ਲੁਧਿਆਣਾ: 9 ਸਤੰਬਰ 2021
ਜਲੰਧਰ ਤੋਂ ਛਪਦੇ ਲੜੀਵਾਰ ਸਾਹਿੱਤਕ ਮੈਗਜ਼ੀਨ ਆਪਣੀ ਆਵਾਜ਼ ਦੇ ਕਿਸਾਨ ਅੰਦੋਲਨ ਵਿਸ਼ੇਸ਼ ਅੰਕ ਨੂੰ ਲੋਕ ਅਰਪਨ ਕਰਦਿਆਂ ਗੁਜਰਾਂਵਾਲਾ ਗੁਰੂ ਨਾਨਕ ਖ਼ਾਲਸਾ ਕਾਲਿਜ ਲੁਧਿਆਣਾ ਵਿਖੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਵਾਈਸ ਚਾਂਸਲਰ ਤੇ ਕਾਲਿਜ ਪ੍ਰਬੰਧਕ ਕਮੇਟੀ ਪ੍ਰਧਾਨ ਡਾ: ਸ ਪ ਸਿੰਘ ਨੇ ਕਿਹਾ ਹੈ ਕਿ ਕਿਸਾਨ ਅੰਦੋਲਨ ਸਿਰਫ਼ ਪੰਜਾਬ ਦੀ ਹੀ ਨਹੀਂ ਸਗੋਂ ਪੂਰੇ ਦੇਸ਼ ਦੀ ਲੋਕ ਜਾਗ੍ਰਤੀ ਲਹਿਰ ਦਾ ਆਧਾਰ ਬਣ ਗਿਆ ਹੈ। ਉਨ੍ਹਾਂ ਕਿਹਾ ਕਿ ਕਿਸਾਨ ਅੰਦੋਲਨ ਹੁਣ ਸਿਰਫ਼ ਕਿਸਾਨੀ ਦਾ ਨਹੀਂ ਸਗੋਂ ਕੇਂਦਰ ਰਾਜ ਸਬੰਧਾਂ ਨੂੰ ਵੀ ਮੁੜ ਵਿਚਾਰਨ ਦਾ ਏਜੰਡਾ ਬਣ ਰਿਹਾ ਹੈ। ਡਾ: ਸਿੰਘ ਨੇ ਕਿਹਾ ਕਿ ਪੰਜਾਬ ਵਿੱਚ ਸ: ਪਰਤਾਪ ਸਿੰਘ ਕੈਰੋਂ ਦੇ ਰਾਜ ਕਾਲ ਵੇਲੇ ਲਾਏ ਖ਼ੁਸ਼ ਹੈਸੀਅਤੀ ਟੈਕਸ ਦੇ ਖ਼ਿਲਾਫ਼ ਉੱਠੀ ਲੋਕ ਲਹਿਰ ਨੇ ਪੰਜਾਬੀਆਂ ਨੂੰ ਲੋਕ ਹੱਕਾਂ ਲਈ ਇਵੇਂ ਹੀ ਚੇਤੰਨ ਕੀਤਾ ਸੀ ਪਰ ਸਾਡੇ ਕਿਸਾਨ ਸੰਘਰਸ਼ ਨਾਲ ਸਬੰਧਿਤ ਚਿੰਤਨ ਕਰਨ ਵਾਲੇ ਪੱਤਰਕਾਰ, ਵਿਦਵਾਨ ਉਸ ਮਹੱਤਵਪੂਰਨ ਮੋਰਚੇ ਨੂੰ ਵਿਸਾਰੀ ਬੈਠੇ ਹਨ।
ਉਨ੍ਹਾਂ ਆਪਣੀ ਆਵਾਜ਼ ਦੇ ਨੁੱਖ ਸੰਪਾਦਕ ਅਮਰੀਕਾ ਵਾਸੀ ਸ: ਸੁਰਿੰਦਰ ਸਿੰਘ ਸੁੱਨੜ ਤੇ ਸੰਪਾਦਕ ਡਾ: ਲਖਵਿੰਦਰ ਜੌਹਲ ਨੂੰ ਮੁਬਾਰਕ ਦਿੱਤੀ ਜਿੰਨ੍ਹਾਂ ਨੇ ਕਿਸਾਨ ਅੰਦੋਲਨ ਨੂੰ ਕੇਂਦਰ ਵਿੱਚ ਰੱਖ ਕੇ ਮਹੱਤਵਪੂਰਨ ਲਿਖਤਾਂ ਇਸ ਵਿਸ਼ੇਸ਼ ਅੰਕ ਵਿੱਚ ਪਰੋਈਆਂ ਹਨ। ਇਸ ਦੇ ਸਲਾਹਕਾਰ ਬੋਰਡ ਵਿੱਚ ਡਾ: ਚੇਤਨ ਸਿੰਘ,ਸੁਰਜੀਤ ਪਾਤਰ,ਗੁਰਭਜਨ ਗਿੱਲ, ਜਸਪਾਲ ਘਈ ਤੇ ਯੂ ਕੇ ਵਾਸੀ ਮੋਤਾ ਸਿੰਘ ਸਰਾਏ ਦਾ ਸ਼ਾਮਲ ਹੋਣਾ ਮਾਣ ਵਾਲੀ ਗੱਲ ਹੈ।
ਇਸ ਮੈਗਜ਼ੀਨ ਦੇ ਮੁੱਖ ਸੰਪਾਦਕ ਸ: ਸੁਰਿੰਦਰ ਸਿੰਘ ਸੁੱਨੜ ਨੇ ਇਸ ਮੌਕੇ ਬੋਲਦਿਆਂ ਕਿਹਾ ਕਿ ਇਸ ਪਰਚੇ ਵਿੱਚ ਕਿਸਾਨ ਸੰਘਰਸ਼ ਨਾਲ ਸਬੰਧਿਤ ਅੰਮ੍ਰਿਤਾ ਪ੍ਰੀਤਮ, ਸੁਰਜੀਤ ਪਾਤਰ, ਗੁਰਭਜਨ ਗਿੱਲ, ਸੁਖਵਿੰਦਰ ਅੰਮ੍ਰਿਤ,ਜਸਵਿੰਦਰ,ਸੁਖਦੇਵ ਸਿੰਘ ਸਿਰਸਾ, ਵਰਿਆਮ ਸਿੰਘ ਸੰਧੂ, ਸੁਸ਼ੀਲ ਦੋਸਾਂਝ,ਅਰਤਿੰਦਰ ਸੰਧੂ,ਮਨਪ੍ਰੀਤ ਟਿਵਾਣਾ, ਹਰਮੀਤ ਵਿਦਿਆਰਥੀ,ਜਸਪਾਲ ਮਾਨਖੇੜਾ, ਡਾ: ਮੋਹਨ ਤਿਆਗੀ, ਕਵਿੰਦਰ ਚਾਂਦ, ਮੱਖਣ ਮਾਨ,ਅਮਰਜੀਤ ਕਸਕ,ਸੁਰਜੀਤ ਜੱਜ,ਅਮਰਜੀਤ ਕੌਂਕੇ, ਹਰਪ੍ਰੀਤ ਕੌਰ ਸੰਧੂ,ਕੁਲਦੀਪ ਸਿੰਘ ਦੀਪ, ਦੀਪਕ ਸ਼ਰਮਾ ਚਨਾਰਥਲ, ਜਸਬੀਰ ਮੀਰਾਂਪੁਰ,ਕੁਲਦੀਪ ਜਲਾਲਾਬਾਦ,ਸੁਰਜੀਤ ਕੌਰ ਟੋਰੰਟੋ, ਮਲਵਿੰਦਰ,ਸੁਰਿੰਦਰ ਗਿੱਲ ਜੈਪਾਲ, ਵਰਗੇ ਕਵੀਆਂ ਦੀਆਂ ਮਹੱਤਵਪੂਰਨ ਕਵਿਤਾਵਾਂ ਤੋਂ ਇਲਾਵਾ ਮੇਰੀ ਰਚਨਾ ਵੀ ਸ਼ਾਮਿਲ ਹੈ।
ਇਸ ਅੰਕ ਵਿੱਚ ਡਾ: ਸੁੱਚਾ ਸਿੰਘ ਗਿੱਲ,ਮਿਲਖਾ ਸਿੰਘ ਔਲਖ,ਗੁਲਜ਼ਾਰ ਸਿੰਘ ਸੰਧੂ,ਪ੍ਰੀਤਮ ਸਿੰਘ,ਪਿਰਥੀਪਾਲ ਸਿੰਘ ਕਪੂਰ,ਪਿਆਰਾ ਸਿੰਘ ਭੋਗਲ,ਡਾ: ਪਿਆਰੇ ਲਾਲ ਗਰਗ, ਹਰਜਿੰਦਰ ਸਿੰਘ ਲਾਲ, ਉਜਾਗਰ ਸਿੰਘ, ਸ ਅਸ਼ੋਕ ਭੌਰਾ, ਪ੍ਰੋ: ਕੁਲਬੀਰ ਸਿੰਘ, ਭਾਈ ਹਰਸਿਮਰਨ ਸਿੰਘ ਸੁਖੀ, ਡਾ: ਮੁਹੰਮਦ ਇਦਰੀਸ, ਡਾ: ਰਣਜੀਤ ਸਿੰਘ,ਪਿਰਥੀਪਾਲ ਸਿੰਘ ਮਾੜੀਮੇਘਾ, ਸੁਰਿੰਦਰ ਸਿੰਘ ਵਿਰਦੀ, ਜੋਗਿੰਦਰ ਸਿੰਘ ਤੂਰ,ਦਲਵਿੰਦਰ ਸਿੰਘ ਘੁੰਮਣ, ਡਾ: ਆਸਾ ਸਿੰਘ ਘੁੰਮਣ,ਸਤਨਾਮ ਸਿੰਘ ਮਾਣਕ, ਡਾ: ਸਵਰਾਜ ਸਿੰਘ ਵਰਗੇ ਵਿਦਵਾਨਾਂ ਦੇ ਲੇਖ ਸ਼ਾਮਿਲ ਕੀਤੇ ਗਏ ਹਨ।
ਪੰਜਾਬੀ ਲੋਕ ਵਿਰਾਸਤ ਅਕਾਡਮੀ ਦੇ ਚੇਅਰਮੈਨ ਪ੍ਰੋ: ਗੁਰਭਜਨ ਸਿੰਘ ਗਿੱਲ ਨੇ ਸ: ਸੁਰਿੰਦਰ ਸਿੰਘ ਸੁੱਨੜ ਅਤੇ ਡਾ: ਲਖਵਿੰਦਰ ਜੌਹਲ ਨੂੰ ਇਸ ਮਹੱਤਵਪੂਰਨ ਪ੍ਰਕਾਸ਼ਨਾ ਦੀ ਮੁਬਾਰਕ ਦਿੰਦਿਆਂ ਕਿਹਾ ਕਿ ਇਹ ਵਿਸ਼ੇਸ਼ ਅੰਕ ਸੰਘਰਸ਼ ਸ਼ੀਲ ਵਕਤ ਦਾ ਮਹੱਤਵ ਪੂਰਨ ਦਸਤਾਵੇਜ਼ ਹੈ। ਉਨ੍ਹਾਂ ਕਿਹਾ ਕਿ ਮੈਂ ਡਾ: ਸ ਪ ਸਿੰਘ ਜੀ ਦੀ ਪ੍ਰੇਰਨਾ ਤੇ ਸ: ਕਰਮਜੀਤ ਸਿੰਘ ਗਠਵਾਲਾ ਦੇ ਸਹਿਯੋਗ ਸਦਕਾ ਕਿਸਾਨ ਸੰਘਰਸ਼ ਨਾਲ ਸਬੰਧਿਤ 650 ਕਵਿਤਾਵਾਂ ਇਕੱਤਰ ਕਰਕੇ ਪੰਜਾਬੀ ਕਵਿਤਾ ਡਾਟ ਕਾਮ ਵੈੱਬਸਾਈਟ ਵਿੱਚ ਧਰਤ ਵੰਗਾਰੇ ਤਖ਼ਤ ਨੂੰ ਨਾਮ ਹੇਠ ਲੋਕ ਅਰਪਨ ਕਰ ਚੁਕਾ ਹਾਂ ਜਦ ਕਿ ਇਸ ਵਿੱਚੋਂ ਚੋਣਵੀਆਂ ਕਵਿਤਾਵਾਂ ਦਾ ਵੱਡ ਆਕਾਰੀ ਕਾਵਿ ਸੰਗ੍ਰਹਿ ਵੀ ਪ੍ਰਕਾਸ਼ਿਤ ਕੀਤਾ ਜਾ ਰਿਹਾ ਹੈ। ਉਨ੍ਹਾਂ ਸੁਝਾਅ ਦਿੱਤਾ ਕਿ ਇਸ ਅੰਕ ਵਿੱਚ ਸ਼ਾਮਿਲ ਮਹੱਤਵ ਪੂਰਨ ਮੁੱਲਵਾਨ ਲੇਖ ਵੀ ਵੱਖਰੀ ਪੁਸਤਕ ਦੇ ਰੂਪ ਵਿੱਚ ਸੰਪਾਦਿਤ ਕਰਨੇ ਚਾਹੀਦੇ ਹਨ।
ਧੰਨਵਾਦ ਦੇ ਸ਼ਬਦ ਬੋਲਦਿਆਂ ਆਪਣੀ ਆਵਾਜ਼ ਦੇ ਸੰਪਾਦਕ ਡਾ: ਲਖਵਿੰਦਰ ਜੌਹਲ ਨੇ ਕਿਹਾ ਕਿ ਅਮਰੀਕਾ ਵਰਗੇ ਵਿਕਸਤ ਦੇਸ਼ ਚ ਅੱਧੀ ਸਦੀ ਗੁਜ਼ਾਰਨ ਉਪਰੰਤ ਸ: ਸੁਰਿੰਦਰ ਸਿੰਘ ਸੁੱਨੜ ਦੇ ਮਨ ਵਿੱਚ ਇਸ ਮਿੱਟੀ ਲਈ ਸਨੇਹ ਅਤੇ ਦਰਦ ਹੈ। ਉਸ ਕਾਰਨ ਹੀ ਇਹ ਕਿਸਾਨ ਅੰਦੋਲਨ ਵਿਸ਼ੇਸ਼ ਅਕ ਸੰਪਾਦਿਤ ਹੋ ਸਕਿਆ ਹੈ। ਉਨ੍ਹਾਂ ਕਿਹਾ ਕਿ ਨੇੜ ਭਵਿੱਖ ਵਿੱਚ ਇਸ ਮੈਗਜ਼ੀਨ ਰਾਹੀਂ ਹੋਰ ਮਹੱਤਵਪੂਰਨ ਵਿਸ਼ਿਆਂ ਬਾਰੇ ਵੀ ਵਿਸ਼ੇਸ਼ ਅੰਕ ਪ੍ਰਕਾਸ਼ਿਤ ਕੀਤੇ ਜਾਣਗੇ। ਕਿਸਾਨ ਅੰਦੋਲਨ ਬਾਰੇ ਮਹੱਤਵਪੂਰਨ ਲੇਖਾਂ ਦਾ ਸੰਗ੍ਰਹਿ ਵੀ ਛਾਪਿਆ ਜਾ ਸਕਦਾ ਹੈ।
ਇਸ ਮੌਕੇ ਜੀ ਜੀ ਐੱਨ ਆਈ ਐੱਮ ਟੀ ਦੇ ਡਾਇਰੈਕਟਰ ਪ੍ਰੋ: ਮਨਜੀਤ ਸਿੰਘ ਛਾਬੜਾ, ਡਾ: ਤੇਜਿੰਦਰ ਕੌਰ ਕੋਆਰਡੀਨੇਟਰ ਪਰਵਾਸੀ ਸਾਹਿੱਤ ਅਧਿਐਨ ਕੇਂਦਰ,, ਪ੍ਰੋ: ਸ਼ਰਨਜੀਤ ਕੌਰ ਐਸੋਸੀਏਟ ਪ੍ਰੋਫੈਸਰ,ਪੰਜਾਬੀ ਵਿਭਾਗ ਤੇ ਸ: ਰਾਜਿੰਦਰ ਸਿੰਘ ਸੰਧੂ ਸਹਾਇਕ ਸੰਪਾਦਕ ਪਰਵਾਸ ਵੀ ਹਾਜ਼ਰ ਸਨ।