ਕੋਰੋਨਾ ਦੇ ਲੱਛਣ ਆਉਣ ਤੇ ਕੋਵਿਡ ਟੈਸਟ ਜਰੂਰ ਕਰਵਾਇਆ ਜਾਵੇ-ਸੀਨੀਅਰ ਮੈਡੀਕਲ ਅਫਸਰ
ਸ੍ਰੀ ਅਨੰਦਪੁਰ ਸਾਹਿਬ 04 ਜੂਨ 2021
ਕੋਰੋਨਾ ਵਾਇਰਸ ਦੇ ਲੱਛਣਾਂ ਆਉਣ ਤੇ ਲਾਪਰਵਾਹੀ ਕਰਨਾ ਤੇ ਇਲਾਜ਼ ‘ਚ ਦੇਰੀ ਕਰਨਾ ਹਾਨੀਕਾਰਕ ਹੋ ਸਕਦਾ ਹੈ, ਜਿਸ ਕਰਕੇ ਮਾਮੂਲੀ ਲੱਛਣ ਸਾਹਮਣੇ ਆਉਣ ਤੇ ਵੀ ਕੋਰੋਨਾ ਦੀ ਜਾਂਚ ਲਈ ਟੈਸਟ ਕਰਵਾਉਣਾ ਬਹੁਤ ਜ਼ਰੂਰੀ ਹੈ ।
ਇਹ ਜਾਣਕਾਰੀ ਦਿੰਦਿਆਂ ਡਾ.ਚਰਨਜੀਤ ਕੁਮਾਰ ਸੀਨੀਅਰ ਮੈਡੀਕਲ ਅਫਸਰ ਭਾਈ ਜੈਤਾ ਜੀ ਸਿਵਲ ਹਸਪਤਾਲ ਸ੍ਰੀ ਅਨੰਦਪੁਰ ਸਾਹਿਬ ਨੇ ਦੱਸਿਆ ਕਿ ਕੋਵਿਡ ਦੇ ਕੇਸਾਂ ‘ਚ ਭਾਵੇਂ ਪਹਿਲਾਂ ਨਾਲੋਂ ਗਿਰਾਵਟ ਹੋ ਰਹੀ ਹੈ। ਪਰ ਮਹਾਂਮਾਰੀ ਤੋਂ ਬਚਾਅ ਲਈ ਸਰਕਾਰ ਵਲੋਂ ਸਮੇਂ-ਸਮੇਂ ਦਿੱਤੇ ਜਾ ਰਹੇ ਨਿਰਦੇਸ਼ਾਂ ਦੀ ਪਾਲਣਾ ਕਰਨਾ ਬੇਹੱਦ ਜ਼ਰੂਰੀ ਹੈ। ਡਾ:ਚਰਨਜੀਤ ਕੁਮਾਰ ਨੇ ਦੱਸਿਆ ਕਿ ਬਹੁਤ ਸਾਰੇ ਲੋਕ ਕੋਵਿਡ ਦੇ ਲੱਛਣਾਂ ਨੂੰ ਅਣਗੌਲਿਆ ਕਰਕੇ ਮੌਸਮੀ ਬੁਖਾਰ ਸਮਝ ਰਹੇ ਹਨ ਪਰ ਜਦੋਂ ਉਹਨਾਂ ਨੂੰ ਸਾਹ ਲੈਣ ਸਬੰਧੀ ਹੋਰ ਗੰਭੀਰ ਤਕਲੀਫ਼ ਹੁੰਦੀ ਹੈ ਤੇ ਜਦੋਂ ਉਹ ਹਸਪਤਾਲ ਵਿਖੇ ਪਹੁੰਚ ਕਰਦੇ ਹਨ, ਉੱਥੇ ਜਾ ਕੇ ਪਤਾ ਲੱਗਦਾ ਹੈ ਕਿ ਉਹ ਕੋਵਿਡ-19 ਦੀ ਲਪੇਟ ‘ਚ ਆ ਚੁੱਕੇ ਹਨ। ਅਜਿਹੇ ਹਾਲਾਤ ਕਾਰਨ ਕੋਵਿਡ ਕਾਰਨ ਮੌਤ ਦਰ ਵਿਚ ਵਾਧਾ ਹੋ ਰਿਹਾ ਹੈ ਜੋ ਚਿੰਤਾਜਨਕ ਹੈ । ਉਨ੍ਹਾਂ ਦੱਸਿਆ ਕਿਸੇ ਵੀ ਵਿਅਕਤੀ ਨੂੰ ਬੁਖਾਰ, ਖਾਂਸੀ, ਜੁਕਾਮ, ਗਲੇ ‘ਚ ਦਰਦ, ਸਾਹ ਲੈਣ ‘ਚ ਤਕਲੀਫ਼ ਥਕਾਵਟ ਜਾਂ ਅਜਿਹਾ ਕੋਈ ਲੱਛਣ ਆਉਣ ‘ਤੇ ਤੁਰੰਤ ਭਾਈ ਜੈਤਾ ਜੀ ਸਿਵਲ ਹਸਪਤਾਲ ‘ਚ ਸੰਪਰਕ ਕਰਕੇ ਟੈਸਟ ਕਰਵਾਉਣਾ ਚਾਹੀਦਾ ਹੈ।ਉਨ੍ਹਾਂ ਦੱਸਿਆ ਕਿ ਨਾਕਿਆਂ ਉਤੇ ਟੈਸਟਿੰਗ ਤੋ ਇਲਾਵਾ ਭਾਈ ਜੈਤਾ ਜੀ ਸਿਵਲ ਹਸਪਤਾਲ ਵਿਚ ਰੋਜ਼ਾਨਾ ਲਗਭਗ 200 ਵਿਅਕਤੀਆਂ ਦੀ ਟੇੈਸਟਿੰਗ ਅਤੇ ਸੈਪਲਿੰਗ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਸਾਡੇ ਹਸਪਤਾਲ ਵਿਚ ਕਰੋਨਾ ਦਾ ਲੈਵਲ-2 ਵਾਰਡ ਬਣਾਇਆ ਗਿਆ ਹੈ ਜਿੱਥੇ ਸਾਰੀਆਂ ਸਹੂਲਤਾਂ ਉਪਲੱਬਧ ਹਨ ਲਗਭਗ 14-15 ਮਰੀਜ਼ ਜੇਰੇ ਇਲਾਜ ਹਨ, ਇਸ ਵਾਰਡ ਦੀ ਸਮਰੱਥਾ 20 ਬੈਡਾਂ ਦੀ ਹੈ। ਰੋਜ਼ਾਨਾ ਮਰੀਜ਼ ਸਿਹਤਯਾਬ ਹੋ ਕੇ ਇੱਥੋ ਜਾ ਰਹੇ ਹਨ।
ਸੀਨੀਅਰ ਮੈਡੀਕਲ ਅਫਸਰ ਨੇ ਹੋਰ ਦੱਸਿਆ ਕਿ ਜਿਹੜੇ ਵਿਅਕਤੀਆਂ ਨੂੰ ਟੀ.ਬੀ, ਕੈਂਸਰ, ਸ਼ੂਗਰ,ਬਲੱਡ ਪ੍ਰੈਸ਼ਰ ਆਦਿ ਦੀ ਤਕਲੀਫ਼ ਹੈ, ਉਨ੍ਹਾਂ ਨੂੰ ਵੀ ਸਰਕਾਰੀ ਹਸਪਤਾਲ ‘ਚ ਕੋਵਿਡ ਸੈਂਪਲ ਕਰਵਾਉਣਾ ਚਾਹੀਦਾ ਹੈ।ਸਿਹਤ ਵਿਭਾਗ ਦੀ ਟੀਮਾ ਵਲੋਂ ਹੋਰ ਰਾਜਾਂ ਨਾਲ ਲੱਗਦੀ ਸੀਮਾ ਉਤੇ ਲਗਾਏ ਨਾਕਿਆ ਉਤੇ ਵੀ ਸੈਪਲਿੰਗ ਕੀਤੀ ਜਾ ਰਹੀ ਹੈ।