ਮਿਸ਼ਨ ਫ਼ਤਿਹ ’ 2.0
ਸਮੂਹਿਕ ਸਹਿਯੋਗ ਅਤੇ ਸਿਹਤ ਵਿਭਾਗ ਵਲੋਂ ਜਾਰੀ ਸਾਵਾਧਾਨੀਆਂ ਦੀ ਪਾਲਣਾ ਕਰਨਕੇ ਕੋਵਿਡ ਵਿਰੁੱਧ ਫਤਿਹ ਹਾਸਲ ਕੀਤੀ ਜਾਵੇਗੀ
ਕੋਰੋਨਾ ਟੈਸਟਿੰਗ, ਟਰੇਸਿੰਗ ਅਤੇ ਟਰੀਟਮੈਂਟ ਕੋਵਿਡ ਬਿਮਾਰੀ ਨੂੰ ਖਤਮ ਕਰਨ ਲਈ ਕਾਰਗਰ ਹਥਿਆਰ
ਟੀਕਾਕਰਨ ਨੂੰ ਉਤਸ਼ਾਹਿਤ ਕਰਨ ਲਈ ‘ਮੈਂ ਟੀਕਾ ਲਗਵਾ ਚੁੱਕਿਆ ਹਾਂ’ ਸਟਿਕਰਾਂ ਤੇ ਬੈਜ਼ਿਜ ਲਗਾਉਣ ਦੀ ਸ਼ੁਰੂਆਤ
ਗੁਰਦਾਸਪੁਰ, 27 ਮਈ 2021 ਕੋਵਿਡ-29 ਮਹਾਂਮਾਰੀ ਤੇ ਫ਼ਤਿਹ ਹਾਸਲ ਕਰਨ ਦੇ ਮੰਤਵ ਨਾਲ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਵਲੋਂ ਨੋਜਵਾਨਾਂ, ਯੂਥ ਕਲੱਬਾਂ ਆਦਿ ਨਾਲ ਵੀਡੀਓ ਕਾਨਫਰੰਸ ਕਰਕੇ ਕੋਵਿਡ-19 ਬਿਮਾਰੀ ਵਿਰੁੱਧ ਲੋਕਾਂ ਨੂੰ ਜਾਗਰੂਕ ਕਰਨ ਦਾ ਸੱਦਾ ਦਿੱਤਾ ਹੈ। ਇਸ ਸਬੰਧੀ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਗੁਰਦਾਸਪੁਰ ਵਿਖੇ ਜ਼ਿਲ੍ਹਾ ਪੱਧਰੀ ਸਮਾਗਮ ਕਰਵਾਇਆ ਗਿਆ, ਜਿਸ ਵਿਚ ਜਨਾਬ ਮੁਹੰਮਦ ਇਸ਼ਫਾਕ ਡਿਪਟੀ ਕਮਿਸ਼ਨਰ ਨੇ ਵਿਸ਼ੇਸ ਤੋਰ ਤੇ ਸ਼ਿਰਕਤ ਕੀਤੀ। ਇਸ ਮੌਕੇ ਰਵੀ ਦਾਰਾ ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਵੀ ਮੋਜੂਦ ਸਨ। ਇਸ ਤੋਂ ਇਲਾਵਾ ਜਿਲੇ ਦੀਆਂ ਨਗਰ ਕੋਂਸਲਾਂ ਅਤੇ ਬੀਡੀਪੀਓ ਦਫਤਰਾਂ ਵਿਖੇ ਵੀ ਆਨਲਾਈਨ ਸਮਾਗਮ ਵਿਚ ਹਿੱਸਾ ਲਿਆ ਗਿਆ। ਇਸ ਮੋਕੇ ਮੁੱਖ ਮੰਤਰੀ ਪੰਜਾਬ ਵਲੋਂ ‘ਰੂਰਲ ਕੋਰੋਨਾ ਵਾਰੀਅਰਜ਼’ ਸਮੂਹ ਕਾਇਮ ਕਰਕੇ ਲੋਕਾਂ ਨੂੰ ਬਿਮਾਰੀ ਵਿਰੁੱਧ ਜਾਗਰੂਕਰ ਕਰਨ ਦੇ ਆਦੇਸ਼ ਦਿੱਤੇ ਅਤੇ ਟੀਕਾਕਰਨ ਨੂੰ ਉਤਸ਼ਾਹਿਤ ਕਰਨ ਲਈ ‘ਮੈਂ ਟੀਕਾ ਲਗਵਾ ਚੁੱਕਿਆ ਹਾਂ’, ਸਟਿਕਰਾਂ ਤੇ ਬੈਜ਼ਜ ਲਗਾਉਣ ਦੀ ਸ਼ੁਰੂਆਤ ਕੀਤੀ।
ਇਸ ਮੌੇਕੇ ਗੱਲਬਾਤ ਦੌਰਾਨ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਵਲੋਂ ਅੱਜ ਨੋਜਵਾਨਾਂ, ਯੂਥ ਕਲੱਬਾਂ, ਨਹਿਰੂ ਯੁਵਾ ਕੇਂਦਰ ਅਤੇ ਐਨ.ਸੀ.ਸੀ ਆਦਿ ਨੌਜਵਾਨਾਂ ਨਾਲ ਮੀਟਿੰਗ ਕਰਕੇ ਉਨਾਂ ਨੂੰ ਪ੍ਰੇਰਿਤ ਕੀਤਾ ਗਿਆ ਹੈ ਕਿ ਪੇਂਡੂ ਤੇ ਸ਼ਹਿਰੀ ਖੇਤਰ ਵਿਚ ਲੋਕਾਂ ਨੂੰ ਕੋਵਿਡ ਬਿਮਾਰੀ ਵਿਰੁੱਧ ਜਾਗਰੂਕ ਕਰਨ ਅਤੇ ਲੋਕਾਂ ਨੂੰ ਕੋਰੋਨਾ ਟੈਸਟਿੰਗ ਕਰਵਾਉਣ, ਪੀੜਤ ਆਏ ਵਿਅਕਤੀਆਂ ਦੇ ਸੰਪਰਕ ਵਿਚ ਆਏ ਵਿਅਕਤੀਆਂ ਦੀ ਟਰੇਸਿੰਗ ਕਰਨ ਅਤੇ ਉਨਾਂ ਨੂੰ ਸਹੀ ਇਲਾਜ ਕਰਵਾਉਣ ਲਈ ਪ੍ਰੇਰਿਤ ਕਰਨ ਅਤੇ ਨਾਲ ਹੀ ਯੋਗ ਵਿਅਕਤੀਆਂ ਨੂੰ ਵੈਕਸੀਨ ਲਗਾਉਣ ਲਈ ਉਤਸ਼ਾਹਤ ਕੀਤਾ ਜਾਵੇਗਾ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪਿੰਡਾਂ ਵਿਚ ਜ਼ਿਆਦਤਰ ਲੋਕ ਬਿਮਾਰ ਜਾਂ ਕੋਈ ਹੋਰ ਤਕਲੀਫ ਹੋਣ ਤੇ ਝੋਲਾਛਾਪ ਡਾਕਟਰਾਂ ਕੋਲ ਦਵਾਈ ਲੈਂਦੇ ਰਹਿੰਦੇ ਹਨ ਅਤੇ ਜਦ ਹਾਲਤ ਜਿਆਦਾ ਵਿਗੜ ਜਾਂਦੀ ਹੈ ਤਦ ਹਸਪਤਾਲ ਆਦਿ ਆਉਂਦੇ ਹਨ, ਤਦ ਤਕ ਦੇਰ ਹੋ ਜਾਣ ਕਾਰਨ ਪੀੜਤ ਮੌਤ ਦੇ ਮੂੰਹ ਵਿਚ ਚਲਾ ਜਾਂਦਾ ਹੈ। ਜੇਕਰ ਕੋਰੋਨਾ ਬਿਮਾਰੀ ਦਾ ਜਦ ਜਲਦ ਪਤਾ ਲਗਾ ਲਿਆ ਜਾਵੇ, ਜੋ ਕੋਰੋਨਾ ਟੈਸਟ ਕਰਵਾਉਣ ਨਾਲ ਹੋ ਸਕਦਾ ਹੈ, ਤਾਂ ਇਸ ਨਾਲ ਨਾ ਕੇਵਲ ਜ਼ਿੰਦਗੀ ਬਚਾਈ ਜਾ ਸਕਦੀ ਹੈ ਬਲਕਿ ਬਿਮਾਰੀ ਦਾ ਫੈਲਾਅ ਵੀ ਰੁਕਦਾ ਹੈ। ਉਨਾਂ ਦੱਸਿਆ ਕਿ ਕੋਰੋਨਾ ਟੈਸਟ ਬਿਲਕੁਲ ਮੁਫਤ ਕੀਤਾ ਜਾਂਦਾ ਹੈ ਤੇ ਸਿਹਤ ਵਿਭਾਗ ਦੀਆਂ ਟੀਮਾਂ ਵਲੋਂ ਘਰ-ਘਰ ਜਾ ਕੇ ਟੈਸਟ ਕੀਤਾ ਜਾ ਰਿਹਾ ਹੈ।
ਕੋਵਿਡ ਵਿਰੋਧੀ ਵੈਕਸੀਨ ਦੀ ਗੱਲ ਕਰਦਿਆਂ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਕੁਝ ਲੋਕਾਂ ਵਿਚ ਕੋਵਿਡ ਵਿਰੋਧੀ ਵੈਕਸੀਨ ਲਗਾਉਣ ਸਬੰਧੀ ਗਲਤ ਭੁਲੇਖੇ ਹਨ ਪਰ ਉਨਾਂ ਨੂੰ ਇਹ ਸਮਝ ਲੈਣਾ ਚਾਹੀਦਾ ਹੈ ਕਿ ਪੂਰੀ ਦੁਨੀਆਂ ਵਿਚ ਲੋਕਾਂ ਨੂੰ ਵੈਕਸੀਨ ਲਗਾਉਣ ਦੀ ਤੇਜ਼ੀ ਨਾਲ ਮੁਹਿੰਮ ਵਿੱਢੀ ਗਈ ਹੈ, ਵੈਕਸੀਨ ਜੋ ਸਰੀਰ ਵਿਚ ਇਮਊਨਿਟੀ ਵਧਾਉਂਦੀ ਹੈ ਅਤੇ ਕੋਰੋਨਾ ਵਾਇਰਸ ਵਿਰੁੱਧ ਲੜਨ ਵਿਚ ਸ਼ਕਤੀ ਪੈਦਾ ਕਰਦੀ ਹੈ ਅਤੇ ਜੇਕਰ ਟੀਕਾਕਰਨ ਤੋਂ ਬਾਅਦ ਵਿਅਕਤੀ ਵਾਇਰਸ ਨਾਲ ਪ੍ਰਭਾਵਿਤ ਹੁੰਦਾ ਹੈ ਤਾਂ ਵੈਕਸੀਨ ਲੱਗੀ ਹੋਣ ਕਾਰਨ ਬਚਾਅ ਹੋ ਜਾਂਦਾ ਹੈ। ਸੋ, ਅਫਵਾਹਾਂ ਤੋਂ ਦੂਰ ਰਹਿ ਕੇ ਆਪਣੀ , ਆਪਣੇ ਪਰਿਵਾਰ ਤੇ ਸਮਾਜ ਦੀ ਭਲਾਈ ਲਈ ਵੈਕਸੀਨ ਜਰੂਰ ਲਗਾਈ ਜਾਵੇ। ਉਨਾਂ ਕਿਹਾ ਕਿ ਵੈਕਸੀਨ ਲਗਾਉਣ ਉਪਰੰਤ ਵੀ ਸਾਵਧਾਨੀਆਂ ਦੀ ਸਖ਼ਤੀ ਨਾਲ ਪਾਲਣਾ ਕਰਨੀ ਲਾਜ਼ਮੀ ਹੈ ਅਤੇ ਵਾਰੀ ਆਉਣ ’ਤੇ ਵੈਕਸੀਨ ਜਰੂਰ ਲਗਾਉਣੀ ਚਾਹੀਦੀ ਹੈ।