ਕਿਤਾਬਾਂ ਗਿਆਨ ਦਾ ਹੁੰਦੀਆਂ ਹਨ ਅਥਾਹ ਭੰਡਾਰ- ਜ਼ਿਲ੍ਹਾ ਸਿੱਖਿਆ ਅਫਸਰ

ਸਿੱਖਿਆ ਵਿਭਾਗ ਪੰਜਾਬ ਦਾ ਇਕ ਹੋਰ ਸ਼ਲਾਘਾਯੋਗ ਕਦਮ, ਲਗਾਇਆ ਕਿਤਾਬਾਂ ਦਾ ਲੰਗਰ
ਫਾਜ਼ਿਲਕਾ, 13 ਜੁਲਾਈ 2021
ਸਿੱਖਿਆ ਮੰਤਰੀ ਸ਼੍ਰੀ ਵਿਜੈਇੰਦਰ ਸਿੰਗਲਾ ਦੀ ਯੋਗ ਅਗਵਾਈ ਅਤੇ ਸਿੱਖਿਆ ਸਕੱਤਰ ਸ਼੍ਰੀ ਕ੍ਰਿਸ਼ਨ ਕੁੁੁੁਮਾਰ ਆਈ.ਏ.ਐਸ.ਦੇ ਯਤਨਾਂ ਸਦਕਾ ਸਰਕਾਰੀ ਸਕੂਲਾਂ ਵਿਚ ਬਹੁਤ ਸਾਰੀਆਂ ਪਹਿਲਕਦਮੀਆਂ ਕੀਤੀਆਂ ਜਾ ਰਹੀਆਂ ਹਨ।ਇਕ ਹੋਰ ਪਹਿਲਕਦਮੀ ਸਿੱਖਿਆ ਵਿਭਾਗ ਪੰਜਾਬ ਨੇ ਪੰਜਾਬ ਦੇ ਸਕੂਲ ਮੁਖੀਆਂ ਅਤੇ ਅਧਿਆਪਕਾਂ ਦੇ ਸਹਿਯੋਗ ਨਾਲ ਕਿਤਾਬਾਂ ਦਾ ਲੰਗਰ ਲਗਾਉਣ ਦੀ ਮੁਹਿੰਮ ਵੱਡੇ ਪੱਧਰ ਤੇ ਸ਼ੁਰੂ ਕਰ ਦਿੱਤੀ ਹੈ, ਜਿਸ ਦਾ ਪੰਜਾਬ ਦੇ ਲੋਕਾਂ ਦਾ ਭਰਪੂਰ ਹੁੰਗਾਰਾ ਮਿਲ ਰਿਹਾ ਹੈ।ਵਿਭਾਗ ਨੇ ਫੈਸਲਾ ਕੀਤਾ ਹੈ ਕਿ ਹਰ ਇਕ ਵਿਦਿਆਰਥੀ ਨੂੰ ਘੱਟੋ ਘੱਟ ਦੋ ਕਿਤਾਬਾਂ ਜ਼ਰੂਰ ਪੜ੍ਹਾਉਣੀਆਂ ਹਨ ਜੇ ਉਨ੍ਹਾਂ ਦੇ ਮਾਪੇ ਵੀ ਪੜ੍ਹਨਾ ਚਾਹੁੰਦੇ ਹਨ ਤਾਂ ਉਨ੍ਹਾਂ ਨੂੰ ਵੀ ਕਿਤਾਬਾਂ ਦਿੱਤੀਆਂ ਜਾਣਗੀਆਂ।
ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਸਿੱਖਿਆ ਅਫ਼ਸਰ ਡਾ ਤਿ੍ਲੋਚਨ ਸਿੰਘ ਸਿੱਧੂ ਨੇ ਦੱਸਿਆ ਕਿ ਅੱਜ ਜ਼ਿਲ੍ਹੇ ਦੇ ਹਰੇਕ ਸਕੂਲ ਵਿਚ ਕਿਤਾਬਾਂ ਦਾ ਲੰਗਰ ਲਗਾਇਆ ਗਿਆ ਹੈ। ਇਹ ਲੰਗਰ ਪਿੰਡ ਦੀਆਂ ਸਾਂਝੀਆਂ ਥਾਂਵਾਂ ਤੇ, ਗਲੀ ਗਲੀ ਅਤੇ ਘਰ ਘਰ ਪਹੁੰਚੇਗਾ।ਡਾ ਸਿੱਧੂ ਅੱਜ ਸਰਕਾਰੀ ਹਾਈ ਸਕੂਲ ਰੁਹੜਿਆਂਵਾਲੀ ਵਿੱਚ ਲੱਗੇ ਕਿਤਾਬਾਂ ਦੇ ਲੰਗਰ ਵਿੱਚ ਸ਼ਾਮਲ ਹੋ ਕੇ ਸਕੂਲ ਮੁਖੀ ਅਤੇ ਸਮੂਹ ਸਟਾਫ ਦੀ ਪਿੱਠ ਥਪਥਪਾਈ ਅਤੇ ਕਿਤਾਬਾਂ ਦੇ ਲੰਗਰ ਵਿੱਚ ਆਪਣਾ ਯੋਗਦਾਨ ਪਾਇਆ।
ਇਸ ਤੋਂ ਬਾਅਦ ਡਾ ਸਿੱਧੂ ਸਰਕਾਰੀ ਮਿਡਲ ਸਕੂਲ ਬੁਰਜ ਹਨੂੰਮਾਨਗੜ੍ਹ ਪਹੁੰਚ ਕੇ ਕਿਤਾਬਾਂ ਦੇ ਲੰਗਰ ਵਿੱਚ ਸ਼ਿਰਕਤ ਕੀਤੀ ਅਤੇ ਸਮੂਹ ਸਟਾਫ ਦੀ ਸਰਾਹਨਾ ਕੀਤੀ। ਉਨ੍ਹਾਂ ਕਿਹਾ ਕਿ ਵਿਦਿਆਰਥੀ ਅਤੇ ਮਾਪੇ ਕਿਤਾਬਾਂ ਦੇ ਲੰਗਰ ਵਿਚ ਭਰਪੂਰ ਉਤਸ਼ਾਹ ਦਿਖਾ ਰਹੇ ਹਨ।ਇਸ ਤੋਂ ਬਾਅਦ ਡਾ ਸਿੱਧੂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਡੱਬਵਾਲਾ ਕਲਾਂ ਪਹੁੰਚੇ ਅਤੇ ਲਾਇਬਰੇਰੀ ਲੰਗਰ ਦਾ ਜਾਇਜ਼ਾ ਲਿਆ।ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੰਧ ਵਾਲਾ ਹਾਜ਼ਰ ਖਾਂ ਵਿਖੇ ਪਹੁੰਚ ਕੇ ਉਨ੍ਹਾਂ ਨੇ ਵਿਦਿਆਰਥੀਆਂ ਅਤੇ ਮਾਪਿਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕਿਤਾਬਾਂ ਅਥਾਹ ਗਿਆਨ ਦਾ ਭੰਡਾਰ ਹੁੰਦੀਆਂ ਹਨ ਅਤੇ ਸਾਨੂੰ ਕਿਤਾਬਾਂ ਪੜ੍ਹਨ ਦੀ ਜਗਿਆਸਾ ਹੋਣੀ ਚਾਹੀਦੀ ਹੈ।
ਇਸ ਤੋਂ ਬਾਅਦ ਉਹ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਕੌੜਿਆਂਵਾਲੀ ਪਹੁੰਚੇ ਅਤੇ ਲਾਇਬਰੇਰੀ ਲੰਗਰ ਵਿਚ ਪਹੁੰਚ ਕੇ ਉਨ੍ਹਾਂ ਨੇ ਵਿਦਿਆਰਥੀਆਂ, ਮਾਪਿਆਂ ਅਤੇ ਸਮੂਹ ਸਟਾਫ ਨੂੰ ਕਿਤਾਬਾਂ ਪੜ੍ਹਨ ਲਈ ਮੋਟੀਵੇਟ ਕੀਤਾ। ਇਸ ਤੋਂ ਇਲਾਵਾ ਉਨ੍ਹਾਂ ਨੇ ਐਨ.ਏ.ਐਸ. ਅਤੇ ਪੀ.ਏ.ਐਸ. ਦੇ ਪੇਪਰਾਂ ਬਾਰੇ ਜਾਣਕਾਰੀ ਦਿੱਤੀ ਅਤੇ ਇਹਨਾਂ ਇਮਤਿਹਾਨਾਂ ਵਿੱਚ ਵਿਦਿਆਰਥੀਆਂ ਦੀ ਵੱਧ ਤੋਂ ਵੱਧ ਭਾਗੀਦਾਰੀ ਯਕੀਨੀ ਬਣਾਉਣ ਲਈ ਕਿਹਾ।ਕੋਵਿਡ ਬਾਰੇ ਜਾਣਕਾਰੀ ਦਿੰਦੇ ਹੋਏ ਡਾ. ਸਿੱਧੂ ਨੇ ਕਿਹਾ ਕਿ ਕੋਵਿਡ ਦੀ ਤੀਸਰੀ ਲਹਿਰ ਤੋਂ ਬਚਣ ਲਈ ਸਰਕਾਰ ਦੀਆਂ ਹਦਾਇਤਾਂ ਦੀ ਪਾਲਣਾ ਯਕੀਨੀ ਬਣਾਉਣੀ ਚਾਹੀਦੀ ਹੈ।
ਇਸ ਮੌਕੇ ਜ਼ਿਲ੍ਹਾ ਬੱਡੀ ਅਫਸਰ ਸ੍ਰੀ ਵਿਜੈ ਪਾਲ ਅਤੇ ਸਬੰਧਤ ਸਕੂਲ ਮੁਖੀ ਤੇ ਸਮੂਹ ਸਟਾਫ ਹਾਜ਼ਰ ਸੀ।

Spread the love