ਕਿਸਾਨਾਂ ਦੀ ਆਮਦਨ ਵਧਾਉਣ ਵਿੱਚ ਸਹਾਈ ਹੋਣਗੇ ਫਾਰਮਰ ਪ੍ਰੋਡਿਊਸਰ ਆਰਗਨਾਈਜ਼ੇਸ਼ਨਸ

ਜ਼ਿਲ੍ਹਾ ਗੁਰਦਾਸਪੁਰ ਦੇ ਤਿੰਨ ਬਲਾਕਾਂ ਬਟਾਲਾ, ਡੇਰਾ ਬਾਬਾ ਨਾਨਕ ਅਤੇ ਕਾਹਨੂੰਵਾਨ ਵਿੱਚ ਸ਼ੁਰੂ ਕੀਤਾ ਜਾਵੇਗਾ ਇਹ ਪ੍ਰੋਜੈਕਟ
ਡਿਪਟੀ ਕਮਿਸ਼ਨਰ ਨੇ ਖੇਤੀਬਾੜੀ ਵਿਭਾਗ ਨੂੰ ਕਿਸਾਨਾਂ ਦੇ ਐੱਫ.ਪੀ.ਓ. ਬਣਾਉਣ ਦੇ ਨਿਰਦੇਸ਼ ਦਿਤੇ
ਗੁਰਦਾਸਪੁਰ, 2 ਜੁਲਾਈ 2021 ਛੋਟੇ ਕਿਸਾਨਾਂ ਦੀ ਆਮਦਨ ਵਧਾਉਣ ਲਈ ਭਾਰਤ ਸਰਕਾਰ ਦੇ ਨਿਰਦੇਸ਼ਾਂ ਤਹਿਤ ਕਿਸਾਨਾਂ ਦੇ ਫਾਰਮਰ ਪ੍ਰੋਡਿਊਸਰ ਆਰਗਨਾਈਜ਼ੇਸ਼ਨ (ਐੱਫ.ਪੀ.ਓ.) ਗਰੁੱਪ ਬਣਾਏ ਜਾਣਗੇ। ਇਸ ਪ੍ਰੋਜੈਕਟ ਲਈ ਸਰਹੱਦੀ ਜ਼ਿਲ੍ਹਾ ਗੁਰਦਾਸਪੁਰ ਦੇ ਤਿੰਨ ਬਲਾਕਾਂ ਬਟਾਲਾ, ਕਾਹਨੂੰਵਾਨ ਅਤੇ ਡੇਰਾ ਬਾਬਾ ਨਾਨਕ ਦੀ ਚੋਣ ਕੀਤੀ ਗਈ ਹੈ।
ਫਾਰਮਰ ਪ੍ਰੋਡਿਊਸਰ ਆਰਗਨਾਈਜ਼ੇਸ਼ਨ (ਐੱਫ.ਪੀ.ਓ.) ਦੀ ਜ਼ਿਲ੍ਹਾ ਪੱਧਰੀ ਮੋਨੀਟਰਿੰਗ ਕਮੇਟੀ ਦੀ ਪ੍ਰਧਾਨਗੀ ਕਰਦਿਆਂ ਡਿਪਟੀ ਕਮਿਸ਼ਨਰ ਗੁਰਦਾਸਪੁਰ ਜਨਾਬ ਮੁਹੰਮਦ ਇਸ਼ਫ਼ਾਕ ਨੇ ਦੱਸਿਆ ਕਿ ਐੱਫ.ਪੀ.ਓ. ਕਿਸਾਨਾਂ ਦੀ ਆਮਦਨ ਵਧਾਉਣ ਅਤੇ ਖੇਤੀਬਾੜੀ ਸੈਕਟਰ ਵਿੱਚ ਨੌਜਵਾਨਾਂ ਨੂੰ ਰੁਜ਼ਗਾਰ ਦੇ ਵਧੇਰੇ ਮੌਕੇ ਦੇਣ ਵਿੱਚ ਕਾਰਗਰ ਸਾਬਤ ਹੋਣਗੇ। ਉਨ੍ਹਾਂ ਦੱਸਿਆ ਕਿ ਭਾਰਤ ਸਰਕਾਰ ਵੱਲੋਂ ਦੇਸ਼ ਭਰ ਵਿੱਚ 10 ਹਜ਼ਾਰ ਐੱਫ.ਪੀ.ਓ. ਬਣਾਉਣ ਦਾ ਟੀਚਾ ਮਿੱਥਿਆ ਗਿਆ ਹੈ ਜਿਸ ਤਹਿਤ ਜ਼ਿਲ੍ਹਾ ਗੁਰਦਾਸਪੁਰ ਦੇ ਤਿੰਨ ਬਲਾਕਾਂ ਡੇਰਾ ਬਾਬਾ ਨਾਨਕ, ਬਟਾਲਾ ਤੇ ਕਾਹਨੂੰਵਾਨ ਤੋਂ ਸ਼ੁਰੂਆਤ ਕਰਦਿਆਂ ਵੱਧ ਤੋਂ ਵੱਧ ਕਿਸਾਨਾਂ ਦੇ ਐੱਫ.ਪੀ.ਓ. ਬਣਾਏ ਜਾਣਗੇ।
ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫ਼ਾਕ ਨੇ ਦੱਸਿਆ ਕਿ ਐੱਫ.ਪੀ.ਓ. ਦਾ ਗਠਨ ਕਲਸਟਰ ਅਧਾਰਤ ਬਿਜਨਸ ਆਰਗਨਾਈਜ਼ੇਸ਼ਨ (ਸੀ.ਬੀ.ਬੀ.ਓ.) ਵੱਲੋਂ ਕੀਤਾ ਜਾਵੇਗਾ ਅਤੇ ਇਸ ਵੱਲੋਂ ਪੰਜ ਸਾਲ ਤੱਕ ਹਰ ਤਰਾਂ ਦੀ ਤਕਨੀਕੀ ਸਹਾਇਤਾ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇੱਕ ਐੱਫ.ਪੀ.ਓ. ਵਿੱਚ 300 ਤੋਂ 500 ਤੱਕ ਕਿਸਾਨ ਸ਼ਾਮਲ ਹੋ ਸਕਦੇ ਹਨ ਅਤੇ ਕਿਸਾਨਾਂ ਦੇ ਇਸ ਸਮੂਹ ਵੱਲੋਂ ਇੱਕ ਦੂਜੇ ਦੇ ਸਹਿਯੋਗ ਨਾਲ ਫਸਲਾਂ ਦੀ ਉਪਜ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਹਰ ਮੈਂਬਰ ਕਿਸਾਨ ਨੂੰ ਆਪਣੇ ਵੱਲੋਂ 2000 ਰੁਪਏ ਦੇ ਕਰੀਬ ਅੰਸਦਾਨ ਪਾਉਣਾ ਪਾਵੇਗਾ ਅਤੇ ਬਾਕੀ ਖੇਤੀ ਸੰਦਾਂ, ਬੀਜ਼ਾਂ, ਦਵਾਈਆਂ ਆਦਿ ਲਈ ਜੋ ਵੀ ਆਰਥਿਕ ਸਹਾਇਤਾ ਲੋੜੀਂਦੀ ਹੋਵੇਗੀ ਉਹ ਨਾਬਾਰਡ ਵੱਲੋਂ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇੱਕ ਐੱਫ.ਪੀ.ਓ. ਖੇਤੀਬਾੜੀ ਨਾਲ ਸਬੰਧਤ ਕਿਸੇ ਵੀ ਪ੍ਰੋਜੈਕਟ ਲਈ 2 ਕਰੋੜ ਤੱਕ ਦਾ ਕਰਜ਼ਾ ਲੈ ਸਕਦਾ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਐੱਫ.ਪੀ.ਓ. ਦੇ ਗਠਨ ਨਾਲ ਛੋਟੇ ਕਿਸਾਨ ਜਦੋਂ ਇਕੱਠੇ ਹੋ ਜਾਣਗੇ ਤਾਂ ਉਹ ਨਾਬਾਰਡ ਦੀ ਸਹਾਇਤਾ ਨਾਲ ਮਿਲ ਕੇ ਖੇਤੀ ਸੰਦ ਖਰੀਦ ਸਕਣਗੇ। ਉਨ੍ਹਾਂ ਦੀ ਖੇਤੀ ਲਾਗਤ ਘਟਾਈ ਜਾਵੇਗੀ ਅਤੇ ਉੱਪਜ ਤੇ ਆਮਦਨ ਵਿੱਚ ਵਾਧਾ ਕੀਤਾ ਜਾਵੇਗਾ। ਕਿਸਾਨਾਂ ਨੂੰ ਵਧੀਆ ਕਿਸਮ ਦੇ ਬੀਜ਼ ਦਿੱਤੇ ਜਾਣਗੇ ਤਾਂ ਜੋ ਫਸਲਾਂ ਦਾ ਝਾੜ ਵੱਧ ਸਕੇ। ਉਨ੍ਹਾਂ ਕਿਹਾ ਕਿ ਐੱਫ.ਪੀ.ਓ. ਵੱਲੋਂ ਕਿਸਾਨਾਂ ਦੀ ਜਿਨਸ ਨੂੰ ਵਧੀਆ ਭਾਅ ਉੱਪਰ ਵੇਚਣ ਲਈ ਵੀ ਉਨ੍ਹਾਂ ਦੀ ਮਦਦ ਕੀਤੀ ਜਾਵੇਗੀ। ਇਸ ਤੋਂ ਇਲਾਵਾ ਜੇ ਕਿਸਾਨ ਆਪਣੀ ਉਪਜ ਵਿੱਚ ਕੋਈ ਵੈਲੀਊ ਐਡੀਸ਼ਨ ਕਰਨੀ ਚਾਹੁੰਦੇ ਹਨ ਤਾਂ ਉਨ੍ਹਾਂ ਨੂੰ ਹਰ ਤਰਾਂ ਦੀ ਤਕਨੀਕੀ ਅਤੇ ਆਰਥਿਕ ਸਹਾਇਤਾ ਵੀ ਦਿੱਤੀ ਜਾਵੇਗੀ।
ਡਿਪਟੀ ਕਮਿਸ਼ਨਰ ਨੇ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਕਿਸਾਨਾਂ ਨੂੰ ਇਸ ਪ੍ਰੋਜੈਕਟ ਬਾਰੇ ਦੱਸਣ ਅਤੇ ਐੱਫ.ਪੀ.ਓ. ਦੇ ਮੈਂਬਰ ਬਣਾਉਣ। ਉਨ੍ਹਾਂ ਕਿਹਾ ਕਿ ਸਰਕਾਰ ਦੀ ਇਹ ਯੋਜਨਾ ਕਿਸਾਨਾਂ ਦੀ ਆਮਦਨ ਵਧਾਉਣ ਵਿੱਚ ਅਹਿਮ ਰੋਲ ਅਦਾ ਕਰੇਗੀ। ਮੀਟਿੰਗ ਵਿੱਚ ਖੇਤੀਬਾੜੀ ਵਿਭਾਗ ਦੇ ਅਧਿਕਾਰੀ ਵੀ ਹਾਜ਼ਰ ਸਨ।

Spread the love