ਕੋਵਿਡ ਦੇ ਲੱਛਣਾਂ ਵਾਲੇ ਲੋਕਾਂ ਦਾ ਡਾਟਾ ਇਕੱਤਰ ਕਰਨ ਦੇ ਨਾਲ-ਨਾਲ, ਟੈਸਟਿੰਗ,ਕਾਨਟੈਕਟ ਟਰੇਸਿੰਗ ਤੇ ਵੈਕਸੀਨ ਲਗਾਉਣ ਬਾਰੇ ਕੀਤਾ ਜਾ ਰਿਹਾ ਜਾਗਰੂਕ
ਬਟਾਲਾ, 25 ਮਈ,2021 ਪੰਜਾਬ ਸਰਕਾਰ ਵਲੋਂ ਚਲਾਈ ਜਾ ਰਹੀ ‘ਕਰੋਨਾ ਮੁਕਤ ਪਿੰਡ’ ਮੁਹਿੰਮ ਤਹਿਤ ਸਿਹਤ ਵਿਭਾਗ ਦੀਆਂ ਟੀਮਾਂ ਵਲੋਂ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਸਮੇਤ ਹੋਰਨਾਂ ਵਿਭਾਗਾਂ ਦੇ ਸਹਿਯੋਗ ਨਾਲ ਪਿੰਡਾਂ ਵਿੱਚ ਸੈਂਪਲਿੰਗ ਕਰਨ ਦੇ ਨਾਲ ਲੋਕਾਂ ਨੂੰ ਕੋਵਿਡ-19 ਤੋਂ ਬਚਣ ਲਈ ਜਾਗਰੂਕ ਕੀਤਾ ਜਾ ਰਿਹਾ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਗੁਰਦਾਸਪੁਰ ਜਨਾਬ ਮੁਹੰਮਦ ਇਸ਼ਫ਼ਾਕ ਨੇ ਦੱਸਿਆ ਕਿ ‘ਕਰੋਨਾ ਮੁਕਤ ਪਿੰਡ’ ਮੁਹਿੰਮ ਦਾ ਮਕਸਦ ਕੋਵਿਡ ਦੇ ਲੱਛਣਾਂ ਵਾਲੇ ਹਰ ਵਿਅਕਤੀ ਦਾ ਟੈਸਟ ਕਰਨਾ, ਉਸ ਨਾਲ ਸਬੰਧਿਤਾਂ ਦੀ ਕੰਟੈਕਟ ਟਰੇਸਿੰਗ ਤੇ ਉਨ੍ਹਾਂ ਨੂੰ ਕੋਵਿਡ ਦੀ ਰੋਕਥਾਮ ਲਈ ਨਿਰਧਾਰਿਤ ਮੈਡੀਕਲ ਪ੍ਰੋਟੋਕਾਲ ਦੀ ਪਾਲਣਾ ਬਾਰੇ ਜਾਗਰੂਕ ਕਰਨਾ ਹੈ। ਯੋਗ ਵਿਅਕਤੀਆਂ ਨੂੰ ਕੋਵਿਡ ਵਿਰੋਧੀ ਵੈਕਸੀਨ ਲਗਾਉਣ ਲਈ ਪ੍ਰੇਰਿਤ ਵੀ ਕੀਤਾ ਜਾ ਰਿਹਾ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਮੁਹਿੰਮ ਤਹਿਤ ਜਿਲ੍ਹੇ ਦੇ ਸਾਰੇ ਪਿੰਡਾਂ ਨੂੰ ਕਵਰ ਕੀਤਾ ਜਾਵੇਗਾ ਤਾਂ ਜੋ ਇਸ ਮਹਾਂਮਾਰੀ ਨੂੰ ਪਿੰੰਡਾਂ ਵਿਚ ਫੈਲਣ ਤੋਂ ਰੋਕਿਆ ਜਾ ਸਕੇ। ਉਨ੍ਹਾਂ ਕਿਹਾ ਕਿ ਸਮੂਹ ਮੈਡੀਕਲ ਅਫਸਰਾਂ, ਐਸ.ਡੀ.ਐਮਜ਼, ਪੇਂਡੂ ਵਿਕਾਸ ਵਿਭਾਗ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਉਹ ਸਮੂਹ ਸਰਪੰਚਾਂ, ਪੰਚਾਂ ਨਾਲ ਸਿੱਧਾ ਰਾਬਤਾ ਕਾਇਮ ਕਰਕੇ ਸਾਂਝੀਆਂ ਥਾਵਾਂ ’ਤੇ ਟੈਸਟਿੰਗ ਯਕੀਨੀ ਬਣਾਉਣ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਆਸ਼ਾ ਵਰਕਰਾਂ, ਸਿਹਤ ਅਮਲੇ ਵਲੋਂ ਹਰ ਘਰ ਜਾ ਕੇ ਕੋਵਿਡ ਦੇ ਸ਼ੱਕੀ ਮਰੀਜ਼ਾਂ ਦੀ ਸਿਹਤ ਜਾਂਚ ਕੀਤੀ ਜਾ ਰਹੀ ਹੈ ਅਤੇ ਇਸ ਸਬੰਧੀ ਸੂਚਨਾ ਸਬੰਧਿਤ ਮੈਡੀਕਲ ਅਫਸਰ ਤੱਕ ਪਹੁੰਚਾਈ ਜਾ ਰਹੀ ਹੈ ਤਾਂ ਜੋ ਲੋੜ ਅਨੁਸਾਰ ਕਾਰਵਾਈ ਕੀਤੀ ਜਾ ਸਕੇ। ਉਨ੍ਹਾਂ ਦੱਸਿਆ ਕਿ ਟੀਮਾਂ ਵਲੋਂ ਬਾਇਓ ਮੈਡੀਕਲ ਵੇਸਟ ਦੇ ਸਹੀ ਪ੍ਰਬੰਧਨ ਲਈ ਵੀ ਲੋਕਾਂ ਨੂੰ ਦੱਸਿਆ ਜਾ ਰਿਹਾ ਹੈ ਕਿਉਂਕਿ ਇਸ ਤੋਂ ਸਭ ਤੋਂ ਵੱਧ ਵਾਇਰਸ ਦੇ ਫੈਲਣ ਦਾ ਖਤਰਾ ਰਹਿੰਦਾ ਹੈ।
ਡਿਪਟੀ ਕਮਿਸ਼ਨਰ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਲੱਛਣ ਹੋਣ ’ਤੇ ਤੁਰੰਤ ਟੈਸਟ ਕਰਵਾਉਣ ਕਿਉਂਕਿ ਕੋਵਿਡ ਨੂੰ ਸ਼ੁਰੂਆਤ ਵੇਲੇ ਹੀ ਕਾਬੂ ਕਰਨ ਨਾਲ ਮਨੁੱਖੀ ਜਾਨਾਂ ਨੂੰ ਬਚਾਉਣ ਵਿਚ ਵੱਡੀ ਸਹਾਇਤਾ ਮਿਲਦੀ ਹੈ।