ਓਵਰਲੋਡ ਵਾਹਨਾਂ ਦੀ ਸਖਤੀ ਨਾਲ ਚੈਕਿੰਗ ਤੇ ਚਲਾਨ ਕੀਤੇ ਜਾਣ: ਡਿਪਟੀ ਕਮਿਸ਼ਨਰ ਸੋਨਾਲੀ ਗਿਰੀ

ਡਿਪਟੀ ਕਮਿਸ਼ਨਰ ਨੇ ਸੜਕ ਸੁਰੱਖਿਆ ਸਬੰਧੀ ਮੀਟਿੰਗ ਦੌਰਾਨ ਅਧਿਕਾਰੀਆਂ ਨੂੰ ਕੀਤੀਆਂ ਹਦਾਇਤਾਂ ਜਾਰੀ
ਰੂਪਨਗਰ, 17 ਅਗਸਤ 2021 ਡਿਪਟੀ ਕਮਿਸ਼ਨਰ ਸ੍ਰੀਮਤੀ ਸੋਨਾਲੀ ਗਿਰੀ ਵਲੋਂ ਅੱਜ ਇੱਥੇ ਜ਼ਿਲ੍ਹੇ ਵਿਚ ਸੜਕ ਸੁਰੱਖਿਆ ਸਬੰਧੀ ਮੀਟਿੰਗ ਕੀਤੀ ਗਈ। ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਨੇ ਹਦਾਇਤਾਂ ਜਾਰੀ ਕਰਿਦਆਂ ਕਿਹਾ ਕਿ ਜ਼ਿਲ੍ਹੇ ਭਰ ਵਿਚ ਐਕਸੀਡੈਂਟ ਸੰਭਾਵਿਤ ਸਥਾਨਾਂ (ਬਲੈਕ ਸਪਾਟਸ) ਦੀ ਨਿਸ਼ਾਨਦੇਹੀ ਕਰਕੇ ਸੜਕ ਸੁਰੱਖਿਆ ਸਬੰਧੀ ਪੂਰੀ ਸਾਵਧਾਨੀ ਵਰਤੀ ਜਾਵੇ।
ਸ੍ਰੀਮਤੀ ਸੋਨਾਲੀ ਗਿਰੀ ਨੇ ਕਿਹਾ ਕਿ ਬਲੈਕ ਸਪਾਟਸ ਵਾਲੀਆਂ ਥਾਵਾਂ `ਤੇ ਰਿਫਲੈਕਟਰ, ਸਪੀਡ ਬਰੇਕਰ, ਸਾਈਨ ਬੋਰਡ ਲਾਏ ਜਾਣ ਤਾਂ ਜੋ ਕਿਸੇ ਵੀ ਸੜਕ ਦੁਰਘਟਨਾਂ ਤੋਂ ਲੋਕਾਂ ਨੂੰ ਬਚਾਇਆ ਜਾ ਸਕੇ।ਉਨ੍ਹਾਂ ਨਾਲ ਹੀ ਕਿਹਾ ਕਿ ਖਾਸ ਕਰਕੇ ਸ਼ਹਿਰੀ ਆਵਾਜਾਈ ਵਾਲੀਆਂ ਥਾਵਾਂ `ਤੇ ਭਾਰੀ ਵਾਹਨ ਨਾ ਵੜਨ ਦਿੱਤੇ ਜਾਣ ਤਾਂ ਜੋ ਲੋਕਾਂ ਨੂੰ ਟ੍ਰੈਫਿਕ ਦੀ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ।ਉਨ੍ਹਾਂ ਇਹ ਵੀ ਕਿਹਾ ਕਿ ਸਵੇਰ ਅਤੇ ਸ਼ਾਮ ਨੂੰ ਸੈਰ ਕਰਨ ਵਾਲਿਆਂ ਲਈ ਤੇਜ਼ ਗਤੀ ਵਾਲੇ ਵਾਹਨ ਐਕਸੀਡੈਂਟ ਕਾਰਨ ਬਣਦੇ ਹਨ, ਸੋ ਇਸ ਲਈ ਤੇਜ਼ ਗਤੀ ਨਾਲ ਚੱਲਣ ਵਾਲੇ ਵਾਹਨਾਂ ਦੇ ਸਖਤੀ ਨਾਲ ਚਲਾਨ ਕੀਤੇ ਜਾਣ।
ਸ੍ਰੀਮਤੀ ਸੋਨਾਲੀ ਗਿਰੀ ਨੇ ਨਾਲ ਹੀ ਕਿਹਾ ਕਿ ਬੱਚਿਆਂ ਦੇ ਸਕੂਲ ਖੁੱਲ ਗਏ ਹਨ ਅਤੇ ਬੱਚਿਆਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਸਾਰੇ ਸਕੂਲਾਂ ਨਜਦੀਕ ਟ੍ਰੈਫਿਕ ਨਿਯਮ ਪਾਲਣ ਕਰਨੇ ਯਕੀਨੀ ਬਣਾਏ ਜਾਣ।ਉਨ੍ਹਾਂ ਸਕੂਲ ਪ੍ਰਬੰਧਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਸਕੂਲ ਵੈਨਾਂ ਦੇ ਕਾਗਜ਼ਾਤ ਪੂਰੇ ਸਹੀ ਰੱਖਣ।ਉਨਾਂ ਨਾਲ ਹੀ ਕਿਹਾ ਕਿ ਮਿਆਦ ਪੁਗਾ ਚੁੱਕੀਆਂ ਸਕੂਲ ਬੱਸਾਂ ਅਤੇ ਵੈਨਾਂ ਨੂੰ ਕਿਸੇ ਵੀ ਹਾਲਤ ਵਿਚ ਨਹੀਂ ਚੱਲਣ ਦਿੱਤਾ ਜਾਵੇਗਾ।
ਇਸ ਤੋਂ ਇਲਾਵਾ ਡਿਪਟੀ ਕਮਿਸ਼ਨਰ ਨੇ ਓਵਰਲੋਡ ਵਾਹਨਾਂ ਦੇ ਚਲਾਨ ਕਰਨ ਲਈ ਵੀ ਸਖਤ ਅਦੇਸ਼ ਜਾਰੀ ਕੀਤੇ। ਉਨ੍ਹਾਂ ਕਿਹਾ ਕਿ ਓਵਰਲੋਡ ਵਾਹਨਾਂ ਦੀ ਪੂਰੀ ਚੈਕਿੰਗ ਕੀਤੀ ਜਾਵੇ ਅਤੇ ਕਿਸੇ ਨਾਲ ਵੀ ਢਿੱਲ ਨਾ ਵਰਤੀ ਜਾਵੇ।ਡਿਪਟੀ ਕਮਿਸ਼ਨਰ ਨੇ ਕਿਹਾ ਕਿ ਆਮ ਪਬਲਿਕ ਵਲੋਂ ਕਈ ਵਾਰ ਸ਼ਿਕਇਤਾਂ ਆਈਆਂ ਹਨ ਭਾਰੀ ਵਾਹਨ ਭੀੜ ਭਾੜ ਵਾਲੇ ਇਲਾਕਿਆਂ ਵਿਚੋਂ ਵੀ ਕਾਫੀ ਤੇਜ਼ ਗਤੀ ਨਾਲ ਚੱਲਦੇ ਹਨ, ਜਿਸ ਨੂੰ ਸਖਤੀ ਨਾਲ ਠੱਲ ਪਾਈ ਜਾਵੇ।
ਸ੍ਰੀਮਤੀ ਸੋਨਾਲੀ ਗਿਰੀ ਨੇ ਅਹਿਮ ਫੇਸਲਾ ਲੈਂਦਿਆਂ ਰਾਸ਼ਟਰੀ ਰਾਜ ਮਾਰਗ ਅਤੇ ਰਾਜ ਮਾਰਗ ਦੇ ਨਾਲ ਲਗਦੇ ਇਲਾਕਿਆਂ ਵਿਚੋਂ ਨਜਾਇਜ਼ ਕਬਜ਼ੇ ਹਟਾਉਣ ਦੇ ਹੁਕਮ ਵੀ ਜਾਰੀ ਕੀਤੇ।ਇਸ ਦੇ ਨਾਲ ਹੀ ਉਨ੍ਹਾਂ ਰਾਜ ਮਾਰਗ ਅਤੇ ਰਾਸ਼ਟਰੀ ਰਾਜ ਮਾਰਗ ਨਾਲ ਜੁੜਦੀਆਂ ਲਿੰਕ ਸੜਕਾਂ `ਤੇ ਵੱਡੇ ਸਾਈਨ ਬੋਰਡ, ਲਾਈਟਾਂ ਅਤੇ ਰਿਫਲੈਕਟਰ ਆਦਿ ਲਾਉਣ ਲਈ ਵੀ ਸਬੰਧਤ ਅਧਿਕਾਰੀਆਂ ਨੂੰ ਹਦਾਇਤਾਂ ਜਾਰੀ ਕੀਤੀਆਂ।