ਫਿਰੋਜ਼ਪੁਰ ਵਿਖੇ 19 ਜੂਨ 2020 ਨੂੰ ਬਤੌਰ ਡਿਪਟੀ ਕਮਿਸ਼ਨਰ ਵਜੋਂ ਸੰਭਾਲਿਆ ਸੀ ਅਹੁੱਦਾ
ਫਿਰੋਜ਼ਪੁਰ 31 ਅਗਸਤ 2021 2010 ਬੈੱਚ ਦੇ ਆਈ.ਏ.ਐਸ ਅਧਿਕਾਰੀ ਗੁਰਪਾਲ ਸਿੰਘ ਚਾਹਲ ਮੰਗਲਵਾਰ ਨੂੰ ਫਿਰੋਜ਼ਪੁਰ ਵਿਖੇ ਬਤੌਰ ਡਿਪਟੀ ਕਮਿਸ਼ਨਰ ਵਜੋਂ 1 ਸਾਲ 2 ਮਹੀਨੇ ਦੇ ਕਰੀਬ ਦੀਆਂ ਸੇਵਾਵਾਂ ਦੇਣ ਉਪਰੰਤ ਸੇਵਾ ਮੁਕਤ ਹੋ ਗਏ ਹਨ। ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਰੱਖੇ ਗਏ ਸਾਦੇ ਸਮਾਗਮ ਦੌਰਾਨ ਵਧੀਕ ਡਿਪਟੀ ਕਮਿਸ਼ਨਰ (ਜਨ.) ਸੁਖਪ੍ਰੀਤ ਸਿੰਘ ਸੰਧੂ, ਐਸਡੀਐਮ ਅਮਰਿੰਦਰ ਸਿੰਘ ਮੱਲੀ ਸਮੇਤ ਡਿਪਟੀ ਕਮਿਸ਼ਨਰ ਦਫਤਰ ਦੇ ਵੱਖ ਵੱਖ ਅਧਿਕਾਰੀਆਂ ਅਤੇ ਕਰਮਚਾਰੀਆਂ ਨੇ ਮਾਨਯੋਗ ਡਿਪਟੀ ਕਮਿਸ਼ਨਰ ਨੂੰ ਵਧਾਈ ਦਿੰਦਿਆਂ ਉਨ੍ਹਾਂ ਦੀ ਚੰਗੀ ਸਿਹਤ ਤੇ ਲੰਬੀ ਉਮਰ ਦੀ ਕਾਮਨਾ ਕੀਤੀ।
ਇਸ ਦੌਰਾਨ ਡਿਪਟੀ ਕਮਿਸ਼ਨਰ ਸ੍ਰ: ਗੁਰਪਾਲ ਸਿੰਘ ਚਾਹਲ ਨੇ ਆਪਣੀ ਨੋਕਰੀ ਦੌਰਾਨ ਹੋਏ ਤਜਰਬਿਆਂ ਨੂੰ ਸਾਂਝੇ ਕਰਦਿਆਂ ਦੱਸਿਆ ਕਿ ਉਨ੍ਹਾਂ ਦੀ ਹਮੇਸ਼ਾਂ ਇਹੀ ਕੋਸ਼ਿਸ਼ ਰਹੀ ਹੈ ਕਿ ਜਿਨ੍ਹਾਂ ਹੋ ਸਕੇ ਵੱਧ ਤੋਂ ਵੱਧ ਲੋਕਾਂ ਦੀ ਭਲਾਈ ਕੀਤੀ ਜਾਵੇ ਤੇ ਦਫਤਰੀ ਕੰਮ ਵਿਚ ਕਿਸੇ ਨੂੰ ਖਜਲ ਖੁਆਰੀ ਨਾ ਹੋਵੇ। ਉਨ੍ਹਾਂ ਨੇ ਮੌਜੂਦ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਵੀ ਸੇਦ ਦਿੰਦਿਆਂ ਕਿਹਾ ਕਿ ਜੇਕਰ ਉਨ੍ਹਾਂ ਵੱਲੋਂ ਕਿਸੇ ਵੀ ਵਿਅਕਤੀ ਦੀ ਸਹਾਇਤਾ ਕੀਤੀ ਜਾ ਸਕਦੀ ਹੈ ਤਾਂ ਉਹ ਪਿੱਛੇ ਨਾ ਹਟਣ ਅਤੇ ਆਪਣੀ ਜਿੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਉਣ। ਗੋਰਤਲਬ ਹੈ ਕਿ ਉਨ੍ਹਾਂ ਨੇ 19 ਜੂਨ 2020 ਨੂੰ ਡਿਪਟੀ ਕਮਿਸ਼ਨਰ ਫਿਰੋਜ਼ਪੁਰ ਵੱਜੋਂ ਚਾਰਜ ਸੰਭਾਲਿਆ ਸੀ ਤੇ ਇਸ ਕਾਰਜਕਾਲ ਦੌਰਾਨ ਉਹ ਅਧਿਕਾਰੀਆਂ ਅਤੇ ਜ਼ਿਲ੍ਹਾ ਵਾਸੀਆਂ ਦੇ ਕਾਫੀ ਨਜਦੀਕੀ ਵੀ ਰਹੇ। ਇਸ ਮੌਕੇ ਸਮੂਹ ਵਿਭਾਗਾਂ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਤੋਂ ਇਲਾਵਾ ਵੱਖ ਵੱਖ ਯੂਨੀਅਨਾਂ ਦੇ ਮੈਂਬਰਾਂ ਵੱਲੋਂ ਮਾਨਯੋਗ ਡਿਪਟੀ ਕਮਿਸ਼ਨਰ ਨੂੰ ਯਾਦਗਾਰੀ ਚਿੰਨ ਦੇ ਕੇ ਸਨਮਾਨਿਤ ਵੀ ਕੀਤਾ ਗਿਆ।