ਕਰੋਨਾ ਵਿਰੁੱਧ ਜੰਗ ਚ ਫ਼ਤਿਹ ਪਾਉਣ ਲਈ ਅੱਗੇ ਆਉਣ ਨੌਜਵਾਨ : ਕੈਪਟਨ ਅਮਰਿੰਦਰ ਸਿੰਘ

ਮਾਝਾਂ, ਮਾਲਵਾ ਅਤੇ ਦੁਆਬੇ ਦੇ ਚੋਣਵੇਂ ਨੌਜਵਾਨਾਂ ਨੇ ਮੁੱਖ ਮੰਤਰੀ ਨਾਲ ਕੀਤੀ ਗੱਲਬਾਤ
ਕਿਹਾ, 100ਫ਼ੀਸਦੀ ਟੀਕਾਕਰਨ ਲਈ ਨੌਜਵਾਨ ਹੋਣਗੇ ਸਹਾਈ ਸਿੱਧ
ਵਧੀਆ ਕਾਰਗੁਜ਼ਾਰੀ ਵਾਲੇ ਨੌਜਵਾਨ ਗਰੁੱਪਾਂ ਨੂੰ ਦਿੱਤੀ ਜਾਵੇਗੀ ਸਪੋਰਟਸ ਕਿੱਟ
ਬਠਿੰਡਾ, 27 ਮਈ 2021   ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੋਵਿਡ-19 ਮਹਾਂਮਾਰੀ ਦੀ ਦੂਜੀ ਖ਼ਤਰਨਾਕ ਲਹਿਰ ਦੇ ਖ਼ਾਤਮੇ ਲਈ ਕਰੋਨਾ ਮੁਕਤ ਪੰਜਾਬ ਅਭਿਆਨ ਤਹਿਤ ਕੀਤੀ ਗਈ ਵਰਚੂਅਲ ਮੀਟਿੰਗ ਦੌਰਾਨ ਪੰਜਾਬ ਦੇ ਨੌਜਵਾਨਾਂ ਨੂੰ ਸੱਦਾ ਦਿੱਤਾ ਕਿ ਉਹ ਕਰੋਨਾ ਵਿਰੁੱਧ ਜੰਗ ਵਿਚ ਫ਼ਤਿਹ ਪਾਉਣ ਲਈ ਮੌਹਰੀ ਹੋ ਕੇ ਭੂਮਿਕਾ ਨਿਭਾਉਣ। ਉਨ੍ਹਾਂ ਇਹ ਵੀ ਕਿਹਾ ਕਿ ਕੋਵਿਡ ਨਾਲ ਨਜਿੱਠਣ ਲਈ ਨੌਜਵਾਨਾਂ ਵਲੋਂ ਕਰੋਨਾ ਟੀਕਾਕਰਨ ਲਈ 100ਫ਼ੀਸਦੀ ਪਾਏ ਗਏ ਯੋਗਦਾਨ ਨਾਲ ਅਸੀਂ ਇਸ ਮੁਹਿੰਮ ਨੂੰ ਹਰਾਉਣ ਵਿਚ ਜ਼ਰੂਰ ਸਫ਼ਲ ਹੋਵਾਗੇ। ਵਰਚੂਅਲ ਮੀਟਿੰਗ ਦੌਰਾਨ ਮਾਝਾਂ, ਮਾਲਵਾ ਅਤੇ ਦੁਆਬੇ ਦੇ ਚੋਣਵੇਂ ਨੌਜਵਾਨਾਂ ਵਲੋਂ ਮੁੱਖ ਮੰਤਰੀ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਆਪਣੇ ਤਜ਼ਰਬੇ ਸਾਂਝੇ ਕੀਤੇ ਅਤੇ ਇਹ ਵੀ ਵਿਸ਼ਵਾਸ਼ ਦਿਵਾਇਆ ਕਿ ਉਹ ਭਵਿੱਖ ਵਿਚ ਵੀ ਸਰਕਾਰ ਨੂੰ ਹਰ ਤਰ੍ਹਾਂ ਦਾ ਸੰਭਵ ਸਹਿਯੋਗ ਦੇਣਗੇ।
ਸੂਬਾ ਪੱਧਰੀ ਇਸ ਵਰਚੂਅਲੀ ਪ੍ਰੋਗਰਾਮ ਦੌਰਾਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮਿਸ਼ਨ ਫ਼ਤਿਹ 2.0 ਦੇ ਖ਼ਾਤਮੇ ਲਈ ਨੌਜਵਾਨਾਂ ਨੂੰ ਖੁੱਦ ਆਪਣੇ ਪਰਿਵਾਰ ਤੇ ਸਮਾਜ ਦੀ ਸੁਰੱਖਿਆ ਲਈ ਕਰੋਨਾ ਟੀਕਾਕਰਨ ਤੇ ਟੈਸਟਿੰਗ ਵਿਚ ਵਿਸ਼ੇਸ਼ ਯੋਗਦਾਨ ਪਾਉਣ ਲਈ ਵੀ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਹਾਲਾਂਕਿ ਕੋਰੋਨਾ ਵਾਇਰਸ ਤੋਂ ਬਚਾਅ ਲਈ ਟੀਕਾਕਰਨ ਕੀਤਾ ਜਾ ਰਿਹਾ ਹੈ ਪਰ ਫ਼ਿਰ ਵੀ ਕੋਵਿਡ ਦੇ ਸੰਪਰਕ ’ਚ ਆਉਣ ਤੋਂ ਬਚਣ ਲਈ ਹਰ ਵੇਲੇ ਸੁਚੇਤ ਰਹਿਣਾ ਚਾਹੀਦਾ ਹੈ ਜਿਸ ਲਈ ਨੌਜਵਾਨਾਂ ਨੂੰ ਆਪਣੇ ਪਰਿਵਾਰ ਤੇ ਆਲੇ-ਦੁਆਲੇ ਦੇ ਲੋਕਾਂ ਨੂੰ ਲੋੜੀਂਦੀਆਂ ਸਾਵਧਾਨੀਆਂ ਤੇ ਇਸਦੇ ਲੱਛਣਾਂ ਪ੍ਰਤੀ ਸੁਚੇਤ ਕਰਦੇ ਰਹਿਣਾ ਚਾਹੀਦਾ ਹੈ।
ਮੁੱਖ ਮੰਤਰੀ ਨੇ ਇਹ ਵੀ ਕਿਹਾ ਕਿ ਪਿੰਡਾਂ ਵਿਚ 100ਫੀਸਦੀ ਟੀਕਾਕਰਨ ਤੇ ਟੈਸਟਿੰਗ ਲਈ ਨੌਜਵਾਨਾਂ ਦੀ 7 ਮੈਂਬਰੀ ਕਮੇਟੀ ਦਾ ਗਠਨ ਕੀਤਾ ਜਾਵੇ। ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ ਇਸ ਮੁਹਿੰਮ ਵਿਚ ਵਧੀਆ ਕਾਰਗੁਜ਼ਾਰੀ ਦਿਖਾਉਣ ਵਾਲੀਆਂ ਕਮੇਟੀਆਂ ਨੂੰ ਸਪੋਰਟਸ ਕਿੱਟਾਂ ਦੇ ਸਨਮਾਨਿਤ ਕੀਤਾ ਜਾਵੇਗਾ। ਇਹ ਸਪੋਰਟਸ ਕਿੱਟਾਂ ਨੌਜਵਾਨਾਂ ਨੂੰ 12 ਅਗਸਤ ਇੰਟਰਨੈਸ਼ਨਲ ਯੂਥ ਡੇਅ ਮੌਕੇ ਮੁਹੱਈਆ ਕਰਵਾਈਆਂ ਜਾਣਗੀਆਂ।
ਇਸ ਵਰਚੂਅਲ ਸਮਾਗਮ ਦੌਰਾਨ ਪ੍ਰਸਿੱਧ ਐਕਟਰ, ਸਮਾਜ ਸੇਵੀ ਅਤੇ ਕਰੋਨਾ ਖਿਲਾਫ਼ ਸਰਕਾਰ ਵਲੋਂ ਵਿੱਢੀ ਗਈ ਮੁਹਿੰਮ ਵਿਚ ਐਂਬੈਸਡਰ ਵਜੋਂ ਆਪਣੀਆਂ ਵਡਮੁੱਲੀਆਂ ਸੇਵਾਵਾਂ ਨਿਭਾਅ ਰਹੇ ਸ਼੍ਰੀ ਸੋਨੂੰ ਸੂਦ ਵਲੋਂ ਆਪਣੇ ਤਜ਼ਰਬੇ ਸਾਂਝੇ ਕਰਦਿਆਂ ਮੁੱਖ ਮੰਤਰੀ ਨੂੰ ਭਰੋਸਾ ਦਿਵਾਇਆ ਕਿ ਉਸ ਵਲੋਂ ਇਸ ਮਹਾਂਮਾਰੀ ਦੇ ਖ਼ਾਤਮੇ ਲਈ ਸਰਕਾਰ ਨੂੰ ਹਰ ਤਰ੍ਹਾਂ ਦਾ ਸੰਭਵ ਸਹਿਯੋਗ ਦਿੱਤਾ ਜਾਵੇਗਾ।
ਵਰਚੂਅਲ ਸਮਾਗਮ ਉਪਰੰਤ ਡਿਪਟੀ ਕਮਿਸ਼ਨਰ ਸ਼੍ਰੀ ਬੀ.ਸ਼੍ਰੀਨਿਵਾਸਨ ਨੇ ਦੱਸਿਆ ਕਿ ਜ਼ਿਲ੍ਹਾ ਵਾਸੀਆਂ ਨੂੰ ਕੋਵਿਡ-19 ਦੀ ਮਹਾਂਮਾਰੀ ਦੌਰਾਨ ਹਰ ਲੋੜੀਂਦੀ ਸਹੂਲਤ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ ਤੇ ਪਾਜਿਟਿਵ ਮਰੀਜ਼ਾਂ ਦੇ ਇਲਾਜ ਲਈ ਹਰ ਸੰਭਵ ਮੈਡੀਕਲ ਸਹੂਲਤ ਉਪਲਬਧ ਕਰਵਾਉਣੀ ਯਕੀਨੀ ਬਣਾਈ ਜਾ ਰਹੀ ਹੈ। ਉਨਾਂ ਕਿਹਾ ਕਿ ਜ਼ਿਲੇ ਦੇ ਸਰਕਾਰੀ ਹਸਪਤਾਲਾਂ ’ਚ ਆਕਸੀਜਨ ਉਪਲਬਧਤਾ ਵਾਲੇ ਬੈੱਡਾਂ ਦੀ ਗਿਣਤੀ ਵਧਾਉਣ ਦੇ ਨਾਲ-ਨਾਲ ਪ੍ਰਾਇਵੇਟ ਹਸਪਤਾਲਾਂ ਨੂੰ ਵੀ ਕੋਵਿਡ ਦੇ ਇਲਾਜ ਲਈ ਲੋੜੀਂਦੀ ਮਨਜ਼ੂਰੀ ਦਿੱਤੀ ਜਾ ਰਹੀ ਹੈ। ਉਨਾਂ ਦੱਸਿਆ ਕਿ ਕਰੋਨਾ ਪ੍ਰਭਾਵਿਤ ਮਰੀਜ਼ਾਂ ਦੇ ਇਲਾਜ਼ ਲਈ ਜ਼ਿਲੇ ਦੇ ਪਿੰਡ ਕਣਕਵਾਲ ਵਿਖੇ ਸ਼੍ਰੀ ਗੁਰੂ ਗੋਬਿੰਦ ਸਿੰਘ ਰਿਫ਼ਾਇਨਰੀ ਦੇ ਸਹਿਯੋਗ ਨਾਲ ਲੈਵਲ-2 ਲਈ 100 ਬੈੱਡਾਂ ਦਾ ਕੋਵਿਡ ਮੇਕ ਸ਼ਿਫਟ ਕਰੋਨਾ ਹਸਪਤਾਲ ਬਣਾਇਆ ਜਾ ਰਿਹਾ ਹੈ ਜੋ ਕਿ ਜੂਨ ਦੇ ਪਹਿਲੇ ਹਫ਼ਤੇ ਕੰਮ ਕਰਨਾ ਸ਼ੁਰੂ ਕਰ ਦੇਵੇਗਾ।
ਡਿਪਟੀ ਕਮਿਸ਼ਨਰ ਨੇ ਜ਼ਿਲ੍ਹੇ ਦੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਕਰੋਨਾ ਮਹਾਂਮਾਰੀ ਦੇ ਖ਼ਾਤਮੇ ਲਈ ਕਰੋਨਾ ਟੀਕਾਕਰਨ ਤੇ ਟੈਸਟਿੰਗ ਵਿਚ ਆਪਣਾ ਵਡਮੁੱਲਾ ਯੋਗਦਾਨ ਪਾਉਣ। ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਪੁਰਜ਼ੋਰ ਅਪੀਲ ਕਰਦਿਆਂ ਕਿਹਾ ਕਿ ਇਸ ਘੜੀ ਵਿਚ ਪੂਰਾ ਸਹਿਯੋਗ ਦੇਣ ਤਾਂ ਜੋ ਅਸੀਂ ਰਲ ਕੇ ਕਰੋਨਾ ਤੇ ਫ਼ਤਿਹ ਹਾਸਲ ਕਰ ਸਕੀਏ।

Spread the love