ਕਣਕ ਦੀ ਗੁਲਾਬੀ ਸੁੰਡੀ ਤੋਂ ਘਬਰਾਉਣ ਦੀ ਨਹੀਂ, ਸਮੇਂ ਸਿਰ ਇਲਾਜ ਕਰਨ ਦੀ ਜਰੂਰਤ : ਡਾ ਜਗਦੀਸ਼ ਸਿੰਘ

ਬਰਨਾਲਾ, 23 ਨਵੰਬਰ 2024

ਮੁੱਖ ਖੇਤੀਬਾੜੀ ਅਫ਼ਸਰ ਡਾ. ਜਗਦੀਸ਼ ਸਿੰਘ ਨੇ ਕਿਹਾ ਕਿ ਜ਼ਿਲ੍ਹੇ ਵਿੱਚ ਫਸਲਾਂ ਦੇ ਸਰਵੇਖਣ ਲਈ ਪੈਸਟ ਸਰਵੇਲੈਸ ਟੀਮਾਂ ਦਾ ਗਠਨ ਕੀਤਾ ਗਿਆ ਹੈ ਜੋ ਸਮੇਂ ਸਮੇਂ ਕਿਸਾਨਾਂ ਦੇ ਖੇਤਾਂ ਵਿੱਚ ਜਾ ਕੇ ਫਸਲ ਦਾ ਸਰਵੇਖਣ ਕਰ ਰਹੀਆਂ ਹਨ, ਉਨਾਂ ਦੱਸਿਆ ਕਿ ਕਣਕ ਦੀ ਫਸਲ ਨੂੰ ਪਹਿਲਾ ਪਾਣੀ ਲਾਉਣ ਤੋਂ ਪਹਿਲਾਂ ਫਸਲ ਦਾ ਨਿਰੰਤਰ ਨਿਰੀਖਣ ਕੀਤਾ ਜਾਵੇ, ਜੇਕਰ ਕਣਕ ਦੀ ਫਸਲ ਉੱਪਰ ਗੁਲਾਬੀ ਸੁੰਡੀ ਦਾ ਹਮਲਾ ਆਰਥਿਕ ਕਾਗਾਰ ਤੋਂ ਜਿਆਦਾ ਹੋਵੇ ਤਾਂ ਪਹਿਲਾਂ ਪਾਣੀ ਲਾਉਣ ਤੋਂ ਪਹਿਲਾਂ 7 ਕਿਲੋ ਫਿਪਰੋਨਿਲ ਜਾਂ ਇੱਕ ਲਿਟਰ ਕਲੋਰੋਪਾਈਰੀਫਾਸ ਨੂੰ 20 ਈ ਸੀ ਨੂੰ 20 ਕਿਲੋ ਸਿੱਲੀ ਮਿੱਟੀ ਵਿੱਚ ਰਲਾ ਕੇ ਛਿਟਾ ਦੇ ਦਿਉ। ਉਨਾਂ ਦੱਸਿਆ ਕਿ ਕਣਕ ਦੀ ਫਸਲ ਨੂੰ ਦਿਨ ਸਮੇਂ ਪਹਿਲਾ ਪਾਣੀ ਲਗਾਉਣ ਨੂੰ ਤਰਜੀਹ ਦਿਉ ਤਾਂ ਜੋ ਪੰਛੀ ਵੱਧ ਤੋਂ ਵੱਧ ਸੁੰਡੀਆਂ ਦਾ ਸ਼ਿਕਾਰ ਕਰ ਸਕਣ। ਉਨ੍ਹਾਂ ਦੱਸਿਆ ਕਿ ਜੇਕਰ ਪਹਿਲਾ ਪਾਣੀ ਲਾਉਣ ਤੋਂ ਬਾਅਦ ਸੁੰਡੀ ਦਾ ਹਮਲਾ ਦਿਖਾਈ ਦਿੰਦਾ ਹੈ ਤਾਂ 50 ਮਿਲੀ ਲਿਟਰ ਕਲੋਰਐਂਟਰਾਨਿਲੀਪਰੋਲ(ਕੋਰਾਜਿਨ) 18.5 ਐਸ ਸੀ ਨੂੰ 100 ਲਿਟਰ ਪਾਣੀ ਵਿੱਚ ਘੋਲ ਕੇ ਛਿੜਕਾਅ ਕੀਤਾ ਜਾਵੇ।

ਮੁੱਖ ਖੇਤੀਬਾੜੀ ਅਫਸਰ ਨੇ ਜਾਣਕਾਰੀ ਦਿਦਿਆਂ ਕਿਹਾ ਕਿ ਗੁਲਾਬੀ ਸੁੰਡੀ ਤਾਂ ਹਰ ਤਰ੍ਹਾਂ ਦੀ ਤਕਨੀਕ ਨਾਲ ਬਿਜਾਈ ਕੀਤੀ ਗਈ ਕਣਕ ਦੀ ਫਸਲ ਉੱਪਰ ਆ ਸਕਦੀ ਹੈ । ਸਾਲ 2024 ਦੌਰਾਨ ਜ਼ਿਲ੍ਹੇ ਦੇ ਬਹੁਤੇ ਕਿਸਾਨਾਂ ਵੱਲੋਂ ਇਨ ਸਿਟੂ ਮਸੀਨਾਂ ਜਿਵੇਂ ਕਿ ਸੁਪਰ ਸੀਡਰ, ਹੈਪੀਸੀਡਰ, ਸਮਾਰਟ ਸੀਡਰ ਤੇ ਹੋਰ ਮਸ਼ੀਲਾਂ ਦੀ ਵਰਤੋਂ ਕਰਕੇ ਕਣਕ ਦੀ ਬਿਜਾਈ ਕੀਤੀ ਗਈ ਹੈ, ਇਸ ਸਮੇਂ ਕਿਸਾਨਾਂ ਵਿੱਚ ਕਣਕ ਦੀ ਫਸਲ ‘ਤੇ ਗੁਲਾਬੀ ਸੁੰਡੀ ਨੂੰ ਲੈ ਕੇ ਇੱਕ ਡਰ ਬਣਿਆ ਹੋਇਆ ਹੈ। ਉਹਨਾਂ ਕਿਹਾ ਕਿ ਜਿਥੇ ਕਿਤੇ ਵੀ ਫਸਲ ‘ਤੇ ਕੋਈ ਪੈਸਟ ਦਾ ਹਮਲੇ ਦੇ ਆਸਾਰ ਨਜਰ ਆਏ , ਉਥੇ ਕਿਸਾਨਾਂ ਨੂੰ ਆਪਣੇ ਆਪਣੇ ਬਲਾਕ ਖੇਤੀਬਾੜੀ ਅਫਸਰ ਜਾਂ ਸਰਕਲ ਦੇ ਖੇਤੀਬਾੜੀ ਅਧਿਕਾਰੀਆਂ ਨਾਲ ਰਾਬਤਾ ਕਾਇਮ ਕਰਕੇ ਇਸ ਸੰਬੰਧੀ ਜਾਣਕਾਰੀ ਪ੍ਰਾਪਤ ਕੀਤੀ ਜਾ ਸਕਦੀ ਹੈ ਤੇ ਖੇਤੀਬਾੜੀ ਅਧਿਕਾਰੀਆਂ ਦੀ ਸਲਾਹ ਨਾਲ ਹੀ ਕੀੜੇਮਾਰ ਦਵਾਈਆਂ ਦੀ ਵਰਤੋਂ ਕੀਤੀ ਜਾਵੇ ।

ਉਹਨਾਂ ਕਿਹਾ ਕਿ ਕਿਸਾਨਾਂ ਨੂੰ ਗੁਲਾਬੀ ਸੁੰਡੀ ਤੋਂ ਘਬਰਾਉਣ ਦੀ ਲੋੜ ਨਹੀਂ ਸਗੋਂ ਸਮੇਂ ਸਿਰ ਸਮਝਦਾਰੀ ਨਾਲ ਖੇਤੀਬਾੜੀ ਮਾਹਰਾਂ ਦੀ ਸਿਫਾਰਿਸ਼ ਅਨੁਸਾਰ ਪੰਜਾਬ ਖੇਤੀਬਾੜੀ ਖੇਤੀਬਾੜੀ ਯੂਨੀਵਰਸਿਟੀ ਦੁਆਰਾ ਸਿਫਾਰਿਸ਼ਸ਼ੁਦਾ ਤਕਨੀਕਾਂ ਵਰਤ ਕੇ ਇਲਾਜ ਕਰਨ ਦੀ ਜਰੂਰਤ ਹੈ।

ਉਹਨਾਂ ਕਿਹਾ ਕਿ ਗੁਲਾਬੀ ਸੁੰਡੀ ਜਦੋਂ ਝੋਨੇ ਦੀ ਫਸਲ ਵਿੱਚ ਹੁੰਦੀ ਹੈ ਤਾਂ ਫਸਲ ਦੀ ਕਟਾਈ ਉਪਰੰਤ ਝੋਨੇ ਦੇ ਮੁੱਢਾਂ ਵਿੱਚ ਲੁਕ ਕੇ ਮਿੱਟੀ ਵਿੱਚ ਨਿਵਾਸ ਕਰਦੀ ਹੈ। ਇਹ ਸੁੰਡੀ ਦੇ ਮਾਦਾ ਪਤੰਗੇ ਤਣੇ ਦੁਆਲੇ ਪੱਤੇ ਵਿੱਚ ਅੰਡੇ ਦਿਦਿਆਂ ਹਨ ਜਿਸ ਵਿੱਚੋਂ ਮੌਸਮ ਦੇ ਹਿਸਾਬ ਨਾਲ 6—7 ਦਿਨਾਂ ਬਾਅਦ ਸੁੰਡੀਆਂ ਨਿਕਲ ਕੇ ਤਣੇ ਵਿੱਚ ਮੋਰੀ ਕਰਕੇ ਤਣਾ ਅੰਦਰਲਾ ਮਾਦਾ ਖਾਦੀਆਂ ਹਨ। ਸੁੰਡੀਆਂ ਦੁਆਰਾ ਤਣੇ ਅੰਦਰਲਾ ਮਾਦਾ ਖਾਣ ਨਾਲ ਮੁੱਖ ਸਾਖ ਸੁੱਕ ਜਾਂਦੀ ਹੈ ਅਤੇ ਬੂਟਾ ਪੀਲਾ ਪੈ ਕੇ ਸੁੱਕ ਜਾਂਦਾਂ ਹੈ। ਉਨਾਂ ਦੱਸਿਆ ਕਿ ਸੁੰਡੀ ਦਾ ਹਮਲਾ ਆਰਥਿਕ ਕਾਗਾਰ ਤੋਂ ਉੱਪਰ ਨਾ ਜਾਵੇ ਮਤਲਬ ਕਿ ਜੇਕਰ ਹਮਲਾ ਜਿਆਦਾ ਹੈ ਤਾਂ ਕੀਟਨਾਸਕਾਂ ਦੀ ਵਰਤੋਂ ਕਰੋ। ਕਈ ਵਾਰ ਜੇਕਰ ਸਮੇਂ ਸਿਰ ਇਲਾਜ ਨਾ ਕੀਤਾ ਜਾਵੇ ਤਾਂ ਸੁੰਡੀ ਕਣਕ ਦੀ ਫਸਲ ਦਾ ਕਾਫੀ ਨੁਕਸਾਨ ਕਰ ਦਿੰਦੀ ਹੈ।

ਉਹਨਾਂ ਵਧੇਰੇ ਜਾਣਕਾਰੀ ਦਿਦਿਆਂ ਕਿਹਾ ਕਿ ਗੁਲਾਬੀ ਸੁੰਡੀ ਦਾ ਇੱਕ ਸੌਖਾ ਇਲਾਜ ਬੀਜ ਸੋਧਣਾ ਹੈ, ਜਿੰਨਾ ਕਿਸਾਨਾਂ ਨੇ ਬਾਸਮਤੀ ਵਾਲੇ ਖੇਤਾਂ ਵਿੱਚ ਕਣਕ ਦੀ ਬਿਜਾਈ ਕਰਨੀ ਹੈ, ਉਹ ਬੀਜ ਨੂੰ ਬਿਜਾਈ ਤੋਂ ਪਹਿਲਾਂ ਜਰੂਰ ਸੋਧ ਲੈਣ। ਉਹਨਾਂ ਦੱਸਿਆ ਕਿ ਬੀਜ ਸੋਧਣ ਲਈ ਬੀਜ ਨੂੰ ਬਿਜਾਈ ਤੋਂ ਪਹਿਲਾਂ ਕੀਟਨਾਸਕਾਂ ਜਿਵੇਂ ਕਿ 160 ਮਿਲੀਲੀਟਰ ਕਲੋਰੋਪਾਈਰੋਫਾਸ ਜਾਂ 80 ਮਿਲੀ ਲੀਟਰ ਇਮਿਡਾਕਲੋਪ੍ਰਿਡ ਹੈਕਾਸਮਾਕੋਨਾਜੋਲ ਪ੍ਰਤੀ 40 ਕਿਲੋ ਬੀਜ ਨਾਲ ਸੋਧ ਕੇ ਬਿਜਾਈ ਕਰੋ। ਇਹਨਾਂ ਕੀਟਨਾਸ਼ਕ ਨੂੰ ਇੱਕ ਲੀਟਰ ਪਾਣੀ ਵਿੱਚ ਘੋਲ ਕੇ 40 ਕਿਲੋ ਬੀਜ ਦੀ ਪੱਕੇ ਫਰਸ਼ ਜਾਂ ਤਰਪਾਲ ਜਾਂ ਪਲਾਸਟਿਕ ਦੀ ਸੀਟ ‘ਤੇ ਪਤਲੀ ਤਹਿ ਵਿਛਾਅ ਕੇ ਛਿੜਕਾਅ ਕਰੋ ਅਤੇ ਸੁਕਾਉਣ ਉਪਰੰਤ ਬਿਜਾਈ ਕਰ ਦਿਉ।