ਰੂਪਨਗਰ, 11 ਜਨਵਰੀ 2024
ਮੁੱਖ ਖੇਤੀਬਾੜੀ ਅਫ਼ਸਰ ਰੂਪਨਗਰ ਡਾ. ਗੁਰਬਚਨ ਸਿੰਘ ਨੇ ਪਿੰਡ ਲੁਠੇੜੀ ਵਿਖੇ ਕਣਕ ਦੀ ਫਸਲ ਦਾ ਨਿਰੀਖਣ ਕਰਦੇ ਹੋਏ ਦੱਸਿਆ ਕਿ ਪਿਛਲੇ ਕੁੱਝ ਦਿਨਾਂ ਤੋਂ ਲਗਾਤਾਰ ਧੁੰਦ ਪੈਣ ਕਾਰਨ ਜਿਥੇ ਕਣਕ ਦੀ ਫਸਲ ਨੂੰ ਫ਼ਾਇਦਾ ਹੋਇਆ ਹੈ,ਉਥੇ ਕਿਸਾਨਾਂ ਨੂੰ ਕੁੱਝ ਪ੍ਰੇਸ਼ਾਨੀਆਂ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਹੈ। ਧੁੰਦ ਰਹਿਣ ਕਾਰਨ ਕਣਕ ਦੀ ਫਸਲ ਦੇ ਬੂਟਿਆ ਦੇ ਪੱਤੇ ਪੀਲੇ ਅਤੇ ਉਪਰਲੀਆਂ ਨੋਕਾਂ ਪੀਲੀਆਂ ਪੈਣ ਬਾਰੇ ਕਿਸਾਨਾਂ ਵੱਲੋ ਦੱਸਿਆ ਜਾ ਰਿਹਾ ਹੈ। ਇਸ ਦੇ ਮੁੱਖ ਕਾਰਨ ਖੁਰਾਕੀ ਤੱਤਾਂ ਦੀ ਘਾਟ, ਖਰਾਬ ਮੌਸਮ, ਜਿਆਦਾ ਪਾਣੀ ਦੇ ਕਾਰਨ ਅਤੇ ਉੱਲੀਆਂ ਦਾ ਹਮਲਾ ਆਦਿ ਕਾਰਨ ਹੋ ਸਕਦਾ ਹੈ।
ਡਾ.ਗੁਰਬਚਨ ਸਿੰਘ ਨੇ ਦੱਸਿਆ ਕਿ ਆਮ ਤੌਰ ਤੇ ਪੱਤੇ ਜਾਂ ਪੱਤਿਆਂ ਦੀਆਂ ਨੋਕਾਂ ਪੀਲੀਆਂ ਹੋ ਜਾਣ ਦੇ ਕਈ ਕਾਰਨ ਹਨ ਜਿਵੇ ਨਵੇਂ ਪੱਤਿਆਂ ਦੇ ਪੀਲੇਪਣ ਦਾ ਕਾਰਨ ਗੰਧਕ ਦੀ ਘਾਟ,ਮੈਂਗਨੀਜ਼ ਦੀ ਘਾਟ ਕਾਰਨ ਬੂਟੇ ਦੇ ਵਿਚਕਾਰਲੇ ਪੱਤਿਆ ਦੀਆ ਨਾੜੀਆ ਪੀਲੀਆ ਹੋ ਜਾਣ, ਜਿੰਕ ਦੀ ਘਾਟ ਕਾਰਨ ਪੱਤੇ ਲੱਕ ਵਿਚਕਾਰੋਂ ਪੀਲੇ ਹੋਣ, ਜਦ ਕਿ ਪੁਰਾਣੇ ਪੱਤਿਆਂ ਵਿੱਚ ਇਹ ਨਿਸ਼ਾਨੀਆਂ ਨਾਈਟ੍ਰੋਜਨ ਦੀ ਘਾਟ ਕਰਕੇ ਹੁਂੰਦੀਆਂ ਹਨ। ਇਸ ਲਈ ਪੀਲਾਪਣ ਦੂਰ ਕਰਨ ਲਈ ਢੁਕਵਾਂ ਇਲਾਜ ਨਾ ਕਰਨ ਕਾਰਨ ਜਿਥੇ ਖੇਤੀ ਲਾਗਤ ਖਰਚੇ ਵਧਦੇ ਹਨ,ਉਥੇ ਫਸਲ ਦੀ ਪੈਦਾਵਾਰ ਤੇ ਮਾੜਾ ਅਸਰ ਪੈਂਦਾ ਹੈ। ਇਸ ਲਈ ਕਣਕ ਦੀ ਫਸਲ ਦੇ ਪੀਲੇਪਣ ਦਾ ਸਹੀ ਕਾਰਨ ਲੱਭ ਕੇ ਸਹੀ ਇਲਾਜ ਕਰਨਾ ਬਹੁਤ ਜ਼ਰੂਰੀ ਹੈ।
ਉਨ੍ਹਾਂ ਦੱਸਿਆ ਕਿ ਪੀਲੀ ਕੁੰਗੀ ਦੇ ਪ੍ਰਭਾਵ ਕਾਰਨ ਵੀ ਫਸਲ ਪੀਲੀ ਨਜ਼ਰ ਆਉਂਦੀ ਹੈ। ਪੀਲੀ ਕੁੰਗੀ ਸਭ ਤੋਂ ਪਹਿਲਾਂ ਹੇਠਲੇ ਪੱਤਿਆਂ ਉੱਪਰ ਧੋੜੀਆਂ ਵਿੱਚ ਆਉਂਦੀ ਹੈ ਜੋ ਪੀਲੇ ਰੰਗ ਦੇ ਪਾਊਡਰੀ ਲੰਮੀਆਂ ਧਾਰੀਆਂ ਦੇ ਰੂਪ ਵਿੱਚ ਧੱਬਿਆਂ ਦੇ ਰੂਪ ਵਿੱਚ ਦਿਖਾਈ ਦਿੰਦੀ ਹੈ, ਜੇਕਰ ਪ੍ਰਭਾਵਤ ਪੱਤੇ ਨੂੰ ਦੋ ਉੰਗਲਾਂ ਵਿੱਚ ਫੜਿਆ ਜਾਵੇ ਤਾਂ ਉੰਗਲਾਂ ਤੇ ਪੀਲਾ ਪਾਊਡਰ ਲੱਗ ਜਾਂਦਾ ਹੈ। ਇਹੀ ਇੱਕ ਅਜਿਹੀ ਨਿਸ਼ਾਨੀ ਹੈ ਜੋ ਕਣਕ ਦੀ ਪੀਲੀ ਕੁੰਗੀ ਕਾਰਨ ਪੀਲੇਪਣ ਨੂੰ ਉਪੱਰ ਦੱਸੇ ਕਾਰਨਾਂ ਕਰਕੇ ਪੀਲੇਪਣ ਤੋਂ ਵੱਖ ਕਰਦੀ ਹੈ। ਜਦੋਂ ਪੀਲੀ ਕੁੰਗੀ ਬਿਮਾਰੀ ਵੱਧ ਜਾਂਦੀ ਹੈ ਤਾਂ ਬਿਮਾਰੀ ਸਿੱਟਿਆਂ ਤੇ ਵੀ ਦਿਖਾਈ ਦਿੰਦੀ ਹੈ ਜਿਸ ਨਾਲ ਦਾਣੇ ਪਤਲੇ ਪੈ ਜਾਂਦੇ ਹਨ ਅਤੇ ਝਾੜ ਬਹੁਤ ਘੱਟ ਜਾਂਦਾ ਹੈ। ਪੀਲੀ ਕੁੰਗੀ ਦੇ ਪੀਲੇ ਕਣ ,ਹਲਦੀ ਦੇ ਪਾਊਡਰ ਵਾਂਗ ਹੱਥਾਂ ਅਤੇ ਕੱਪੜਿਆਂ ਤੇ ਵੀ ਲੱਗ ਜਾਂਦੇ ਹਨ,ਜੋ ਬਿਮਾਰੀ ਦੇ ਅਗਾਂਹ ਫੈਲਣ ਵਿੱਚ ਸਹਾਈ ਹੁੰਦੇ ਹਨ।
ਮੁੱਖ ਖੇਤੀਬਾੜੀ ਅਫ਼ਸਰ ਨੇ ਕਿਹਾ ਕਿ ਕਿਸਾਨਾਂ ਨੂੰ ਚਾਹੀਦਾ ਹੈ ਕਿ ਦਸੰਬਰ ਮਹੀਨੇ ਤੋਂ ਬਾਅਦ ਆਪਣੇ ਖੇਤਾਂ ਦਾ ਲਗਾਤਾਰ ਸਰਵੇਖਣ ਕਰਦੇ ਰਹਿਣ ਚਾਹੀਦਾ ਹੈ ਅਤੇ ਜਦ ਵੀ ਪੀਲੀ ਕੁੰਗੀ ਦੇ ਹਮਲੇ ਦੇ ਸ਼ੁਰੂਆਤੀ ਲੱਛਣ ਦਿਖਾਈ ਦੇਣ ਤਾਂ ਤੁਰੰਤ 200 ਗ੍ਰਾਮ ਟੈਬੂਕੋਨਾਜ਼ੋਲ 25 ਡਬਲਯੂ ਜੀ ਜਾਂ 120 ਗ੍ਰਾਮ ਟ੍ਰਾਈਫਲੋਕਸੀਸਟ੍ਰੋਬਿਨ+ਟੈਬੂਕੋਨਾਜ਼ੋਲ 75 ਡਬਲਯੂ ਜੀ ਜਾਂ 200 ਮਿਲੀਲਿਟਰ ਪਾਈਰੈਕਲੋਸਟ੍ਰੋਬਿਨ+ਇਪੋਕਸੀਕੋਨਾਜ਼ੋਲ 18.3 ਐਸ ਈ ਜਾਂ 200 ਮਿਲੀਲਿਟਰ ਐਜ਼ੋਕਸੀਸਟ੍ਰੋਬਿਨ + ਟੈਬੂਕੋਨਾਜ਼ੋਲ 320 ਐਸ ਸੀ) ਜਾਂ 200 ਮਿਲੀਲਿਟਰ ਪ੍ਰੋਪੀਕੋਨਾਜ਼ੋਲ 25 ਈ ਸੀ ਨੂੰ 200 ਲਿਟਰ ਪਾਣੀ ਵਿੱਚ ਘੋਲ ਕੇ ਪ੍ਰਤੀ ਏਕੜ ਛਿੜਕਾਅ ਕਰੋ। ਗੰਭੀਰ ਹਾਲਤਾਂ ਵਿੱਚ ਦੂਜਾ ਛਿੜਕਾਅ 15 ਦਿਨ ਦੇ ਵਕਫੇ ਤੇ ਕਰੋ ਤਾਂ ਜੋ ਟੀਸੀ ਵਾਲਾ ਪੱਤਾ ਬਿਮਾਰੀ ਰਹਿਤ ਰਹਿ ਸਕੇ।
ਉਨ੍ਹਾਂ ਕਿਹਾ ਕਿ ਇਸ ਸਬੰਧੀ ਵਧੇਰੇ ਜਾਣਕਾਰੀ ਲਈ ਕਿਸਾਨ ਆਪਣੇ ਹਲਕੇ ਨਾਲ ਸੰਬੰਧਤ ਖੇਤੀਬਾੜੀ ਦਫਤਰ ਨਾਲ ਸੰਪਰਕ ਕਰ ਸਕਦੇ ਹਨ। ਇਸ ਮੌਕੇ ਕਿਸਾਨ ਪਰਮਜੀਤ ਸਿੰਘ, ਮਨਪ੍ਰੀਤ ਸਿੰਘ, ਡਾ. ਲਵਪ੍ਰੀਤ ਸਿੰਘ ਅਤੇ ਪਵਿੱਤਰ ਸਿੰਘ ਏ.ਐਸ.ਆਈ ਵਗੈਰਾ ਹਾਜ਼ਰ ਸਨ।