ਕਰੋਨਾ ਮੈਨੇਜਮੈਂਟ ਤਹਿਤ ਜਿਲ੍ਹੇ ਵਿਚ ਨਿਯੁਕਤ ਕੀਤੇ ਗਏ 27 ਸੈਕਟਰ ਮੈਜਿਸਟਰੇਟ

ਲੋਕਾਂ ਦੇ ਸਹਿਯੋਗ, ਟੀਕਾਕਰਨ ਅਤੇ ਟੈਸਟਿੰਗ ਨਾਲ ਕਰੋਨਾ ਵਿਰੁੱਧ ਜੰਗ ਜਿੱਤੀ ਜਾਵੇਗੀ- ਸੇਤੀਆ
ਕਰੋਨਾ ਕਾਰਨ ਜਿਲ੍ਹੇ ਵਿੱਚ ਮੌਤ ਦਰ ਪੰਜਾਬ ਵਿੱਚ ਸਭ ਤੋਂ ਘੱਟ
ਫਰੀਦਕੋਟ 13 ਮਈ , 2021  ਡਿਪਟੀ ਕਮਿਸ਼ਨਰ ਸ੍ਰੀ ਵਿਮਲ ਕੁਮਾਰ ਸੇਤੀਆ ਨੇ ਕਿਹਾ ਕਿ ਲੋਕਾਂ ਦੇ ਸਹਿਯੋਗ, ਟੀਕਾਕਰਨ ,ਟੈਸਟਿੰਗ ਅਤੇ ਸਾਵਧਾਨੀਆਂ ਪ੍ਰਤੀ ਜਾਗਰੂਕਤਾ ਵਰਤ ਕੇ ਕਰੋਨਾ ਖਿਲਾਫ ਜੰਗ ਵਿੱਚ ਸਫਲਤਾ ਹਾਸਲ ਕੀਤੀ ਜਾਵੇਗੀ।ਉਹ ਅੱਜ ਏਥੇ ਅਸ਼ੋਕਾ ਚੱਕਰ ਮੀਟਿੰਗ ਹਾਲ ਵਿਖੇ ਜਿਲ੍ਹੇ ਦੇ ਪੱਤਰਕਾਰਾਂ ਨਾਲ ਕਰੋਨਾਂ ਦੀ ਤਾਜਾ ਸਥਿਤੀ ਸਬੰਧੀ ਵਿਸ਼ੇਸ਼ ਗੱਲਬਾਤ ਕਰ ਰਹੇ ਸਨ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਕਰੋਨਾਂ ਦੇ ਖਾਤਮੇ ਅਤੇ ਇਸ ਸਬੰਧੀ ਸਾਵਧਾਨੀਆਂ ਵਰਤਣ ਲਈ ਲੋਕਾਂ ਨੂੰ ਵੱਧ ਤੋਂ ਵੱਧ ਜਾਗਰੂਕ ਕਰਨ ਲਈ ਪ੍ਰੈਸ ਮੀਡੀਆ ਵੱਲੋਂ ਬਹੁਤ ਹੀ ਮਹੱਤਵਪੂਰਨ ਅਤੇ ਉਸਾਰੂ ਰੋਲ ਅਦਾ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ ਵਿੱਚ ਅਸੀਂ ਭਿਆਨਕ ਦੌਰ ਵਿਚੋਂ ਗੁਜ਼ਰ ਰਹੇ ਹਾਂ ਅਤੇ ਕਰੋਨਾ ਦੇ ਦੂਜੇ ਖਤਰਨਾਕ ਸਟਰੇਨ ਕਾਰਨ ਕਈ ਮੌਤਾਂ ਹੋ ਰਹੀਆਂ ਹਨ। ਉਨ੍ਹਾਂ ਕਿਹਾ ਕਿ ਫ਼ਰੀਦਕੋਟ ਜਿਲ੍ਹੇ ਵਿੱਚ ਜਿੱਥੇ ਜਿਲ੍ਹਾ ਪ੍ਰਸ਼ਾਸਨ ਵੱਲੋਂ ਵੱਖ-ਵੱਖ ਐਨ.ਜੀ.ਓ. ਦੇ ਸਹਿਯੋਗ, ਪ੍ਰੈਸ ਦੇ ਮਿਲਵਰਤਨ ਨਾਲ ਲੋਕਾਂ ਨੂੰ ਕਰੋਨਾ ਸਾਵਧਾਨੀਆਂ ਪ੍ਰਤੀ ਜਾਗਰੂਕ ਕੀਤਾ ਜਾ ਰਿਹਾ ਹੈ। ਉਥੇ ਹੀ ਜਿਲ੍ਹਾ ਪ੍ਰਸ਼ਾਸਨ ਵੱਲੋਂ ਟੀਕਾਕਰਨ ਮੁਹਿੰਮ ਤੇ ਟੈਸਟਿੰਗ ਵਿੱਚ ਵੀ ਤੇਜੀ ਲਿਆਂਦੀ ਗਈ ਹੈ ।ਉਨ੍ਹਾਂ ਕਿਹਾ ਕਿ ਹੁਣ ਤੱਕ ਜਿਲ੍ਹੇ ਵਿਚ 45 ਸਾਲ ਤੋਂ ਉੱਪਰ ਵਰਗ ਦੇ ਲੋਕਾਂ ਦਾ ਟੀਕਾਕਰਣ ਇਕ ਲੱਖ ਦੇ ਕਰੀਬ ਪਹੁੰਚ ਚੁੱਕਾ ਹੈ ਤੇ ਹੁਣ ਪੰਜੀਕ੍ਰਿਤ ਕਾਮਿਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਦਾ ਟੀਕਾਕਰਨ ਜੋ ਕਿ 18 ਤੋਂ 45 ਸਾਲ ਵਿੱਚ ਆਉਂਦੇ ਹਨ, ਪਹਿਲ ਦੇ ਆਧਾਰ ਤੇ ਕੀਤਾ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਜਿਲ੍ਹੇ ਵਿੱਚ ਕਰੋਨਾ ਮਰੀਜ਼ਾਂ ਲਈ ਆਕਸੀਜਨ ਦੀ ਲੋੜੀਂਦੀ ਮਾਤਰਾ ਮੌਜੂਦ ਹੈ ਅਤੇ ਇਸ ਤੋਂ ਇਲਾਵਾ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਦੇ ਕੋਡਿਵ ਕੇਅਰ ਸੈਂਟਰ ਜਿੱਥੇ ਲੈਵਲ 2 ਅਤੇ 3 ਲਈ 300 ਬੈੱਡ ਮੌਜੂਦ ਹਨ, ਵਿੱਚ 150 ਬੈੱਡਾਂ ਦਾ ਹੋਰ ਵਾਧਾ ਕੀਤਾ ਜਾ ਰਿਹਾ ਹੈ।ਉਨ੍ਹਾਂ ਕਿਹਾ ਕਿ ਜਿਲ੍ਹੇ ਵਿੱਚ ਕਰੋਨਾ ਦੇ 1600 ਦੇ ਕਰੀਬ ਐਕਟਿਵ ਕੇਸ ਹਨ, ਜਿਨ੍ਹਾਂ ਵਿੱਚੋਂ 1522 ਦੇ ਕਰੀਬ ਘਰਾਂ ਵਿੱਚ ਇਕਾਂਤਵਾਸ ਹਨ ਜਿਨ੍ਹਾਂ ਦੀ ਜਿੱਥੇ ਵਿਸ਼ੇਸ਼ ਟੀਮ ਵੱਲੋਂ ਟਰੈਕਿੰਗ ਕੀਤੀ ਜਾ ਰਹੀ ਹੈ ,ਉਥੇ ਹੀ ਉਨ੍ਹਾਂ ਨੂੰ ਸਿਹਤ ਵਿਭਾਗ ਵੱਲੋਂ ਮਿਸ਼ਨ ਫਤਿਹ ਕਿੱਟ ਵੀ ਮੁਹਈਆ ਕਰਵਾਈ ਗਈ ਹੈ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਕਰੋਨਾ ਸਾਵਧਾਨੀਆਂ ਪ੍ਰਤੀ ਵੱਧ ਤੋਂ ਵੱਧ ਜਾਗਰੂਕ ਕਰਨ ਲਈ ਜਿੱਥੇ ਸਵੈ-ਸੇਵੀ ਸੰਸਥਾਵਾਂ, ਪੰਚਾਇਤਾਂ ,ਧਾਰਮਿਕ ਸੰਸਥਾਵਾਂ ਤੇ ਆਮ ਲੋਕਾਂ ਦਾ ਸਹਿਯੋਗ ਲਿਆ ਜਾ ਰਿਹਾ ਹੈ ਉੱਥੇ ਹੀ ਜਿਲ੍ਹੇ ਦੇ ਸਕੂਲਾਂ ਦੇ ਪ੍ਰਿੰਸੀਪਲਾਂ ਅਤੇ ਹੈੱਡ ਮਾਸਟਰਾਂ ਨੂੰ ਵੀ ਆਨਲਾਈਨ/ ਵਰਚੁਅਲ ਤਰੀਕੇ ਨਾਲ ਪੀ.ਟੀ.ਏ. ਦੀ ਮੀਟਿੰਗ ਬੁਲਾਉਣ, ਸਕੂਲਾਂ ਵਿਚ ਪੜ੍ਹਦੇ ਬੱਚਿਆਂ ਦੇ ਮਾਤਾ-ਪਿਤਾ ਦਾ 100 ਪ੍ਰਤੀਸ਼ਤ ਟੀਕਾਕਰਨ, ਟੈਸਟਿੰਗ ਕਰਵਾਉਣ ਲਈ ਵੀ ਪ੍ਰੇਰਿਤ ਕਰਨ ਲਈ ਕਿਹਾ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਕੰਮ ਵਿੱਚ ਵਧੀਆ ਕਾਰਗੁਜ਼ਾਰੀ ਦਿਖਾਉਣ ਵਾਲੇ ਸਕੂਲਾਂ ਨੂੰ ਸਨਮਾਨਿਤ ਕੀਤਾ ਜਾਵੇਗਾ।ਡਿਪਟੀ ਕਮਿਸ਼ਨਰ ਨੇ ਪ੍ਰੈਸ ਨੂੰ ਅਪੀਲ ਕੀਤੀ ਕਿ ਉਹ ਟੀਕਾਕਰਨ, ਟੈਸਟਿੰਗ ਆਦਿ ਸਬੰਧੀ ਵੱਧ ਤੋਂ ਵੱਧ ਲੋਕਾਂ ਨੂੰ ਜਾਗਰੂਕ ਕਰਨ।
Spread the love