ਕਰੋਨਾ ਮੁਕਤ ਪਿੰਡ’ ਅਭਿਆਨ ਤਹਿਤ ਜ਼ਿਲ੍ਹੇ ਦੇ ਪੇਂਡੂ ਖੇਤਰਾਂ ਵਿੱਚ ਵਿਸ਼ੇਸ਼ ਟੀਮਾਂ ਵਲੋਂ ਸੈਂਪਲਿੰਗ ਜਾਰੀ

ਕਰੋਨਾ ਵਾਇਰਸ ਦੇ ਲੱਛਣਾਂ ਵਾਲੇ ਵਿਅਕਤੀਆਂ ਦਾ ਡਾਟਾ ਇਕੱਤਰ ਕਰਕੇ ਟੈਸਟਿੰਗ ਤੇ ਵੈਕਸੀਨ ਲਗਾਉਣ ਸਬੰਧੀ ਕੀਤਾ ਜਾ ਰਿਹਾ ਪ੍ਰੇਰਿਤ
ਤਰਨ ਤਾਰਨ, 26 ਮਈ 2021
ਪੰਜਾਬ ਸਰਕਾਰ ਵਲੋਂ ਚਲਾਏ ਜਾ ਰਹੇ ‘ਕਰੋਨਾ ਮੁਕਤ ਪਿੰਡ’ ਅਭਿਆਨ ਤਹਿਤ ਸਿਹਤ ਵਿਭਾਗ ਦੀਆਂ ਟੀਮਾਂ ਵਲੋਂ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਸਮੇਤ ਹੋਰਨਾਂ ਵਿਭਾਗਾਂ ਦੇ ਸਹਿਯੋਗ ਨਾਲ ਪਿੰਡਾਂ ਵਿੱਚ ਸੈਂਪਲਿੰਗ ਕਰਨ ਦੇ ਨਾਲ ਲੋਕਾਂ ਨੂੰ ਕੋਵਿਡ-19 ਮਹਾਂਮਾਰੀ ਤੋਂ ਬਚਣ ਲਈ ਜਾਗਰੂਕ ਕੀਤਾ ਜਾ ਰਿਹਾ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਤਰਨ ਤਾਰਨ ਸ੍ਰੀ ਕੁਲਵੰਤ ਸਿੰਘ ਨੇ ਦੱਸਿਆ ਕਿ ‘ਕਰੋਨਾ ਮੁਕਤ ਪਿੰਡ’ ਅਭਿਆਨ ਦਾ ਮਕਸਦ ਕਰੋਨਾ ਵਾਇਰਸ ਦੇ ਲੱਛਣਾਂ ਵਾਲੇ ਹਰ ਵਿਅਕਤੀ ਦਾ ਟੈਸਟ ਕਰਨਾ, ਉਸ ਨਾਲ ਸਬੰਧਿਤਾਂ ਦੀ ਕੰਟੈਕਟ ਟਰੇਸਿੰਗ ਤੇ ਉਨ੍ਹਾਂ ਨੂੰ ਕੋਵਿਡ ਦੀ ਰੋਕਥਾਮ ਲਈ ਨਿਰਧਾਰਿਤ ਮੈਡੀਕਲ ਪ੍ਰੋਟੋਕਾਲ ਦੀ ਪਾਲਣਾ ਬਾਰੇ ਜਾਗਰੂਕ ਕਰਨਾ ਹੈ। ਯੋਗ ਵਿਅਕਤੀਆਂ ਨੂੰ ਕੋਵਿਡ ਵਿਰੋਧੀ ਵੈਕਸੀਨ ਲਗਾਉਣ ਲਈ ਪ੍ਰੇਰਿਤ ਵੀ ਕੀਤਾ ਜਾ ਰਿਹਾ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਮੁਹਿੰਮ ਤਹਿਤ ਜਿਲ੍ਹੇ ਦੇ ਸਾਰੇ ਪਿੰਡਾਂ ਨੂੰ ਕਵਰ ਕੀਤਾ ਜਾਵੇਗਾ ਤਾਂ ਜੋ ਇਸ ਮਹਾਂਮਾਰੀ ਨੂੰ ਪਿੰੰਡਾਂ ਵਿਚ ਫੈਲਣ ਤੋਂ ਰੋਕਿਆ ਜਾ ਸਕੇ। ਉਨ੍ਹਾਂ ਕਿਹਾ ਕਿ ਐਸ. ਡੀ. ਐਮਜ਼, ਸਮੂਹ ਮੈਡੀਕਲ ਅਫਸਰਾਂ, ਪੇਂਡੂ ਵਿਕਾਸ ਵਿਭਾਗ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਉਹ ਸਮੂਹ ਸਰਪੰਚਾਂ, ਪੰਚਾਂ ਨਾਲ ਸਿੱਧਾ ਰਾਬਤਾ ਕਾਇਮ ਕਰਕੇ ਸਾਂਝੀਆਂ ਥਾਵਾਂ ’ਤੇ ਟੈਸਟਿੰਗ ਯਕੀਨੀ ਬਣਾਉਣ।
ਉਹਨਾਂ ਕਿਹਾ ਕਿ ਆਸ਼ਾ ਵਰਕਰਾਂ, ਸਿਹਤ ਅਮਲੇ ਵਲੋਂ ਹਰ ਘਰ ਜਾ ਕੇ ਕੋਵਿਡ ਦੇ ਸ਼ੱਕੀ ਮਰੀਜ਼ਾਂ ਦੀ ਸਿਹਤ ਜਾਂਚ ਕੀਤੀ ਜਾ ਰਹੀ ਹੈ ਅਤੇ ਇਸ ਸਬੰਧੀ ਸੂਚਨਾ ਸਬੰਧਿਤ ਮੈਡੀਕਲ ਅਫਸਰ ਤੱਕ ਪਹੁੰਚਾਈ ਜਾ ਰਹੀ ਹੈ ਤਾਂ ਜੋ ਲੋੜ ਅਨੁਸਾਰ ਕਾਰਵਾਈ ਕੀਤੀ ਜਾ ਸਕੇ। ਉਨ੍ਹਾਂ ਦੱਸਿਆ ਕਿ ਟੀਮਾਂ ਵਲੋਂ ਬਾਇਓ ਮੈਡੀਕਲ ਵੇਸਟ ਦੇ ਸਹੀ ਪ੍ਰਬੰਧਨ ਲਈ ਵੀ ਲੋਕਾਂ ਨੂੰ ਦੱਸਿਆ ਜਾ ਰਿਹਾ ਹੈ ਕਿਉਂਕਿ ਇਸ ਤੋਂ ਸਭ ਤੋਂ ਵੱਧ ਵਾਇਰਸ ਦੇ ਫੈਲਣ ਦਾ ਖਤਰਾ ਰਹਿੰਦਾ ਹੈ।
ਡਿਪਟੀ ਕਮਿਸ਼ਨਰ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਕਰੋਨਾ ਵਾਇਰਸ ਦੇ ਲੱਛਣ ਹੋਣ ’ਤੇ ਤੁਰੰਤ ਟੈਸਟ ਕਰਵਾਉਣ ਕਿਉਂਕਿ ਕੋਵਿਡ ਨੂੰ ਸ਼ੁਰੂਆਤ ਵੇਲੇ ਹੀ ਕਾਬੂ ਕਰਨ ਨਾਲ ਮਨੁੱਖੀ ਜਾਨਾਂ ਨੂੰ ਬਚਾਉਣ ਵਿਚ ਵੱਡੀ ਸਹਾਇਤਾ ਮਿਲਦੀ ਹੈ।

Spread the love