ਹਰੇਕ ਵਿਅਕਤੀ ਨੂੰ ਸਾਵਧਾਨੀਆਂ ਦੀ ਪਾਲਣਾ ਕਰਨ ਦੀ ਅਪੀਲ
ਫਾਜ਼ਿਲਕਾ, 22 ਮਈ,2021
ਡਿਪਟੀ ਕਮਿਸ਼ਨਰ ਸ੍ਰੀ ਹਰੀਸ਼ ਨਾਇਰ ਦੇ ਦਿਸ਼ਾ-ਨਿਰਦੇਸ਼ਾਂ `ਤੇ ਐਸ.ਡੀ.ਐਮ. ਸ੍ਰੀ ਕੇਸ਼ਵ ਗੋਇਲ ਦੀ ਅਗਵਾਈ ਹੇਠ ਕਰੋਨਾ ਦੇ ਪ੍ਰਕੋਪ ਨੂੰ ਫੈਲਣ ਤੋਂ ਰੋਕਣ ਲਈ ਟੈਸਟਿੰਗ ਅਤੇ ਵੈਕਸੀਨੇਸ਼ਨ ਦੇ ਕੈਂਪ ਲਗਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਕਰੋਨਾ ਮੁਕਤ ਪਿੰਡ ਮੁਹਿੰਮ ਤਹਿਤ ਜ਼ਿਲੇ੍ਹ ਦੇ ਸਰਹੱਦੀ ਪਿੰਡਾਂ ਵਿਚ ਵਿਸ਼ੇਸ਼ ਤੌਰ `ਤੇ ਸੈਂਪਲਿੰਗ ਤੇ ਵੈਕਸੀਨੇਸ਼ਨ ਕੈਂਪ ਲਗਾਏ ਜਾ ਰਹੇ ਹਨ।
ਐਸ.ਡੀ.ਐਮ. ਸ੍ਰੀ ਗੋਇਲ ਨੇ ਕਿਹਾ ਕਿ ਸਰਹੱਦੀ ਪਿੰਡਾਂ `ਚ ਕੈਂਪ ਲਗਾਉਣ ਦਾ ਮੰਤਵ ਪਿੰਡਾਂ `ਚ ਵੱਧ ਰਹੇ ਕਰੋਨਾ ਦੇ ਪ੍ਰਭਾਵ ਨੂੰ ਜਲਦ ਤੋਂ ਜਲਦ ਰੋਕਣਾ ਹੈ ਅਤੇ ਇਸ ਦੇ ਫੈਲਾਅ ਨੂੰ ਵੱਧਣ ਤੋਂ ਰੋਕਣਾ ਹੈ। ਉਨ੍ਹਾਂ ਕਿਹਾ ਕਿ ਸਮੇਂ ਸਿਰ ਟੈਸਟਿੰਗ ਹੋਣ ਨਾਲ ਇਸ ਦਾ ਫੈਲਾਅ ਰੁਕ ਜਾਂਦਾ ਹੈ ਤੇ ਇਸ ਦਾ ਖਤਰਾ ਵੀ ਘੱਟ ਹੁੰਦਾ ਹੈ। ਉਨ੍ਹਾਂ ਕਿਹਾ ਕਿ ਜ਼ਿਲੇ੍ਹ ਦੇ ਸਰਹੱਦੀ ਪਿੰਡ ਮਹਾਤਮ ਨਗਰ, ਝੰਗੜ ਭੈਣੀ, ਤੇਜਾ ਰੁਹੇਲਾ, ਮੌਜਮ, ਮੁਹਾਰ ਖੀਵਾ, ਮੁਹਾਰ ਸੋਨਾ ਵਿਖੇ ਸੈਂਪਲਿੰਗ ਕੀਤੀ ਗਈ। ਇਸ ਦੌਰਾਨ ਲੋਕਾਂ ਵਿਚ ਟੈਸਟ ਕਰਵਾਉਣ ਪ੍ਰਤੀ ਉਤਸ਼ਾਹ ਦੇਖਣ ਨੂੰ ਮਿਲਿਆ।
ਇਸ ਤੋਂ ਇਲਾਵਾ ਪਿੰਡ ਹਸਤਾ ਕਲਾਂ, ਵਲੇ ਸ਼ਾਹ ਹਿਠਾੜ ਆਦਿ ਹੋਰ ਪਿੰਡਾਂ ਵਿਖੇ ਵੈਕਸੀਨੇਸ਼ਨ ਕੈਂਪ ਲਗਾਇਆ ਗਿਆ।ਉਨ੍ਹਾਂ ਕਿਹਾ ਕਿ ਜਿਥੇ ਸਮੇਂ ਸਿਰ ਟੈਸਟਿੰਗ ਜ਼ਰੂਰੀ ਹੈ ਉਥੇ ਵੈਕਸੀਨੇਸ਼ਨ ਵੀ ਬਹੁਤ ਲਾਜਮੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਪੜਾਅ ਵਾਰ ਵੈਕਸੀਨੇਸ਼ਨ ਲਗਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਹਰ ਯੋਗ ਵਿਅਕਤੀ ਨੂੰ ਵੈਕਸੀਨ ਲਗਾਉਣੀ ਚਾਹੀਦੀ ਹੈ।ਉਨ੍ਹਾਂ ਕਿਹਾ ਵੈਕਸੀਨੇਸ਼ਨ ਕਰੋਨਾ ਦੇ ਫੈਲਾਅ ਨੂੰ ਰੋਕਣ ਵਿਚ ਕਾਰਗਰ ਸਿੱਧ ਹੋ ਰਹੀ ਹੈ।
ਉਨ੍ਹਾਂ ਅਪੀਲ ਕਰਦਿਆਂ ਕਿਹਾ ਕਿ ਜਿਸ ਕਿਸੇ ਵਿਅਕਤੀ ਨੂੰ ਵੀ ਲੱਛਣ ਨਜਰ ਆਉਂਦੇ ਹਨ ਉਸ ਨੂੰ ਆਪਣਾ ਟੈਸਟ ਕਰਵਾਉਣਾ ਚਾਹੀਦਾ ਹੈ ਤੇ ਟੈਸਟ ਕਰਵਾਉਣ ਤੋਂ ਲੈ ਕੇ ਨਤੀਜਾ ਆਉਣ ਤੱਕ ਆਪਣੇ ਪਰਿਵਾਰਕ ਮੈਂਬਰਾਂ ਤੋਂ ਦੂਰ ਰਹਿਣਾ ਚਾਹੀਦਾ ਹੈ ਤਾਂ ਜੋ ਹੋਰ ਮੈਂਬਰ ਕਰੋਨਾ ਦੀ ਚਪੇਟ ਵਿਚ ਨਾ ਆ ਸਕੇ।ਉਨ੍ਹਾਂ ਕਿਹਾ ਕਿ ਹਦਾਇਤਾਂ ਮੁਤਾਬਕ ਹਰੇਕ ਵਿਅਕਤੀ ਵੈਕਸੀਨੇਸ਼ਨ ਵੀ ਜ਼ਰੂਰ ਲਗਵਾਏ। ਉਨ੍ਹਾਂ ਅਪੀਲ ਕਰਦਿਆਂ ਕਿਹਾ ਕਿ ਹਰੇਕ ਵਿਅਕਤੀ ਨੂੰ ਸਾਵਧਾਨੀਆਂ ਦੀ ਪਾਲਣਾ ਕਰਨੀ ਚਾਹੀਦੀ ਹੈ।