ਕਰੋਨਾ ਮੁਕਤ ਪਿੰਡ ਮੁਹਿੰਮ ਤਹਿਤ ਪਿੰਡਾਂ ਤੱਕ ਪੁੱਜਿਆਂ ਪ੍ਰਸ਼ਾਸਨ

 ਪਿੰਡ ਚਿਮਨੇਵਾਲਾ ਵਿਚ ਪਿੰਡ ਵਾਲਿਆਂ ਨੂੰ ਕੀਤਾ ਜਾਗਰੂਕ
 ਘੁੜਿਆਣਾ ਵਿਚ ਲੋੜਵੰਦ ਪਰਿਵਾਰਾਂ ਨੂੰ ਵੰਡੀਆਂ ਰਾਸ਼ਨ ਕਿੱਟਾਂ
ਫਾਜ਼ਿਲਕਾ 19 ਮਈ, 2021:
ਫਾਜ਼ਿਲਕਾ ਦੇ ਡਿਪਟੀ ਕਮਿਸ਼ਨਰ ਸ੍ਰੀ ਹਰੀਸ਼ ਨਾਇਰ ਆਈਏਐਸ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਕਰੋਨਾ ਮੁਕਤ ਪਿੰਡ ਅਭਿਆਨ ਤਹਿਤ ਪ੍ਰਸ਼ਾਸਨ ਵੱਲੋਂ ਪਿੰਡਾਂ ਦਾ ਰੁੱਖ ਕਰ ਲਿਆ ਗਿਆ ਹੈ। ਫਾਜ਼ਿਲਕਾ ਦੇ ਐਸ.ਡੀ.ਐਮ. ਸ੍ਰੀ ਕੇਸਵ ਗੋਇਲ ਦੀ ਦੇਖਰੇਖ ਹੇਠ ਟੀਮਾਂ ਵੱਲੋਂ ਪਿੰਡਾਂ ਦਾ ਦੌਰਾ ਆਰੰਭ ਕਰਕੇ ਪਿੰਡ ਵਾਸੀਆਂ ਨਾਲ ਰਾਬਤਾ ਕਰਨਾ ਸ਼ੁਰੂ ਕਰ ਦਿੱਤਾ ਗਿਆ ਹੈ ਤਾਂ ਜੋ ਪਿੰਡਾਂ ਦੇ ਲੋਕਾਂ ਨੂੰ ਟੈਸਟਿੰਗ ਲਈ ਪ੍ਰੇਰਿਤ ਕੀਤਾ ਜਾ ਸਕੇ।
ਐਸ.ਡੀ.ਐਮ. ਸ੍ਰੀ ਕੇਸਵ ਗੋਇਲ ਨੇ ਦੱਸਿਆ ਕਿ ਪਿੰਡ ਚਿਮਨੇਵਾਲਾ ਵਿਖੇ ਅਧਿਆਪਕਾਂ, ਪਟਵਾਰੀ, ਨੰਬਰਦਾਰ, ਸਰਪੰਚ ਪੰਚ, ਏਡੀਓ ਅਤੇ ਸਿਹਤ ਵਿਭਾਗ ਦੇ ਸਟਾਫ ਨੇ ਸਾਂਝੇ ਤੌਰ ਤੇ ਮਿਲ ਕੇ ਪਿੰਡ ਵਿਚ ਕਰੋਨਾ ਨੂੰੂ ਹਰਾਉਣ ਦੀ ਰਣਨੀਤੀ ਬਣਾਈ ਹੈ। ਇਹ ਲੋਕ ਹੁਣ ਪਿੰਡ ਦੇ ਕੋਵਿਡ ਜਾਂ ਕੋਵਿਡ ਵਰਗੇ ਲੱਛਣਾਂ ਤੋਂ ਪ੍ਰਭਾਵਿਤ ਲੋਕਾਂ ਦੇ ਟੈਸਟ ਕਰਵਾਉਣ ਲਈ ਸਿਹਤ ਵਿਭਾਗ ਨਾਲ ਸਹਿਯੋਗ ਕਰਣਗੇ। ਇਸ ਤੋਂ ਬਿਨਾਂ ਇਹ ਟੀਮ ਘਰ ਘਰ ਜਾ ਕੇ ਲੋਕਾਂ ਦੀ ਸਿਹਤ ਸਥਿਤੀ ਸੰਬੰਧੀ ਜਾਣਕਾਰੀ ਇੱਕਤਰ ਕਰ ਰਹੀ ਹੈ ।
ਉਨਾਂ ਨੇ ਕਿਹਾ ਕਿ ਬਿਮਾਰੀ ਦਾ ਛੇਤੀ ਪਤਾ ਚੱਲਣਾ ਹੀ ਕਰੋਨਾ ਵਿਚ ਠੀਕ ਹੋਣ ਦੀ ਸਭ ਤੋਂ ਵੱਡੀ ਗਾਰੰਟੀ ਹੈ। ਇਹ ਟੀਮ ਆਪਣੇ ਪਿੰਡ ਵਿਚ ਬਾਹਰੀ ਲੋਕਾਂ ਦੀ ਆਵਾਜਾਈ ਵੀ ਰੋਕੇਗੀ ਅਤੇ ਜੋ ਲੋਕ ਕੋਵਿਡ ਪਾਜਿਟਿਵ ਆਏ ਹਨ ਉਨਾਂ ਦਾ ਹੌਂਸਲਾ ਬੁਲੰਦ ਰੱਖਣ ਦੇ ਨਾਲ ਨਾਲ ਉਨਾਂ ਦੀ ਹਰ ਪ੍ਰਕਾਰ ਨਾਲ ਲੋੜੀਂਦੀ ਮਦਦ ਵੀ ਕਰੇਗੀ।
ਦੂਜੇ ਪਾਸੇ ਕੋਵਿਡ ਤੋਂ ਪ੍ਰਭਾਵਿਤ ਜੋ ਮਰੀਜ ਆਰਥਿਕ ਤੌਰ ਤੇ ਕਮਜੋਰ ਹਨ ਉਨਾਂ ਨੂੰ ਪੰਜਾਬ ਸਰਕਾਰ ਵੱਲੋਂ ਰਾਸ਼ਨ ਦੀ ਕਿੱਟ ਵੀ ਮੁਹਈਆ ਕਰਵਾਈ ਜਾ ਰਹੀ ਹੈ। ਪਿੰਡ ਘੁੜਿਆਣਾ ਦੇ ਜਰੂਰਤਮੰਦ ਪਰਿਵਾਰਾਂ ਨੂੰ ਅੱਜ ਰਾਸ਼ਨ ਦੀਆਂ ਕਿੱਟਾਂ ਵੰਡੀਆਂ ਗਈਆਂ ਹਨ। ਐਸ.ਡੀ.ਐਮ. ਸ੍ਰੀ ਕੇਸਵ ਗੋਇਲ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਹੁਕਮਾਂ ਅਨੁਸਾਰ ਕਿਸੇ ਨੂੰ ਵੀ ਭੁੱਖਾ ਨਹੀਂ ਰਹਿਣ ਦਿੱਤਾ ਜਾਵੇਗਾ ਅਤੇ ਪ੍ਰਸ਼ਾਸਨ ਹਰ ਪ੍ਰਕਾਰ ਦੀ ਲੋਕਾਂ ਦੀ ਮਦਦ ਕਰ ਰਿਹਾ ਹੈ।

Spread the love