ਕੇਂਦਰੀ ਜੇਲ ਪਟਿਆਲਾ ਦੇ ਬੰਦੀਆਂ ਦੀ ‘ਪੰਜਾਬ ਉਜਾਲਾ’ ਤਹਿਤ ਨਿਵੇਕਲੀ ਪਹਿਲਕਦਮੀ

ਜੇਲ ਮੰਤਰੀ ਰੰਧਾਵਾ ਵੱਲੋਂ ਬੰਦੀਆਂ ਦੇ ਰਸਾਲੇ ਦਾ ਪਲੇਠਾ ਅੰਕ ‘ਸੋਚਾਂ ਦੀ ਉਡਾਣ’ ਜਾਰੀ
ਜੇਲ ਵਿਭਾਗ ਦਾ ਉਦਮ ਰੰਗ ਲਿਆਇਆ, ਬੰਦੀਆਂ ਨੇ ਆਪਣੇ ਵਿਚਾਰ ਕਲਮ ਦੀ ਛੂਹ ਨਾਲ ਪਲੇਠੇ ਜੇਲ ਰਸਾਲੇ ‘ਤੇ ਉਕਰੇ
ਬੰਦੀਆਂ ਦੇ ਵਿਚਾਰਾਂ ‘ਚ ਤਬਦੀਲੀ ਲਈ ਜੇਲ ਮੰਤਰੀ ਵੱਲੋਂ ਚੰਗਾ ਸਾਹਿਤ ਮੁਹੱਈਆ ਕਰਵਾਏ ਜਾਣ ‘ਤੇ ਜ਼ੋਰ
ਪਟਿਆਲਾ, 9 ਜੁਲਾਈ 2021
ਪੰਜਾਬ ਦੇ ਜੇਲ ਵਿਭਾਗ ਵੱਲੋਂ ਕੀਤੇ ਗਏ ਆਪਣੀ ਕਿਸਮ ਦੇ ਪਹਿਲ-ਪਲੇਠੇ ਤੇ ਨਿਵੇਕਲੇ ਉਦਮ ਨੇ ਬੰਦੀਆਂ ਦੇ ਵਿਚਾਰਾਂ ਨੂੰ ਖੰਭ ਲਗਾ ਦਿੱਤੇ ਹਨ, ਸਿੱਟੇ ਵਜੋਂ ਬੰਦੀਆਂ ਨੇ ਆਪਣੇ ਵਿਚਾਰਾਂ ਨੂੰ ਕਲਮ ਦੀ ਛੂਹ ਨਾਲ ਕੇਂਦਰੀ ਜੇਲ ਪਟਿਆਲਾ ਵੱਲੋਂ ਸ਼ੁਰੂ ਕੀਤੇ ਗਏ ਤਿਮਾਹੀ ਰਸਾਲੇ ਦੀ ਕੈਨਵਸ ‘ਤੇ ਉਕਰਿਆ ਹੈ।
ਰਾਜ ਦੇ ਜੇਲ ਮੰਤਰੀ ਸ. ਸੁਖਜਿੰਦਰ ਸਿੰਘ ਰੰਧਾਵਾ ਨੇ ਕਲ੍ਹ ਸ਼ਾਮ ਆਪਣੇ ਪਟਿਆਲਾ ਜੇਲ ਦੇ ਦੌਰੇ ਦੌਰਾਨ ‘ਸੋਚਾਂ ਦੀ ਉਡਾਣ’ ਰਸਾਲੇ ਦੇ ਪਲੇਠੇ ਅੰਕ ਨੂੰ ਜਾਰੀ ਕਰਦਿਆਂ ਕਿਹਾ ਕਿ ਬੰਦੀਆਂ ਵੱਲੋਂ ਇਸ ਰਸਾਲੇ ‘ਚ ਪ੍ਰਗਟਾਏ ਵਿਚਾਰ ਉਨ੍ਹਾਂ ਦੇ ਅੰਦਰੂਨੀ ਪ੍ਰਤਿਭਾ ਦਾ ਪ੍ਰਗਟਾਵਾ ਹੈ। ਬੰਦੀਆਂ ਦੀ ਰਚਨਾਵਾਂ ਅਧਾਰਤ ਸੋਚ ਉਤੇਜਨਾ ਪ੍ਰਕ੍ਰਿਆ, ਇਨ੍ਹਾਂ ਦੇ ਵਿਚਾਰਾਂ ‘ਚ ਤਬਦੀਲੀ ਜਰੂਰ ਲਿਆਵੇਗੀ ਅਤੇ ਅਸੀਂ ਉਮੀਦ ਕਰਦੇ ਹਾਂ ਕਿ ਬੰਦੀ ਅਜਿਹੇ ਸਮਾਜ ਵੱਲ ਕਦਮ ਵਧਾਉਣਗੇ, ਜਿੱਥੇ ਅਪਰਾਧਕ ਬਿਰਤੀ ਦੀ ਕੋਈ ਥਾਂ ਨਹੀਂ ਹੈ।
ਉਨ੍ਹਾਂ ਕਿਹਾ ਕਿ, ‘ਅਸੀਂ ਅਜਿਹੇ ਵਿਚਾਰ ‘ਤੇ ਕੰਮ ਕਰ ਰਹੇ ਹਾਂ, ਜਿਸ ਰਾਹੀਂ ਜੇਲ ਦੇ ਬੰਦੀਆਂ ਨੂੰ ਚੰਗਾ ਸਾਹਿਤ ਉਪਲਬੱਧ ਕਰਵਾਇਆ ਜਾ ਸਕੇ ਤਾਂ ਕਿ ਉਨ੍ਹਾਂ ਦੇ ਵਿਚਾਰਾਂ ‘ਚ ਕਾਨੂੰਨ ਪੱਖੀ ਸਕਰਾਤਮਕ ਤਬਦੀਲੀ ਲਿਆਂਦੀ ਜਾ ਸਕੇ। ਇਸ ਲਈ ਅਸੀਂ ਪਹਿਲੇ ਪੜਾਅ ਤਹਿਤ ਬੰਦੀਆਂ ਨੂੰ ਜਲਦੀ ਹੀ ਧਾਰਮਿਕ ਸਾਹਿਤ ਮੁਹੱਈਆ ਕਰਵਾਉਣ ਜਾ ਰਹੇ ਹਾਂ।’
ਉਨ੍ਹਾਂ ਕਿਹਾ ਕਿ, ‘ਕੇਵਲ ਐਨਾ ਹੀ ਨਹੀਂ, ਬਲਕਿ ਅਸੀਂ ਇਸ ਤੋਂ ਵੀ ਅੱਗੇ ਵੱਧਦੇ ਹੋਏ ਬੰਦੀਆਂ ਦੀ ਰਿਹਾਈ ਮਗਰੋਂ ਉਨ੍ਹਾਂ ਦੇ ਮੁੜ ਵਸੇਬੇ ਲਈ ਕਿੱਤਾ ਮੁਖੀ ਸਿੱਖਿਆ ਪ੍ਰਦਾਨ ਕਰਨ ਦਾ ਯਤਨ ਕਰ ਰਹੇ ਹਾਂ।’ ਸ. ਸੁਖਜਿੰਦਰ ਸਿੰਘ ਰੰਧਾਵਾ ਨੇ ਪਟਿਆਲਾ ਕੇਂਦਰੀ ਜੇਲ ਦੀ ਉਦਾਹਰਣ ਦਿੰਦਿਆਂ ਕਿਹਾ ਕਿ ਇੱਥੇ ਦੇ ਬੰਦੀਆਂ ਨੇ ਬਹੁਤ ਹੀ ਦਿਲਕਸ਼ ਤੇ ਵਾਤਾਵਰਣ ਪੱਖੀ ਸਜਾਵਟੀ ਦਸਤਕਾਰੀ ਵਸਤਾਂ ਸਮੇਤ ਕਵਰ, ਬੈਗ, ਹਥ ਬੈਗ, ਜੂਟ ਬੈਗ ਆਦਿ ਬਣਾਏ ਹਨ। ਇਸ ਤੋਂ ਬਿਨ੍ਹਾਂ ਤਰਖਾਣਾ ਤੇ ਹੋਰ ਹੱਥੀਂ ਕੰਮ ਕਰਨ ਦਾ ਹੁਨਰ ਲਿਆ ਜਾ ਰਿਹਾ ਹੈ। ਮਹਿਲਾ ਬੰਦੀਆਂ ਲਈ ਜੂਟ ਤੋਂ ਬਣਿਆ ਸਮਾਨ ਤਿਆਰ ਕਰਨਾ ਸਿਖਾਇਆ ਜਾ ਰਿਹਾ ਹੈ ਤਾਂ ਕਿ ਉਹ ਰਿਹਾਈ ਤੋਂ ਬਾਅਦ ਆਪਣਾ ਕੰਮ-ਧੰਦਾ ਸ਼ੁਰੂ ਕਰ ਸਕਣ।
ਦਿਹਾਤੀ ਸਵੈ ਰੋਜ਼ਗਾਰ ਸਿਖਲਾਈ ਸੰਸਥਾ (ਆਰਸੇਟੀ) ਵੱਲੋਂ ਜੇਲ ਅੰਦਰ ਬੰਦੀਆਂ ਦੀ ਸਿਖਲਾਈ ਲਈ ਕੀਤੇ ਜਾ ਰਹੇ ਯਤਨਾਂ ਦੀ ਸ਼ਲਾਘਾ ਕਰਦਿਆਂ ਜੇਲ ਮੰਤਰੀ ਨੇ ਕਿਹਾ ਕਿ ਬੰਦੀਆਂ ਨੂੰ ਅਜਿਹੀ ਸਿਖਲਾਈ ਮੁਕੰਮਲ ਕਰਨ ਤੋਂ ਬਾਅਦ ਸਿਖਲਾਈ ਸਰਟੀਫਿਕੇਟ ਵੀ ਜਾਰੀ ਕੀਤੇ ਜਾਂਦੇ ਹਨ, ਜੋ ਕਿ ਬੰਦੀਆਂ ਲਈ ਜੇਲ ਤੋਂ ਬਾਹਰ ਜਾ ਕੇ ਭਵਿੱਖ ‘ਚ ਸਹਾਈ ਹੋਣਗੇ। ਸ. ਰੰਧਾਵਾ ਨੇ ਕਿਹਾ ਕਿ ਜੇਲ ਵਿਭਾਗ ਨੇ ਜੇਲ ਸੁਧਾਰਾਂ ਲਈ ‘ਪੰਜਾਬ ਉਜਾਲਾ’ ਦੇ ਨਾਮ ਹੇਠ ਵਿਸ਼ੇਸ਼ ਤੇ ਨਿਵੇਕਲਾ ਉਪਰਾਲਾ ਕੀਤਾ ਹੈ, ਜੋ ਕਿ ਬੰਦੀਆਂ ਦੇ ਜੀਵਨ ‘ਚ ਜਰੂਰ ਸਕਾਰਤਮਕ ਸੁਧਾਰ ਤੇ ਤਬਦੀਲੀਆਂ ਲਿਆਏਗਾ। ਉਨ੍ਹਾਂ ਕਿਹਾ ਅੱਜ ਜਾਰੀ ਕੀਤਾ ਗਿਆ ਰਸਾਲਾ ਵੀ ਇਸੇ ਪ੍ਰਕ੍ਰਿਆ ਦਾ ਹਿੱਸਾ ਹੈ ਅਤੇ ਇਸ ਨੂੰ ਸੂਬੇ ਦੀਆਂ ਬਾਕੀ ਜੇਲਾਂ ‘ਚ ਵੀ ਲਾਗੂ ਕੀਤਾ ਜਾਵੇਗਾ।
ਜੇਲ ਵਿਭਾਗ ਦੇ ਪ੍ਰਮੁੱਖ ਸਕੱਤਰ ਡੀ.ਕੇ. ਤਿਵਾੜੀ ਅਤੇ ਏ.ਡੀ.ਜੀ.ਪੀ. ਜੇਲਾਂ ਪ੍ਰਵੀਨ ਕੁਮਾਰ ਸਿਨਹਾ ਨੇ ਕਿਹਾ ਬੰਦੀਆਂ ਦੇ ਵਿਚਾਰਾਂ ਨੂੰ ਰਸਾਲੇ ਦੇ ਰੂਪ ‘ਚ ਕਲਮ ਦੀ ਛੂਹ ਮਿਲਣਾ ਸਾਡੇ ਸਭ ਦੇ ਲਗਾਤਾਰ ਸਾਂਝੇ ਯਤਨਾਂ ਨੂੰ ਫ਼ਲ ਲੱਗਿਆ ਹੈ। ਉਨ੍ਹਾਂ ਉਮੀਦ ਜਤਾਈ ਕਿ ਇਸ ਰਸਾਲੇ ਦੇ ਹੋਰ ਅੰਕ ਵੀ ਇਸੇ ਜੋਸ਼ ਨਾਲ ਕੱਢੇ ਜਾਣਗੇ। ਉਨ੍ਹਾਂ ਕਿਹਾ ਕਿ ਅਜਿਹੀਆਂ ਗਤੀਵਿਧੀਆਂ ਅਪਰਾਧਕ ਵਿਚਾਰਾਂ ਨੂੰ ਅਲਵਿਦਾ ਆਖਕੇ ਚੰਗੇ ਵਿਚਾਰਾਂ ਨੂੰ ਜਨਮ ਦਿੰਦੀਆਂ ਹਨ।
ਜੇਲ ਸੁਪਰਡੈਂਟ, ਸ਼ਿਵਰਾਜ ਸਿੰਘ ਨੰਦਗੜ੍ਹ ਨੇ ਪੰਜਾਬ ਉਜਾਲਾ ਰਸਾਲੇ ਵਿਚਲੀ ਪ੍ਰਕਾਸ਼ਤ ‘ਸੋਚਾਂ ਦੀ ਉਡਾਣ’ ਸਮੱਗਰੀ ਬਾਰੇ ਹੋਰ ਜਾਣਕਾਰੀ ਦਿੰਦਿਆਂ ਕਿਹਾ ਕਿ ਬੰਦੀਆਂ ਵੱਲੋਂ ਬਣਾਏ 11 ਸਕੈਚਾਂ, 8 ਕਵਿਤਾਵਾਂ ਅਤੇ 3 ਲੇਖਾਂ ‘ਤੇ ਅਧਾਰਤ ਇਹ ਰਸਾਲਾ ਬੰਦੀਆਂ ਦੀ ਸਕਾਰਤਮਕ ਮਿਹਨਤ ਦਾ ਨਤੀਜਾ ਹੈ। ਸ. ਨੰਦਗੜ੍ਹ ਨੇ ਕਿਹਾ ਕਿ ਰਸਾਲੇ ਦੀਆਂ ਲਿਖ਼ਤਾਂ ਉਚ ਦਰਜੇ ਦੀਆਂ ਹਨ, ਹੋਣ ਕਰਕੇ ਅਸੀਂ ਇਸ ਦਾ ਅੰਦਾਜਾ ਵੀ ਨਹੀਂ ਲਗਾ ਸਕਦੇ ਕਿ ਇਹ ਸਿਰਜਕ ਮਨ ਕਦੇ ਕਿਸੇ ਅਪਰਾਧਕ ਬਿਰਤੀ ਦਾ ਸ਼ਿਕਾਰ ਰਹੇ ਹੋ ਸਕਦੇ ਹਨ।
ਜੇਲ ਡਿਪਟੀ ਸੁਪਰਡੈਂਟ ਇੰਦਰਜੀਤ ਸਿੰਘ ਕਾਹਲੋ ਅਤੇ ਭਲਾਈ ਅਫ਼ਸਰ ਜਗਜੀਤ ਸਿੰਘ, ਜਿਨ੍ਹ ਨੇ ਜੇਲ ਵਿਭਾਗ ਵੱਲੋਂ ਰਸਾਲਾ ਜਾਰੀ ਕਰਨ ਦੇ ਲਏ ਗਏ ਸੁਪਨੇ ਨੂੰ ਬੰਦੀਆਂ ਦੇ ਸੁਝਾਓ ਲੈਕੇ ਸਾਕਾਰ ਕਰਨ ‘ਚ ਅਹਿਮ ਭੂਮਿਕਾ ਨਿਭਾਈ ਹੈ, ਨੇ ਦੱਸਿਆ ਕਿ ਰਸਾਲੇ ਦੇ ਕਵਰ ਪੇਜ ‘ਤੇ ਤਸਵੀਰ ਵੀ ਜੇਲ ਅੰਦਰਲੇ ਬੰਦੀਆਂ ਦੀ ਹੀ ਹੈ। ਉਨ੍ਹਾਂ ਕਿਹਾ ਕਿ ਬੰਦੀਆਂ ਨੇ ਇਸ ਰਸਾਲੇ ਬਾਰੇ ਪਤਾ ਲੱਗਣ ‘ਤੇ ਆਪਣੀਆਂ ਰਚਨਾਵਾਂ ਉਨ੍ਹਾਂ ਨੂੰ ਸਮਾਂ ਰਹਿੰਦੇ ਦੇ ਦਿੱਤੀਆਂ ਸਨ। ਇਹ ਵੀ ਜਿਕਰਯੋਗ ਹੈ ਕਿ ਬੰਦੀਆਂ ਨੂੰ ਸਾਹਿਤ ਪੜ੍ਹਨ ਦੀ ਚੇਟਕ ਲਗਾਉਣ ਲਈ ਜੇਲ ਅੰਦਰ ਇੱਕ ਛੋਟੀ ਲਾਇਬਰੇਰੀ ਵੀ ਸਥਾਪਤ ਕੀਤੀ ਗਈ ਹੈ, ਜਿੱਥੇ ਧਾਰਮਿਕ ਪੁਸਤਕਾਂ ਤੋਂ ਇਲਾਵਾ ਹੋਰ ਵਿਸ਼ਿਆਂ ਨਾਲ ਸਬੰਧਤ ਸਾਹਿਤ ਵੀ ਜੇਲ ਪ੍ਰਬੰਧਕਾਂ ਵਲੋਂ ਮੁਹੱਈਆ ਕਰਵਾਇਆ ਗਿਆ ਹੈ।
ਫੋਟੋ ਕੈਪਸ਼ਨ-ਪੰਜਾਬ ਦੇ ਜੇਲ ਮੰਤਰੀ ਸ. ਸੁਖਜਿੰਦਰ ਸਿੰਘ ਰੰਧਾਵਾ ਪਟਿਆਲਾ ਜੇਲ ਵਿਖੇ ਬੰਦੀਆਂ ਦੇ ਰਸਾਲੇ ‘ਸੋਚਾਂ ਦੀ ਉਡਾਣ’ ਦੇ ਪਲੇਠੇ ਅੰਕ ਨੂੰ ਜਾਰੀ ਕਰਦੇ ਹੋਏ। ਉਨ੍ਹਾਂ ਦੇ ਨਾਲ ਪ੍ਰਮੁੱਖ ਸਕੱਤਰ ਜੇਲਾਂ ਡੀ.ਕੇ. ਤਿਵਾੜੀ, ਏ.ਡੀ.ਜੀ.ਪੀ. ਜੇਲਾਂ ਪ੍ਰਵੀਨ ਕੁਮਾਰ ਸਿਨਹਾ, ਸੁਪਰਡੈਂਟ ਸ਼ਿਵਰਾਜ ਸਿੰਘ ਨੰਦਗੜ੍ਹ, ਡਿਪਟੀ ਸੁਪਰਡੈਂਟ ਇੰਦਰਜੀਤ ਸਿੰਘ ਕਾਹਲੋਂ ਵੀ ਨਜ਼ਰ ਆ ਰਹੇ ਹਨ।

Spread the love