ਕਿਹਾ, ਕਰੋਨਾ ਟੈਸਟਿੰਗ ਵਿੱਚ ਹੋ ਰਹੇ ਵਾਧੇ ਨੇ ਪਾਜ਼ੀਟਵ ਕੇਸਾਂ ਨੂੰ ਘਟਾਇਆ
ਪਿਛਲੇ ਤਿੰਨ ਦਿਨਾਂ ਦੌਰਾਨ ਮੌਤਾਂ ਦੀ ਦਰ ਚ ਆ ਰਹੀ ਹੈ ਗਿਰਾਵਟ
#ਬਠਿੰਡਾ, 20 ਮਈ , 2021 : ਜ਼ਿਲੇ ਦੇ ਡਿਪਟੀ ਕਮਿਸ਼ਨਰ ਸ੍ਰੀ ਬੀ.ਸ੍ਰੀਨਿਵਾਸਨ ਨੇ ਕਿਹਾ ਕਿ ਸੂਬਾ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਕੋਰੋਨਾ ਮੁਕਤ ਪਿੰਡ ਮੁਹਿੰਮ ਨੂੰ ਜ਼ਿਲੇ ਚ ਭਰਵਾਂ ਹੁੰਗਾਰਾ ਮਿਲ ਰਿਹਾ ਹੈ । ਇਸ ਮੁਹਿੰਮ ਨਾਲ ਪਿਛਲੇ ਤਿੰਨ ਦਿਨਾਂ ਦੌਰਾਨ ਜ਼ਿਲ੍ਹੇ ਅੰਦਰ ਜਿੱਥੇ ਕੋਰੋਨਾ ਟੈਸਟਿੰਗ ਦੀ ਗਿਣਤੀ ਵਿੱਚ ਵਾਧਾ ਹੋਇਆ ਹੈ ਉਥੇ ਹੀ ਇਸ ਨਾਲ ਪੌਜ਼ਿਟਿਵ ਕੇਸਾਂ ਤੇ ਮੌਤ ਦਰ ਵਿੱਚ ਗਿਰਾਵਟ ਦੇਖਣ ਨੂੰ ਮਿਲੀ ਹੈ ਜੋ ਕਿ ਜ਼ਿਲ੍ਹਾ ਵਾਸੀਆਂ ਲਈ ਰਾਹਤ ਵਾਲੀ ਖ਼ਬਰ ਹੈ ।
ਡਿਪਟੀ ਕਮਿਸ਼ਨਰ ਸ੍ਰੀਨਿਵਾਸਨ ਨੇ ਦੱਸਿਆ ਕਿ ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ 18 ਮਈ ਨੂੰ ਪੇਂਡੂ ਖੇਤਰ ਨਾਲ ਸਬੰਧਤ ਲੋਕਾਂ ਨੂੰ ਕੋਰੋਨਾ ਮਹਾਂਮਾਰੀ ਤੋਂ ਬਚਾਉਣ ਲਈ ਸ਼ੁਰੂ ਕੀਤੀ ਗਈ ਇਸ ਵਿਸ਼ੇਸ਼ ਮੁਹਿੰਮ ਨੂੰ ਜ਼ਿਲ੍ਹੇ ਦੇ ਪਿੰਡਾਂ ਵਿੱਚ ਮਿਲ ਰਹੇ ਭਰਪੂਰ ਸਹਿਯੋਗ ਸਦਕਾ ਹੀ ਇਹ ਸੰਭਵ ਹੋ ਸਕਿਆ ਹੈ ।
ਪਿਛਲੇ ਤਿੰਨ ਦਿਨਾਂ ਦੇ ਅੰਕੜੇ ਸਾਂਝੇ ਕਰਦਿਆਂ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹੇ ਅੰਦਰ ਸਿਹਤ ਵਿਭਾਗ ਵੱਲੋਂ ਲਗਾਏ ਗਏ ਵੱਖ ਵੱਖ ਕੈਂਪਾਂ ਰਾਹੀਂ 18 ਮਈ ਨੂੰ 4657ਕੋਰੋਨਾ ਟੈਸਟਿੰਗ ਕੀਤੇ ਗਏ , ਜਿਨ੍ਹਾਂ ਚੋਂ 733 ਕੇਸ ਪੋਜ਼ਟਿਵ ਆਏ ਅਤੇ 34 ਮੌਤਾਂ ਹੋਈਆ, ਅਗਲੇ ਦਿਨ 19 ਮਈ ਨੂੰ 4378 ਕੋਰੋਨਾ ਟੈਸਟਿੰਗ ਲਏ ਗਏ, ਜਿਨ੍ਹਾਂ ਚੋਂ 650 ਕੇਸ ਪੋਜ਼ਟਿਵ ਆਏ ਅਤੇ ਮੌਤ ਦਰ ਘਟ ਕੇ 23 ਹੋ ਗਈ , ਇਸੇ ਤਰ੍ਹਾਂ 20 ਮਈ ਨੂੰ ਲਏ ਗਏ ਕੋਰੋਨਾ ਟੈਸਟਿੰਗ ਦੀ ਗਿਣਤੀ 4466 ਹੋਈ, ਜਿਨ੍ਹਾਂ ਚੋਂ ਪੌਜ਼ਿਟਿਵ ਕੇਸਾਂ ਦੀ ਦਰ ਘਟ ਕੇ 601 ਅਤੇ ਮੌਤਾਂ ਦੀ ਗਿਣਤੀ ਘਟ ਕੇ 21 ਹੋ ਗਈ l
ਡਿਪਟੀ ਕਮਿਸ਼ਨਰ ਨੇ ਅੱਗੇ ਦੱਸਿਆ ਕਿ ਕੋਰੋਨਾ ਟੈਸਟਿੰਗ ਦੀ ਗਿਣਤੀ ਵਧਣ ਨਾਲ ਜਿੱਥੇ ਪੌਜ਼ਿਟਿਵ ਕੇਸਾਂ ਦੀ ਗਿਣਤੀ ਘਟ ਰਹੀ ਹੈ ਉਥੇ ਹੀ ਮੌਤਾਂ ਦੀ ਦਰ ਚ ਵੀ ਗਿਰਾਵਟ ਆਉਣੀ ਸ਼ੁਰੂ ਹੋ ਗਈ ਹੈ ।ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਕੋਰੋਨਾ ਨੂੰ ਹਰਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਤੇ ਸਿਹਤ ਵਿਭਾਗ ਨੂੰ ਹੋਰ ਸਹਿਯੋਗ ਦੇਣ , ਤਾਂ ਜੋ ਇਸ ਭਿਆਨਕ ਮਹਾਂਮਾਰੀ ਨੂੰ ਫੈਲਣ ਤੋਂ ਵੀ ਰੋਕਿਆ ਜਾ ਸਕੇ ।