ਅਬੋਹਰ ਦੀ ਲਾਈਬੇ੍ਰਰੀ ਦਾ ਵੀ ਲਿਆ ਜਾਇਜ਼ਾ।
ਅਬੋਹਰ, 1 ਫਰਵਰੀ 2024
ਫਿਰੋਜਪੁਰ ਡਵੀਜਨ ਦੇ ਕਮਿਸ਼ਨਰ ਸ੍ਰੀ ਅਰੁਣ ਸੇਖੜੀ ਆਈਏਐਸ ਨੇ ਅੱਜ ਅਬੋਹਰ ਦਾ ਦੌਰਾ ਕਰਕੇ ਇੱਥੇ ਚਲ ਰਹੇ ਪ੍ਰੋਜੈਕਟਾ ਦਾ ਜਾਇਜ਼ਾ ਲਿਆ।ਇਸ ਮੌਕੇ ਜਿ਼ਲ੍ਹੇ ਦੇ ਡਿਪਟੀ ਕਮਿਸ਼ਨਰ ਡਾ: ਸੇਨੂ ਦੁੱਗਲ ਨੇ ਜਿ਼ਲ੍ਹੇ ਵਿਚ ਪਹੁੰਚਣ ਤੇ ਉਨ੍ਹਾਂ ਦਾ ਸਵਾਗਤ ਕੀਤਾ।
ਇਸ ਮੌਕੇ ਉਨ੍ਹਾਂ ਨੇ ਕਿਹਾ ਕਿ ਮੁੱਖ ਮੰਤਰੀ ਸ: ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀਆਂ ਲੋਕ ਭਲਾਈ ਦੀਆਂ ਸਕੀਮਾਂ ਦਾ ਲਾਭ ਹਰੇਕ ਨਾਗਰਿਕ ਨੂੰ ਮਿਲੇ ਅਤੇ ਵਿਕਾਸ ਪ੍ਰੋਜੈਕਟ ਤੇਜੀ ਨਾਲ ਹੋਣ ਇਸਦੇ ਲਈ ਜਾਇਜ਼ੇ ਲਈ ਉਹ ਆਏ ਹਨ। ਉਨ੍ਹਾਂ ਨੇ ਕਿਹਾ ਕਿ ਸਮੂਹ ਵਿਭਾਗਾਂ ਨੂੰ ਹਦਾਇਤ ਕੀਤੀ ਗਈ ਹੈ ਕਿ ਦਫ਼ਤਰਾਂ ਵਿਚ ਲੋਕਾਂ ਨੂੰ ਕਿਸੇ ਵੀ ਕਿਸਮ ਦੀ ਸਰਕਾਰੀ ਸੇਵਾ ਲੈਣ ਵਿਚ ਕੋਈ ਦਿੱਕਤ ਨਾ ਆਵੇ ਅਤੇ ਪਾਰਦਰਸ਼ੀ ਤਰੀਕੇ ਨਾਲ ਲੋਕਾਂ ਨੂੰ ਸਰਕਾਰੀ ਸੇਵਾਵਾਂ ਮੁਹਈਆ ਕਰਵਾਈਆਂ ਜਾਣ।
ਉਨ੍ਹਾਂ ਨੇ ਕਿਹਾ ਕਿ ਪੰਜਾਬ ਸਰਕਾਰ ਦਾ ਉਦੇਸ਼ ਹੈ ਕਿ ਲੋਕਾਂ ਨੂੰ ਸਰਕਾਰੀ ਸੇਵਾਵਾਂ ਲੈਣ ਲਈ ਮੁਸਕਿਲ ਦਾ ਸਾਹਮਣਾ ਨਾ ਕਰਨਾ ਪਵੇ। ਇਸ ਲਈ 43 ਪ੍ਰਕਾਰ ਦੀਆਂ ਸੇਵਾਵਾਂ ਲੋਕ ਘਰ ਬੈਠੇ ਹੀ ਪ੍ਰਾਪਤ ਕਰ ਸਕਦੇ ਹਨ। ਉਨ੍ਹਾਂ ਨੇ ਕਿਹਾ ਕਿ ਨਾਗਰਿਕ 1076 ਨੰਬਰ ਤੇ ਕਾਲ ਕਰਕੇ ਸਰਕਾਰੀ ਨੁੰਮਾਇੰਦੇ ਨੂੰ ਘਰ ਬੁਲਾ ਕੇ ਸਰਕਾਰੀ ਸੇਵਾਵਾਂ ਪ੍ਰਾਪਤ ਕਰ ਸਕਦੇ ਹਨ। ਇਸਤੋਂ ਬਿਨ੍ਹਾਂ ਲਗਭਗ 100 ਸੇਵਾਵਾਂ ਆਨਲਾਈਨ ਉਪਲਬੱਧ ਹਨ ਜਿਸ ਲਈ ਲੋਕ ਆਪਣੇ ਘਰ ਤੋਂ ਹੀ ਅਪਲਾਈ ਕਰ ਸਕਦੇ ਹਨ ਜਦ ਕਿ ਸੇਵਾ ਕੇਂਦਰਾਂ ਰਾਹੀਂ 400 ਤੋਂ ਵੱਧ ਸਰਕਾਰੀ ਸੇਵਾਵਾਂ ਲੋਕਾਂ ਨੂੰ ਮੁਹਈਆ ਕਰਵਾਈਆਂ ਜਾ ਰਹੀਆਂ ਹਨ।
ਇਸ ਦੌਰਾਨ ਅਬੋਹਰ ਦੇ ਫਰਦ ਕੇਂਦਰ ਦਾ ਦੌਰਾ ਕਰਦਿਆਂ ਉਨ੍ਹਾਂ ਨੇ ਕਿਹਾ ਕਿ ਮਾਲ ਵਿਭਾਗ ਨਾਲ ਬਕਾਇਆ ਪਏ ਇੰਤਕਾਲ ਜਲਦ ਤੋਂ ਜਲਦ ਕੀਤੇ ਜਾਣ ਅਤੇ ਕਿਸੇ ਵੀ ਪ੍ਰਕਾਰ ਦੀ ਸੇਵਾ ਲੋਕਾਂ ਨੂੰ ਸਰਕਾਰ ਵੱਲੋਂ ਤੈਅ ਸਮਾਂ ਹੱਦ ਦੇ ਅੰਦਰ ਅੰਦਰ ਦਿੱਤੀ ਜਾਵੇ। ਉਨ੍ਹਾਂ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿਚ ਸਾਰੇ ਵਿਭਾਗਾਂ ਨੂੰ ਹਦਾਇਤ ਕੀਤੀ ਗਈ ਹੈ ਕਿ ਸਰਕਾਰ ਤੁਹਾਡੇ ਦੁਆਰ ਪ੍ਰੋਗਰਾਮ ਤਹਿਤ ਪਿੰਡਾਂ ਵਿਚ ਕੈਂਪ ਲਗਾ ਕੇ ਲੋਕਾਂ ਦੇ ਵਿਚ ਪਹੁੰਚ ਕੇ ਸਰਕਾਰੀ ਵਿਭਾਗ ਲੋਕਾਂ ਨੂੰ ਸਰਕਾਰੀ ਸੇਵਾਵਾਂ ਮੁਹਈਆ ਕਰਵਾਉਣਗੇ।ਉਨ੍ਹਾਂ ਨੇ ਇਸ ਮੌਕੇ ਅਬੋਹਰ ਵਿਖੇ ਬਣ ਰਹੀ ਲਾਈਬੇ੍ਰਰੀ ਦਾ ਵੀ ਜਾਇਜ਼ਾ ਲਿਆ ਅਤੇ ਕਿਹਾ ਕਿ ਇਹ ਲਾਈਬ੍ਰੇਰੀ ਅਬੋਹਰ ਦੇ ਨੌਜਵਾਨਾਂ ਲਈ ਵਰਦਾਨ ਸਾਬਿਤ ਹੋਵੇਗੀ।
ਇਸ ਮੌਕੇ ਇੱਥੇ ਪੁੱਜਣ ਤੇ ਅਬੋਹਰ ਦੇ ਐਸਡੀਐਮ ਸ੍ਰੀ ਰਵਿੰਦਰ ਸਿੰਘ ਅਰੋੜਾ ਨੇ ਕਮਿਸ਼ਨਰ ਨੂੰ ਅਬੋਹਰ ਸਬ ਡਵੀਜਨ ਵਿਚ ਚੱਲ ਰਹੇ ਸਰਕਾਰ ਦੇ ਪ੍ਰੋਜੈਕਟਾਂ ਬਾਰੇ ਉਨ੍ਹਾਂ ਨੂੰ ਜਾਣਕਾਰੀ ਦਿੱਤੀ।