ਸੂਬੇ ਦੇ ਕਿਸਾਨਾਂ ਨੂੰ ਭਲਾਈ ਸਕੀਮਾਂ ਬਾਰੇ ਦਿੱਤੀ ਜਾ ਰਹੀ ਹੈ ਢੁੱਕਵੀਂ ਜਾਣਕਾਰੀ-ਡਾ ਸੁਖੇਦ ਸਿੰਘ ਸਿੱਧੂ।
ਸ੍ਰੀ ਅਨੰਦਪੁਰ ਸਾਹਿਬ 23 ਮਈ,2021
ਡਾ. ਸੁਖਦੇਵ ਸਿੰਘ ਸਿੱਧੂ ਡਾਇਰੈਕਟਰ ਖੇਤੀਬਾੜੀ ਅਤੇ ਕਿਸਾਨ ਭਲਾਈ ਪੰਜਾਬ ਨੇ ਸੂਬੇ ਦੇ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਖੇਤੀਬਾੜੀ ਵਿਭਾਗ ਦੁਆਰਾ ਕਿਸਾਨਾਂ ਦੀ ਬਿਹਤਰੀ ਲਈ ਰਾਜ ਵਿੱਚ ਚਲ ਰਹੀਆਂ ਵੱਖ ਵੱਖ ਸਕੀਮਾ ਦਾ ਲਾਭ ਪ੍ਰਾਪਤ ਕਰਨ।
ਡਾਇਰੈਕਟਰ ਖੇਤੀਬਾੜੀ ਅਤੇ ਕਿਸਾਨ ਭਲਾਈ ਪੰਜਾਬ ਨੇ ਰਾਜ ਦੇ ਕਿਸਾਨਾਂ ਲਈ ਪੰਜਾਬ ਸਰਕਾਰ ਵਲੋਂ ਚਲਾਈਆਂ ਜਾ ਰਹੀਆਂ ਭਲਾਈ ਸਕੀਮਾ ਬਾਰੇ ਵਿਸਥਾਪੂਰਵਕ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਵਿਭਾਗ ਵਲੋਂ ਚਲਾਈ ਜਾ ਰਹੀ ਸੁਆਇਲ ਹੈਲਥ ਸਕੀਮ ਕਿਸਾਨਾਂ ਲਈ ਲਾਹੇਵੰਦ ਹੈ। ਇਸ ਸਕੀਮ ਅਧੀਨ ਵੱਖ ਵੱਖ ਬਲਾਕਾਂ ਦੇ ਪਿੰਡਾਂ ਦੀ ਚੋਣ ਕਰਕੇ ਕਿਸਾਨਾਂ ਦੇ ਖੇਤਾਂ ਵਿਚੋਂ ਮਿੱਟੀ ਦੇ ਸੈਂਪਲ ਪ੍ਰਾਪਤ ਕੀਤੇ ਜਾ ਰਹੇ ਹਨ ਅਤੇ ਇਨ੍ਹਾਂ ਸੈਂਪਲਾਂ ਨੂੰ ਮੁਫਤ ਵਿੱਚ ਟੈਸਟ ਕਰਕੇ ਸੁਆਇਲ ਹੈਲਥ ਕਾਰਡ ਕਿਸਾਨਾਂ ਨੂੰ ਦਿੱਤੇ ਜਾਣਗੇ ਅਤੇ ਇਨ੍ਹਾਂ ਦੀ ਰਿਪੋਰਟ ਦੇ ਆਧਾਰ ਤੇ ਹੀ ਖਾਦਾਂ ਪਾਉਣ ਦੀ ਸਿਫਾਰਸ ਕੀਤੀ ਜਾ ਰਹੀ ਹੈ।
ਉਹਨਾਂ ਹੋਰ ਦੱਸਿਆ ਕਿ ਜੰਤਰ ਦਾ ਬੀਜ ਵਿਭਾਗ ਦੀ ਕਿਸਾਨਾਂ ਲਈ ਇਕ ਹੋਰ ਸਕੀਮ ਹੈ ਜਿਨ੍ਹਾਂ ਕਿਸਾਨਾਂ ਵੱਲੋਂ ਬਾਸਮਤੀ ਦੀ ਬਿਜਾਈ ਕੀਤੀ ਜਾਣੀ ਹੈ ਉਨ੍ਹਾਂ ਨੂੰ ਜੰਤਰ ਦਾ ਬੀਜ ਸਬਸਿਡੀ ਤੇ ਮੁਹੱਈਆ ਕਰਵਾਇਆ ਜਾ ਰਿਹਾ ਹੈ । ਇਸ ਨਾਲ ਜਮੀਨ ਦੀ ਸਿਹਤ ਵਿੱਚ ਸੁਧਾਰ ਹੁੰਦਾ ਹੈ ਅਤੇ ਖਾਦਾਂ ਦੀ ਲੋੜ ਵੀ ਘੱਟ ਪੈਂਦੀ ਹੈ।
ਡਾਇਰੈਕਟਰ ਖੇਤੀਬਾੜੀ ਅਤੇ ਕਿਸਾਨ ਭਲਾਈ ਨੇ ਹੋਰ ਦੱਸਿਆ ਕਿ ਝੋਨੇ ਦਾ ਬੀਜ ਕਿਸਾਨਾ ਲਈ ਉਪਲਬਧ ਹੈ। ਖੇਤੀਬਾੜੀ ਵਿਭਾਗ ਦੇ ਸਾਰੇ ਬਲਾਕ ਦੇ ਦਫ਼ਤਰਾਂ ਵਿੱਚ ਝੋਨੇ ਦੀ ਕਿਸਮ ਪੀ.ਆਰ 126 ਅਤੇ 121 ਦਾ ਬੀਜ ਉਪਲਬਧ ਹੈ । ਇਸ ਤੋਂ ਇਲਾਵਾ ਬਾਸਮਤੀ ਦਾ ਬੀਜ ਕਿਸਮ 1509 ਅਤੇ 1121 ਵੀ ਵਿਭਾਗ ਦੇ ਦਫ਼ਤਰਾਂ ਵਿੱਚ ਪਿਆ ਹੈ।
ਉਹਨਾਂ ਜਿਪਸਮ ਬਾਰੇ ਦੱਸਿਆ ਕਿ ਕਿਸਾਨਾਂ ਨੂੰ ਜਮੀਨ ਦੀ ਸਿਹਤ ਦੇ ਸੁਧਾਰ,ਕਲਰਾਠੀਆਂ ਜਮੀਨਾਂ ਅਤੇ ਤੇਲ ਬੀਜ ਵਾਲੀਆਂ ਫਸਲਾਂ ਲਈ ਜਿਪਸਮ 50% ਸਬਸਿਡੀ ਤੇ ਉਪਲਬਧ ਕਰਵਾਇਆ ਜਾ ਰਿਹਾ ਹੈ। ਮਾਹਿਰਾਂ ਵਲੋਂ ਕਿਸਾਨਾਂ ਨੂੰ ਜਿਪਸਮ ਘੱਟੋ ਘੱਟ 5 ਬੋਰੀਆਂ ਪ੍ਰਤੀ ੲੈਕੜ ਪਾਉਣ ਦੀ ਸਲਾਹ ਦਿੱਤੀ ਜਾਂਦੀ ਹੈ।
ਸ੍ਰੀ ਸੁਖਦੇ ਸਿੰਘ ਸਿੱਧੂ ਨੇ ਮਸੀਨਰੀ ਬਾਰੇ ਦੱਸਿਆ ਕਿ ਖੇਤੀਬਾੜੀ ਵਿਭਾਗ ਵੱਲੋਂ ਕਿਸਾਨਾਂ ਅਤੇ ਕਿਸਾਨ ਗਰੁੱਪਾਂ ਨੂੰ ਇਨਸੀਟੂ ਅਤੇ ਸਮੈਮ ਸਕੀਮ ਅਧੀਨ ਵੱਖ ਵੱਖ ਮਸੀਨਾਂ ਉਪਲਬਧ ਕਰਵਾਈਆਂ ਜਾ ਰਹੀਆਂ ਹਨ। ਇਨ੍ਹਾਂ ਸਕੀਮਾਂ ਦਾ ਲੈਣ ਲਈ 26 ਮਈ ਤੱਕ ਆਨ ਲਾਇਨ ਐਪਲੀਕੇਸ਼ਨ ਪੋਰਟਲ ਤੇ ਭਰੀ ਜਾ ਸਕਦੀ ਹੈ।
ਉਹਨਾਂ ਝੋਨੇ ਦੀ ਸਿੱਧੀ ਬਿਜਾਈ ਬਾਰੇ ਕਿਸਾਨਾਂ ਨੂੰ ਜਾਗਰੂਕ ਕਰਦੇ ਹੋਏ ਕਿਹਾ ਕਿ ਖੇਤੀਬਾੜੀ ਵਿਭਾਗ ਵੱਲੋਂ ਪਾਣੀ ਦੀ ਬਚਤ ਅਤੇ ਖਰਚੇ ਘਟਾਉਣ ਲਈ ਕਿਸਾਨਾਂ ਨੂੰ ਝੋਨੇ ਦੀ ਸਿੱਧੀ ਬਿਜਾਈ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ। ਸਿੱਧੀ ਬਿਜਾਈ ਲਈ ਹਰੇਕ ਬਲਾਕ ਦੇ ਦਫਤਰ ਵਿੱਚ ਮਸੀਨ ਉਪਲਬਧ ਕਰਵਾਈ ਜਾ ਰਹੀ ਹੈ। ਕਿਸਾਨਾਂ ਨੂੰ ਸਿੱਧੀ ਬਿਜਾਈ ਕਰਨ ਲਈ ਆਨਲਾਇਨ ਸੈਮੀਨਾਰ ਲਗਵਾਏ ਜਾ ਰਹੇ ਹਨ ਤਾਂ ਜੋ ਸਿੱਧੀ ਬਿਜਾਈ ਲਈ ਆਉਣ ਵਾਲੀਆਂ ਮੁਸਕਿਲਾਂ ਦਾ ਹੱਲ ਮੌਕੇ ਤੇ ਹੀ ਦੱਸਿਆ ਜਾ ਸਕੇ।
ਉਨ੍ਹਾਂ ਨੇ ਜਿਲ੍ਹਾ ਰੂਪਨਗਰ ਦੇ ਵੱਖ ਵੱਖ ਬਲਾਕਾਂ ਦੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਝੋਨੇ ਦੀ ਲਵਾਈ 10 ਜੂਨ ਤੋ ਪਹਿਲਾਂ ਨਾ ਕਰਨ ਅਤੇ ਵਿਭਾਗ ਵੱਲੋਂ ਚਲਾਈਆਂ ਜਾ ਰਹੀਆਂ ਸਕੀਮਾਂ ਤੋਂ ਲਾਭ ਪ੍ਰਾਪਤ ਕਰਨ । ਕਿਸੇ ਵੀ ਸਮੇਂ ਲੋੜ ਪੈਣ ਤੇ ਜਿਲ੍ਹੇ ਦੇ ਮੁੱਖ ਖੇਤੀਬਾੜੀ ਅਫਸਰ ਡਾ.ਅਵਤਾਰ ਸਿੰਘ ਅਤੇ ਆਪਣੇ ਬਲਾਕਾਂ ਵਿੱਚ ਖੇਤੀਬਾੜੀ ਅਫਸਰਾਂ ਜਾਂ ਖੇਤੀਬਾੜੀ ਵਿਕਾਸ ਅਫਸਰਾ ਨਾਲ ਸੰਪਰਕ ਕਰਨ ਕੀਤਾ ਜਾ ਸਕਦਾ ਹੈ। ਹੋਰ ਵਧੇਰੇ ਜਾਣਕਾਰੀ ਦਿੰਦੇ ਹੋਏ ਡਾਕਟਰ ਅਵਤਾਰ ਸਿੰਘ ਮੁੱਖ ਖੇਤੀਬਾੜੀ ਅਫਸਰ ਨੇ ਦੱਸਿਆ ਕਿ ਉਹਨਾਂ ਦੇ ਵਿਭਾਗ ਦੇ ਅਧਿਕਾਰੀ ਤੇ ਕਰਮਚਾਰੀ ਲਗਾਤਾਰ ਮਾਹਰਾਂ ਵਲੋਂ ਕੀਤੀਆਂ ਸਿਫਾਰਸ਼ਾ ਅਤੇ ਵਿਭਾਗ ਦੀਆਂ ਸਕੀਮਾ ਬਾਰੇ ਕਿਸਾਨਾ ਨੂੰ ਜਾਣਕਾਰੀ ਉਪਲੱਬਧ ਕਰਵਾ ਰਹੇ ਹਨ।
ਤਸਵੀਰ ਡਾ ਸੁਖਦੇਵ ਸਿੰਘ ਡਾਇਰੈਕਟਰ ਖੇਤੀਬਾੜੀ ਤੇ ਕਿਸਾਨ ਭਲਾਈ ਪੰਜਾਬ ਅਤੇ ਡਾ ਅਵਤਾਰ ਸਿੰਘ ਮੁੱਖ ਖੇਤੀਬਾੜੀ ਅਫਸਰ ਰੂਪਨਗਰ।