ਕਰੋਨਾ ਕਾਰਨ ਸਥਿਤੀ ਦਿਨੋਂ ਦਿਨ ਗੰਭੀਰ ਹੋ ਰਹੀ ਹੈ – ਡਿਪਟੀ ਕਮਿਸ਼ਨਰ

ਕਿਹਾ ! ਪ੍ਰਸ਼ਾਸ਼ਨ ਪੱਬਾਂ ਭਾਰ ਰਹੇ ਅਤੇ ਲੋਕ ਸਹਿਯੋਗ ਕਰਦੇ ਰਹਿਣ
ਵੱਖ ਵੱਖ ਅਧਿਕਾਰੀਆਂ ਨੂੰ ਡਿਊਟੀਆਂ ਦੀ ਵੰਡ
ਮੋਗਾ, 5 ਮਈ , 2021 –
ਡਿਪਟੀ ਕਮਿਸ਼ਨਰ ਸ਼੍ਰੀ ਸੰਦੀਪ ਹੰਸ ਨੇ ਦਿਨੋਂ ਦਿਨ ਕਰੋਨਾ ਦੇ ਵੱਧ ਰਹੇ ਪ੍ਰਕੋਪ ਨੂੰ ਗੰਭੀਰਤਾ ਨਾਲ ਲੈਂਦਿਆਂ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਇਸ ਸਥਿਤੀ ਨਾਲ ਨਿਪਟਣ ਲਈ ਪੱਬਾਂ ਭਾਰ ਰਹਿਣ ਅਤੇ ਲੋਕਾਂ ਨੂੰ ਸਹਿਯੋਗ ਜਾਰੀ ਰੱਖਣ ਦੀ ਅਪੀਲ ਕੀਤੀ ਹੈ। ਉਹ ਅੱਜ ਆਪਣੇ ਦਫ਼ਤਰ ਵਿਖੇ ਵੱਖ ਵੱਖ ਵਿਭਾਗਾਂ ਦੇ ਮੁਖੀਆਂ ਨਾਲ ਮੀਟਿੰਗ ਕਰ ਰਹੇ ਸਨ। ਮੀਟਿੰਗ ਵਿੱਚ ਵਧੀਕ ਡਿਪਟੀ ਕਮਿਸ਼ਨਰ ਸ਼੍ਰੀ ਸੁਭਾਸ਼ ਚੰਦਰ, ਸਮੂਹ ਐੱਸ ਡੀ ਐੱਮਜ਼ ਵੀ ਹਾਜ਼ਰ ਸਨ।
ਦਿਨੋਂ ਦਿਨ ਵਧ ਰਹੇ ਕਰੋਨਾ ਮਾਮਲਿਆਂ ਨੂੰ ਠੱਲ ਪਾਉਣ ਲਈ ਸ਼੍ਰੀ ਹੰਸ ਨੇ ਸਿਹਤ ਵਿਭਾਗ ਨੂੰ ਹਦਾਇਤ ਕੀਤੀ ਕਿ ਰੋਜ਼ਾਨਾ ਸੈਂਪਲ ਲੈਣ ਅਤੇ ਟੀਕਾਕਰਨ ਦੇ ਟੀਚੇ ਨੂੰ ਵਧਾਇਆ ਜਾਵੇ। ਸੈਂਪਲ ਲੈਣ ਵਾਲੇ ਵਿਅਕਤੀ ਦਾ ਪੂਰਾ ਅਤਾ ਪਤਾ ਅਤੇ ਸੰਪਰਕ ਨੰਬਰ ਲਿਆ ਜਾਵੇ ਤਾਂ ਜੌ ਉਸ ਵਿਅਕਤੀ ਦੇ ਕਰੋਨਾ ਸੰਕਰਮਿਤ ਆਉਣ ਉੱਤੇ ਉਸ ਨਾਲ ਸੰਪਰਕ ਸੌਖਾ ਹੋ ਸਕੇ। ਇਸੇ ਤਰ੍ਹਾਂ ਕਰੋਨਾ ਸੰਕਰਮਿਤ ਮਰੀਜ਼ ਦੇ ਸੰਪਰਕ ਵਿੱਚ ਆਉਣ ਵਾਲੇ ਘੱਟੋ ਘੱਟ 15 ਵਿਅਕਤੀਆਂ ਦੀ ਜਾਂਚ ਜਰੂਰੀ ਹੈ।
ਸ਼੍ਰੀ ਹੰਸ ਨੇ ਕਿਹਾ ਕਿ ਜ਼ਿਲ੍ਹਾ ਮੋਗਾ ਵਿੱਚ ਮਰੀਜ਼ਾਂ ਦੇ ਇਲਾਜ਼ ਲਈ ਹਰ ਤਰ੍ਹਾਂ ਦੀ ਸਹੂਲਤ ਹੈ। ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਪ੍ਰਾਈਵੇਟ ਹਸਪਤਾਲਾਂ ਦੇ ਸਹਿਯੋਗ ਨਾਲ ਬੈੱਡਾਂ ਦੀ ਗਿਣਤੀ 195 ਤੋਂ ਵਧਾ ਕੇ 300 ਕਰ ਲਈ ਹੈ। ਉਹਨਾਂ ਕਿਹਾ ਕਿ ਹਰੇਕ ਹਸਪਤਾਲ ਵਿਚ ਦਵਾਈਆਂ, ਆਕਸੀਜਨ ਅਤੇ ਹੋਰ ਸਹੂਲਤਾਂ ਦੀ ਕੋਈ ਵੀ ਕਮੀ ਨਹੀਂ ਹੈ। ਆਕਸੀਜਨ ਦੀ ਕਮੀ ਅਤੇ ਵਰਤੋਂ ਬਾਰੇ ਰੋਜ਼ਾਨਾ ਨਜ਼ਰ ਰੱਖੀ ਜਾ ਰਹੀ ਹੈ।
ਸ਼੍ਰੀ ਹੰਸ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਲੋੜਵੰਦ ਮਰੀਜ਼ਾਂ ਨੂੰ ਰਾਸ਼ਨ ਕਿੱਟ ਵੀ ਦਿੱਤੀ ਜਾ ਰਹੀ ਹੈ। ਖਾਲੀ ਬੈੱਡਾਂ ਦੀ ਗਿਣਤੀ ਰੋਜ਼ਾਨਾ ਸੋਸ਼ਲ ਮੀਡੀਆ ਰਾਹੀਂ ਲੋਕਾਂ ਸਾਂਝੀ ਕੀਤੀ ਜਾ ਰਹੀ ਹੈ ਤਾਂ ਕਿ ਲੋਕਾਂ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਪੇਸ਼ ਨਾ ਆਵੇ। ਉਹਨਾਂ ਕਿਹਾ ਕਿ ਇਸ ਗੰਭੀਰ ਸਥਿਤੀ ਵਿਚ ਕੋਸ਼ਿਸ਼ ਕੀਤੀ ਜਾਵੇ ਕਿ ਆਮ ਲੋਕਾਂ ਨੂੰ ਅਤੇ ਮਰੀਜ਼ਾਂ ਨੂੰ ਘੱਟ ਤੋਂ ਘੱਟ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਵੇ। ਉਹਨਾਂ ਐਸ ਡੀ ਐਮਜ਼ ਨੂੰ ਕਿਹਾ ਕਿ ਜੇਕਰ ਲੋੜ੍ਹ ਪੈਂਦੀ ਹੈ ਤਾਂ ਉਹ ਆਪਣੇ ਪੱਧਰ ਉੱਤੇ ਕੰਟੇਂਨਮੈਂਟ ਜੋ਼ਨ ਬਣਾ ਲੈਣ। ਉਹਨਾਂ ਇਹ ਵੀ ਹਦਾਇਤ ਕੀਤੀ ਕਿ ਜਿਆਦਾ ਪ੍ਰਭਾਵਿਤ ਖੇਤਰਾਂ ਵਿਚ ਹਾਈਡਰੋ ਕਲੋਰਾਈਡ ਆਦਿ ਦਾ ਸਪਰੇਅ ਕਰਵਾ ਲਿਆ ਜਾਵੇ।
ਇਸ ਦੌਰਾਨ ਸ਼੍ਰੀ ਹੰਸ ਨੇ ਸੰਪਲਿੰਗ, ਟੀਕਾਕਰਨ, ਕੋਟੈਕਟ ਟਰੈਕਿੰਗ, ਟੈਸਟਿੰਗ, ਮੈਡੀਸਿਨ, ਆਕਸੀਜਨ, ਹਸਪਤਾਲ ਸਹੂਲਤਾਂ, ਫੂਡ ਕਿੱਟਾਂ, ਫਤਹਿ ਕਿੱਟਾਂ, ਇਤਿਹਾਸ, ਮੀਡੀਆ ਅਤੇ ਹੋਰ ਮਹੱਤਵਪੂਰਨ ਡਿਊਟੀਆਂ ਲਈ ਨੋਡਲ ਅਫ਼ਸਰ ਵੀ ਨਿਰਧਾਰਤ ਕਰ ਦਿੱਤੇ।
ਉਹਨਾਂ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਪ੍ਰਸ਼ਾਸ਼ਨ ਅਤੇ ਪੰਜਾਬ ਸਰਕਾਰ ਨੂੰ ਇਸ ਬਿਮਾਰੀ ਉੱਤੇ ਜਿੱਤ ਹਾਸਲ ਕਰਨ ਲਈ ਸਹਿਯੋਗ ਦੇਣ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੇ ਗਏ ਮਿਸ਼ਨ ਫਤਹਿ ਨੂੰ ਸਫ਼ਲ ਕਰਨ ਲਈ ਸਾਨੂੰ ਸਾਰਿਆਂ ਨੂੰ ਸਹਿਯੋਗ ਕਰਨਾ ਚਾਹੀਦਾ ਹੈ।
Spread the love