ ਲਈ ਸਪਲਾਈ ਨਹੀਂ ਕੀਤੀ ਜਾਵੇਗੀ। ਕਿਸੇ ਹੋਰ ਬੀਮਾਰੀ ਨਾਲ ਪੀੜਤ ਵਿਅਕਤੀ ਜਿਸ ਨੂੰ ਲੋੜ ਹੈ ਨੂੰ ਮਨਜੂਰੀ ਮਿਲਣ ਤੋਂ ਬਾਅਦ ਅਸਾਨੀ ਨਾਲ ਆਕਸੀਜ਼ਨ ਪ੍ਰਾਪਤ ਹੋ ਜਾਵੇਗੀ।
ਸਥਿਤੀ ਨੂੰ ਦੇਖਦਿਆਂ ਐਸ.ਡੀ.ਐਮ. ਵੱਲੋਂ ਲੋਕਾਂ ਨੂੰ ਕੀਤੀ ਅਪੀਲ —ਸ. ਗੁਰਸਿਮਰਨ ਸਿੰਘ ਢਿੱਲੋਂ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਕਿ ਜਿਸ ਤਰ੍ਹਾਂ ਆਉਂਣ ਵਾਲੇ ਸਮੇਂ ਅੰਦਰ ਕੋਵਿਡ ਪਾਜੀਟਿਵ ਮਰੀਜਾਂ ਦੀ ਸੰਖਿਆ ਵਿੱਚ ਵਾਧਾ ਹੋ ਸਕਦਾ ਹੈ ਜਿਸ ਨੂੰ ਧਿਆਨ ਵਿੱਚ ਰੱਖਦਿਆਂ ਜਿਲ੍ਹੇ ਅੰਦਰ ਬੈਡਜ ਦੀ ਸੰਖਿਆ ਵਿੱਚ ਵਾਧਾ ਕੀਤਾ ਜਾਣਾ ਹੈ ਅਤੇ ਇਸ ਦੇ ਨਾਲ ਹੀ ਆਕਸੀਜ਼ਨ ਸਿਲੰਡਰਾਂ ਦੀ ਵੀ ਲੋੜ ਵਧੇਗੀ। ਉਨ੍ਹਾਂ ਅਪੀਲ ਕਰਦਿਆਂ ਜਿਲ੍ਹਾ ਨਿਵਾਸੀਆਂ ਨੂੰ ਕਿਹਾ ਕਿ ਜਿਨ੍ਹਾਂ ਲੋਕਾਂ ਕੋਲ ਡੀ. ਟਾਈਪ ਦੇ ਆਕਸੀਜ਼ਨ ਸਿਲੰਡਰ ਹਨ ਉਹ ਕੰਟਰੋਲ ਰੂਮ ਵਿੱਚ ਸੰਪਰਕ ਕਰਕੇ ਆਕਸੀਜ਼ਨ ਸਿਲੰਡਰ ਜਮ੍ਹਾਂ ਕਰਵਾਏ ਤਾਂ ਜੋ ਉਨ੍ਹਾਂ ਆਕਸੀਜ਼ਨ ਸਿਲੰਡਰਾਂ ਦੀ ਰੀਫਿÇਲੰਗ ਕਰਕੇ ਰੱਖਿਆ ਜਾਵੇ ਤਾਂ ਜੋ ਕਿਸੇ ਲੋੜਬੰਦ ਵਿਅਕਤੀ ਦੀ ਆਕਸੀਜ਼ਨ ਦੀ ਕਮੀ ਨੂੰ ਪੂਰਾ ਕਰਕੇ ਜਿੰਦਗੀ ਬਚਾਈ ਜਾ ਸਕੇ। ਉਨ੍ਹਾਂ ਕਿਹਾ ਕਿ ਸਥਿਤੀ ਠੀਕ ਹੋਣ ਤੋਂ ਬਾਅਦ ਜਿਸ ਵਿਅਕਤੀ ਵੱਲੋਂ ਆਕਸੀਜ਼ਨ ਸਿਲੰਡਰ ਜਿਲ੍ਹਾ ਪ੍ਰਸਾਸਨ ਨੂੰ ਜਮ੍ਹਾ ਕਰਵਾਇਆ ਜਾਵੇਗਾ ਉਹ ਫਿਰ ਤੋਂ ਵਾਪਸ ਕਰ ਦਿੱਤਾ ਜਾਵੇਗਾ।