ਕਰੋਨਾ ਮਹਾਮਾਰੀ ਦੇ ਟਾਕਰੇ ਲਈ ਨੌਜਵਾਨ ਵਰਗ ਦੀ ਭੂਮਿਕਾ ਅਹਿਮ: ਡਿਪਟੀ ਕਮਿਸ਼ਨਰ

ਰੈਡ ਕ੍ਰਾਸ ਵਲੰਟੀਅਰਾਂ ਦੀਆਂ ਸੇਵਾਵਾਂ ਦੀ ਕੀਤੀ ਸ਼ਲਾਘਾ
ਜ਼ਿਲਾ ਵਾਸੀਆਂ ਨੂੰ ਲੋੜੀਂਦੀਆਂ ਸਾਵਧਾਨੀਆਂ ਵਰਤਣ ਦੀ ਅਪੀਲ
ਬਰਨਾਲਾ, 23 ਮਈ,2021
ਕਰੋਨਾ ਮਹਾਮਾਰੀ ਦਾ ਫੈਲਾਅ ਰੋਕਣ ਲਈ ਨੌਜਵਾਨ ਵਰਗ ਅਹਿਮ ਭੂਮਿਕਾ ਨਿਭਾਅ ਸਕਦਾ ਹੈ।
ਇਹ ਪ੍ਰਗਟਾਵਾ ਕਰਦੇ ਹੋਏ ਡਿਪਟੀ ਕਮਿਸ਼ਨਰ ਬਰਨਾਲਾ ਸ. ਤੇਜ ਪ੍ਰਤਾਪ ਸਿੰਘ ਫੂਲਕਾ ਨੇ ਆਖਿਆ ਕਿ ਇਸੇ ਉਦੇਸ਼ ਤਹਿਤ ਜ਼ਿਲਾ ਪ੍ਰਸ਼ਾਸਨ ਬਰਨਾਲਾ ਵੱਲੋਂ ਰੈਡ ਕ੍ਰਾਸ ਵਲੰਟੀਅਰਾਂ ਦੀਆਂ ਸੇਵਾਵਾਂ ਲਈਆਂ ਜਾ ਰਹੀਆਂ ਹਨ, ਜੋ ਬਰਨਾਲਾ ਵਿੱਚ ਦੁਕਾਨਦਾਰਾਂ ਤੇ ਹੋਰ ਲੋਕਾਂ ਨੂੰ ਜਾਗਰੂਕ ਕਰਨ ਦੇ ਨਾਲ ਨਾਲ ਮਾਸਕ ਵੀ ਵੰਡ ਰਹੇ ਹਨ। ਉਨਾਂ ਨੌਜਵਾਨਾਂ ਦੀਆਂ ਸੇਵਾਵਾਂ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਹੋਰ ਨੌਜਵਾਨ ਵੀ ਆਪਣੀ ਨੈਤਿਕ ਜ਼ਿੰਮੇਵਾਰੀ ਸਮਝਦੇ ਹੋਏ ਖੁਦ ਕਰੋਨਾ ਇਹਤਿਆਤਾਂ ਦੀ ਪਾਲਣਾ ਕਰਨ ਅਤੇ ਆਲੇ-ਦੁਆਲੇ ਦੇ ਲੋਕਾਂ ਨੂੰ ਸਹੀ ਸੇਧ ਦੇਣ।
ਇਸ ਮੌਕੇ ਸਹਾਇਕ ਡਾਇਰੈਕਟਰ, ਯੁਵਕ ਸੇਵਾਵਾਂ ਸ੍ਰੀ ਵਿਜੈ ਭਾਸਕਰ ਨੇ ਦੱਸਿਆ ਕਿ ਜ਼ਿਲਾ ਰੈਡ ਕ੍ਰਾਸ ਸੁਸਾਇਟੀ ਦੇ ਬੈਨਰ ਹੇਠ ਐਨਐਸਐਸ ਵਲੰਟੀਅਰ ਕਰੋਨਾ ਵਾਇਰਸ ਵਿਰੁੁੱਧ ਜਾਗਰੂਕਤਾ ਫੈਲਾਉਣ ਵਿਚ ਡਟੇ ਹੋਏ ਹਨ। ਉਨਾਂ ਦੱਸਿਆ ਕਿ ਇਨਾਂ ਵਲੰਟੀਅਰਾਂ ਵੱੱਲੋਂ ਜਿੱਥੇ ਦੁਕਾਨਦਾਰਾਂ ਤੇ ਆਮ ਲੋਕਾਂ ਨੂੰ ਮਾਸਕ ਦੀ ਵਰਤੋਂ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ, ਉਥੇ ਮਾਸਕ ਵੰਡੇ ਵੀ ਜਾ ਰਹੇ ਹਨ। ਉਨਾਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਵਲੰਟੀਅਰਾਂ ਨੂੰ ਪੂਰਾ ਸਹਿਯੋਗ ਦੇਣ ਅਤੇ ਕਰੋਨਾ ਤੋਂ ਬਚਾਅ ਲਈ ਜ਼ਰੂਰੀ ਸਾਵਧਾਨੀਆਂ ਵਰਤਣ।

Spread the love