ਆਈ. ਟੀ. ਆਈ ਗਰਾਊਂਡ ਨਵਾਂਸ਼ਹਿਰ ਵਿਖੇ ਹੋਇਆ ਜ਼ਿਲਾ ਪੱਧਰੀ ਆਜ਼ਾਦੀ ਦਿਵਸ ਸਮਾਗਮ
ਮੁੜ ਉਸਾਰੀ ਗਈ ਮਾਹਿਲਪੁਰ-ਫਗਵਾੜਾ ਅੱਪਟੂ ਬਹਿਰਾਮ ਸੜਕ ਨੂੰ ਕੀਤਾ ਲੋਕ ਅਰਪਿਤ
ਨਸ਼ਿਆਂ ਖਿਲਾਫ਼ ਜਾਗਰੂਕਤਾ ਲਈ ਵਿਸ਼ੇਸ਼ ਮੋਬਾਇਲ ਵੈਨ ਕੀਤੀ ਰਵਾਨਾ
ਨਵਾਂਸ਼ਹਿਰ, 15 ਅਗਸਤ 2021 75ਵੇਂ ਆਜ਼ਾਦੀ ਦਿਹਾੜੇ ਮੌਕੇ ਆਈ. ਟੀ. ਆਈ ਗਰਾਊਂਡ ਨਵਾਂਸ਼ਹਿਰ ਵਿਖੇ ਹੋਏ ਜ਼ਿਲਾ ਪੱਧਰੀ ਸਮਾਗਮ ਦੌਰਾਨ ਮੁੱਖ ਮਹਿਮਾਨ ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ, ਰੋਜ਼ਗਾਰ ਉਤਪਤੀ, ਸੈਰ-ਸਪਾਟਾ ਸੱਭਿਆਚਾਰਕ ਮਾਮਲੇ ਮੰਤਰੀ ਪੰਜਾਬ ਸ. ਚਰਨਜੀਤ ਸਿੰਘ ਚੰਨੀ ਨੇ ਕੌਮੀ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ। ਪਰੇਡ ਦਾ ਮੁਆਇਨਾ ਕਰਨ ਤੋਂ ਬਾਅਦ ਉਨਾਂ ਪਰੇਡ ਕਮਾਂਡਰ ਡੀ. ਐਸ. ਪੀ (ਸਥਾਨਕ) ਨਵਨੀਤ ਕੌਰ ਗਿੱਲ ਦੀ ਅਗਵਾਈ ਵਿਚ ਵੱਖ-ਵੱਖ ਟੁਕੜੀਆਂ ਵੱਲੋਂ ਕੀਤੇ ਸ਼ਾਨਦਾਰ ਮਾਰਚ ਪਾਸਟ ਤੋਂ ਸਲਾਮੀ ਵੀ ਲਈ। ਇਸ ਮੌਕੇ ਡਿਪਟੀ ਕਮਿਸ਼ਨਰ ਡਾ. ਸ਼ੇਨਾ ਅਗਰਵਾਲ ਅਤੇ ਜ਼ਿਲਾ ਪੁਲਿਸ ਮੁਖੀ ਅਲਕਾ ਮੀਨਾ ਉਨਾਂ ਦੇ ਨਾਲ ਸਨ। ਸਮਾਗਮ ਵਿਚ ਵਿਧਾਇਕ ਬਲਾਚੌਰ ਚੌਧਰੀ ਦਰਸ਼ਨ ਲਾਲ ਮੰਗੂਪੁਰ, ਸਾਬਕਾ ਵਿਧਾਇਕਾ ਨਵਾਂਸ਼ਹਿਰ ਗੁਰਇਕਬਾਲ ਕੌਰ, ਜ਼ਿਲਾ ਤੇ ਸੈਸ਼ਨ ਜੱਜ ਕੰਵਲਜੀਤ ਸਿੰਘ ਬਾਜਵਾ ਅਤੇ ਹੋਰਨਾਂ ਸ਼ਖਸੀਅਤਾਂ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਸਿਹਤ ਸਲਾਹਕਾਰੀਆਂ ਦੀ ਪਾਲਣਾ ਕਰਦਿਆਂ ਮਨਾਏ ਗਏ ਇਸ ਪ੍ਰਭਾਵਸ਼ਾਲੀ ਸਮਾਗਮ ਮੌਕੇ ਸੂਬਾ ਵਾਸੀਆਂ ਨੂੰ ਆਜ਼ਾਦੀ ਦਿਹਾੜੇ ਦੀ ਵਧਾਈ ਦਿੰਦਿਆਂ ਸ. ਚੰਨੀ ਨੇ ਕਿਹਾ ਕਿ ਵੱਖ-ਵੱਖ ਲਹਿਰਾਂ ਅਤੇ ਆਜ਼ਾਦੀ ਘੁਲਾਟੀਆਂ ਦੇ ਸੰਘਰਸ਼ਾਂ ਤੇ ਕੁਰਬਾਨੀਆਂ ਸਦਕਾ ਹੀ ਅਸੀਂ ਆਜ਼ਾਦ ਫਿਜ਼ਾ ਵਿਚ ਸਾਹ ਲੈਣ ਦੇ ਯੋਗ ਹੋਏ ਹਾਂ। ਉਨਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਰਹਿਨੁਮਾਈ ਵਿਚ ਪੰਜਾਬ ਅੱਜ ਖੇਤੀਬਾੜੀ, ਬਿਜਲੀ, ਬੁਨਿਆਦੀ ਢਾਂਚੇ, ਸ਼ਹਿਰੀ ਵਿਕਾਸ, ਪਿੰਡਾਂ ਦੇ ਸਰਵਪੱਖੀ ਵਿਕਾਸ, ਸਿੱਖਿਆ, ਸਿਹਤ, ਵਾਤਾਵਰਣ ਪੱਖੀ ਮਾਹੌਲ ਸਿਰਜਣ, ਉਦਯੋਗ, ਨਾਗਰਿਕ ਸੇਵਾਵਾਂ ਅਤੇ ਵੀ. ਆਈ. ਪੀ ਕਲਚਰ ਖ਼ਤਮ ਕਰਨ ਕਰਕੇ ਨਾਮਣਾ ਖੱਟ ਰਿਹਾ ਹੈ। ਉਨਾਂ ਕਿਹਾ ਕਿ ਬੀਤੇ ਲੱਗਭਗ ਡੇਢ ਸਾਲ ਦੌਰਾਨ ਅਸੀਂ ਕੋਰੋਨਾ ਦੇ ਜਿਸ ਦੌਰ ਵਿਚੋਂ ਗੁਜ਼ਰੇ ਹਾਂ, ਉਹ ਉਮੀਦ ਕਰਦੇ ਹਨ ਕਿ ਉਸੇ ਹੌਂਸਲੇ ਅਤੇ ਹਿੰਮਤ ਨਾਲ ਕੋਰੋਨਾ ਦੀ ਸੰਭਾਵੀ ਤੀਜੀ ਲਹਿਰ ਤੋਂ ਵੀ ਨਿਜ਼ਾਤ ਪਾ ਲਵਾਂਗੇ। ਉਨਾਂ ਕੋਰੋਨਾ ਯੋਧਿਆਂ ਅਤੇ ਸਿਹਤ ਕਰਮਚਾਰੀਆਂ ਨੂੰ ਇਸ ਔਖੀ ਘੜੀ ਵਿਚ ਡੱਟ ਕੇ ਸੇਵਾਵਾਂ ਦੇਣ ਲਈ ਵਧਾਈ ਦਿੱਤੀ। ਉਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪਿਛਲੇ ਚਾਰ ਸਾਲਾਂ ਦੌਰਾਨ ਅਨੇਕਾਂ ਲੋਕ ਪੱਖੀ ਫ਼ੈਸਲੇ ਲਏ ਹਨ, ਜਿਨਾ ਦੀ ਸਾਰੇ ਪਾਸਿਓਂ ਭਰਪੂਰ ਪ੍ਰਸੰਸਾ ਹੋਈ ਹੈ। ਉਨਾਂ ਕਿਹਾ ਕਿ ਘਰ-ਘਰ ਰੋਜ਼ਗਾਰ ਯੋਜਨਾ ਰਾਹੀਂ ਨੌਜਵਾਨਾਂ ਨੂੰ ਰੋਜ਼ਗਾਰ ਦੇ ਵੱਧ ਤੋਂ ਵੱਧ ਮੌਕੇ ਮੁਹੱਈਆ ਕਰਵਾਏ ਜਾ ਰਹੇ ਹਨ। ਇਸ ਮੌਕੇ ਉਨਾਂ ਸਮਾਜਿਕ ਸੁਰੱਖਿਆ ਪੈਨਸ਼ਨਾਂ ਵਿਚ ਦੁੱਗਣਾ ਵਾਧਾ ਕਰਨ, ਆਸ਼ੀਰਵਾਦ ਸਕੀਮ 51 ਹਜ਼ਾਰ ਰੁਪਏ ਕਰਨ, ਹਰਿਆਲੀ ਸਕੀਮ ਤਹਿਤ ਜੰਗਲਾਂ ਦਾ ਰਕਬਾ ਵਧਾ ਕੇ ਵਾਤਾਵਣ ਬਚਾਉਣ, ਫ਼ਸਲਾਂ ਦੇ ਸੁਚਾਰੂ ਖ਼ਰੀਦ ਪ੍ਰਬੰਧਾਂ, ਕਰਜ਼ਾ ਮੁਆਫ਼ੀ, ਸ਼ਹੀਦਾਂ ਦੇ ਵਾਰਸਾਂ ਲਈ ਸੁਹਿਰਦ ਯਤਨ, ਵਿਦਿਆਰਥੀਆਂ ਨੂੰ ਸਮਾਰਟ ਫੋਨ ਮੁਹੱਈਆ ਕਰਵਾਉਣ ਆਦਿ ਵਰਗੇ ਲੋਕ ਪੱਖੀ ਫ਼ੈਸਲਿਆਂ ਸਮੇਤ ਜ਼ਿਲਾ ਸ਼ਹੀਦ ਭਗਤ ਸਿੰਘ ਨਗਰ ਦੇ ਸਰਬਪੱਖੀ ਵਿਕਾਸ ਅਤੇ ਮਾਣਮੱਤੀਆਂ ਪ੍ਰਾਪਤੀਆਂ ਦਾ ਵੀ ਵਿਸ਼ੇਸ਼ ਜ਼ਿਕਰ ਕੀਤਾ। ਕੇਂਦਰ ਸਰਕਾਰ ਦੇ ਤਿੰਨ ਕਿਸਾਨ ਮਾਰੂ ਕਾਨੂੰਨਾਂ ਖਿਲਾਫ਼ ਜ਼ਬਰਦਸਤ ਰੋਸ ਦਾ ਪ੍ਰਗਟਾਵਾ ਕਰਦਿਆਂ ਉਨਾਂ ਕਿਹਾ ਕਿ ਦੇਸ਼ ਦੇ ਅੰਨਦਾਤੇ ਖਿਲਾਫ਼ ਕੇਂਦਰ ਸਰਕਾਰ ਦਾ ਰਵੱਈਆ ਬੇਹੱਦ ਨਿੰਦਣਯੋਗ ਹੈ। ਉਨਾਂ ਕਿਹਾ ਕਿ ਕੇਂਦਰ ਨੂੰ ਇਹ ਕਾਨੂੰਨ ਤੁਰੰਤ ਵਾਪਸ ਲੈਣੇ ਚਾਹੀਦੇ ਹਨ, ਤਾਂ ਜੋ ਸੂਬੇ ਅਤੇ ਦੇਸ਼ ਦੀ ਡਗਮਗਾ ਰਹੀ ਅਰਥ ਵਿਵਸਥਾ ਨੂੰ ਬਚਾਇਆ ਜਾ ਸਕੇ। ਉਨਾਂ ਕਿਹਾ ਕਿ ਪੰਜਾਬ ਵਿਧਾਨ ਸਭਾ ਵਿਚ ਇਨਾਂ ਕਾਲੇ ਕਾਨੂੰਨਾਂ ਨੂੰ ਰੱਦ ਕੀਤਾ ਜਾਵੇਗਾ। ਇਸੇ ਤਰਾਂ ਉਨਾਂ ਬੇਅਦਬੀ ਦੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਅਤੇ ਨਸ਼ਿਆਂ ਨੂੰ ਜੜੋਂ ਖ਼ਤਮ ਕਰਨ ਦਾ ਵੀ ਅਹਿਦ ਲਿਆ। ਇਸ ਮੌਕੇ ਮੁੱਖ ਮਹਿਮਾਨ ਸ. ਚਰਨਜੀਤ ਸਿੰਘ ਚੰਨੀ ਨੇ ਸ਼ਹੀਦ ਭਗਤ ਸਿੰਘ ਨਗਰ ਦੀ ਤਹਿਸੀਲ ਬੰਗਾ ਅਧੀਨ ਪੈਂਦੀ ਮੁੜ ਉਸਾਰੀ ਗਈ ਮਾਹਿਲਪੁਰ-ਫਗਵਾੜਾ ਅੱਪਟੂ ਬਹਿਰਾਮ ਸੜਕ ਨੂੰ ਲੋਕ ਅਰਪਿਤ ਕੀਤਾ ਗਿਆ। ਜ਼ਿਲਾ ਸ਼ਹੀਦ ਭਗਤ ਸਿੰਘ ਨਗਰ ਅਧੀਨ ਇਸ ਸੜਕ ਦੀ ਲੰਬਾਈ 10.60 ਕਿਲੋਮੀਟਰ ਹੈ ਅਤੇ ਇਸ ’ਤੇ ਕਰੀਬ 5.62 ਕਰੋੜ ਰੁਪਏ ਦੀ ਲਾਗਤ ਆਈ ਹੈ। ਇਸੇ ਤਰਾਂ ਉਨਾਂ ਨਸ਼ਿਆਂ ਖਿਲਾਫ਼ ਲੋਕਾਂ ਨੂੰ ਹੋਰ ਜਾਗਰੂਕ ਕਰਨ ਦੇ ਉਦੇਸ਼ ਨਾਲ ਜ਼ਿਲਾ ਪ੍ਰਸ਼ਾਸਨ ਵੱਲੋਂ ਸਮਾਜਿਕ ਸੁਰੱਖਿਆ ਵਿਭਾਗ ਦੇ ਸਹਿਯੋਗ ਨਾਲ ਤਿਆਰ ਕੀਤੀ ਵਿਸ਼ੇਸ਼ ਮੋਬਾਇਲ ਵੈਨ ਨੂੰ ਵੀ ਝੰਡੀ ਦੇ ਕੇ ਰਵਾਨਾ ਕੀਤਾ। ਇਸ ਦੌਰਾਨ ਉਨਾਂ ਵੱਖ-ਵੱਖ ਖੇਤਰਾਂ ਵਿਚ ਮੱਲਾਂ ਮਾਰਨ ਵਾਲੀਆਂ ਸ਼ਖਸੀਅਤਾਂ ਅਤੇ ਵਧੀਆ ਕਾਰਗੁਜ਼ਾਰੀ ਵਿਖਾਉਣ ਵਾਲੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਸਨਮਾਨਿਤ ਕਰਨ ਤੋਂ ਇਲਾਵਾ ਲੋੜਵੰਦਾਂ ਨੂੰ ਸਿਲਾਈ ਮਸ਼ੀਨਾਂ ਦੀ ਵੰਡ ਵੀ ਕੀਤੀ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਜਸਬੀਰ ਸਿੰਘ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਅਮਰਦੀਪ ਸਿੰਘ ਬੈਂਸ, ਐਸ. ਪੀ. ਮਨਵਿੰਦਰ ਬੀਰ ਸਿੰਘ, ਐਸ. ਡੀ. ਐਮ ਨਵਾਂਸ਼ਹਿਰ ਜਗਦੀਸ਼ ਸਿੰਘ ਜੌਹਲ, ਸਹਾਇਕ ਕਮਿਸ਼ਨਰ ਅਨਿਲ ਗੁਪਤਾ, ਤਹਿਸੀਲਦਾਰ ਬਲਜਿੰਦਰ ਸਿੰਘ ਤੋਂ ਇਲਾਵਾ ਸਿਵਲ, ਜੁਡੀਸ਼ੀਅਲ ਤੇ ਪੁਲਿਸ ਅਧਿਕਾਰੀ ਅਤੇ ਜ਼ਿਲੇ ਦੀਆਂ ਅਹਿਮ ਸ਼ਖਸੀਅਤਾਂ ਹਾਜ਼ਰ ਸਨ।
ਕੈਪਸ਼ਨਾਂ :
-ਜ਼ਿਲਾ ਪੱਧਰੀ ਆਜ਼ਾਦੀ ਦਿਵਸ ਸਮਾਗਮ ਮੌਕੇ ਰਾਸ਼ਟਰੀ ਝੰਡਾ ਲਹਿਰਾਉਂਦੇ ਹੋਏ ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ। ਨਾਲ ਹਨ ਡਿਪਟੀ ਕਮਿਸ਼ਨਰ ਡਾ. ਸ਼ੇਨਾ ਅਗਰਵਾਲ ਅਤੇ ਐਸ. ਐਸ. ਪੀ ਅਲਕਾ ਮੀਨਾ।
-ਪਰੇਡ ਦਾ ਨਿਰੀਖਣ ਕਰਦੇ ਹੋਏ ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ। ਨਾਲ ਹਨ ਡਿਪਟੀ ਕਮਿਸ਼ਨਰ ਡਾ. ਸ਼ੇਨਾ ਅਗਰਵਾਲ, ਐਸ. ਐਸ. ਪੀ ਅਲਕਾ ਮੀਨਾ ਅਤੇ ਪਰੇਡ ਕਮਾਂਡਰ ਡੀ. ਐਸ. ਪੀ ਨਵਨੀਤ ਕੌਰ ਗਿੱਲ।
-ਮਾਰਚ ਪਾਸਟ ਤੋਂ ਸਲਾਮੀ ਲੈਂਦੇ ਹੋਏ ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ। ਨਾਲ ਹਨ ਡਿਪਟੀ ਕਮਿਸ਼ਨਰ ਡਾ. ਸ਼ੇਨਾ ਅਗਰਵਾਲ ਅਤੇ ਐਸ. ਐਸ. ਪੀ ਅਲਕਾ ਮੀਨਾ।
-ਮੁੱਖ ਮਹਿਮਾਨ ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਸਨਮਾਨ ਕਰਦੇ ਹੋਏ ਡਿਪਟੀ ਕਮਿਸ਼ਨਰ ਡਾ. ਸ਼ੇਨਾ ਅਗਰਵਾਲ, ਵਿਧਾਇਕ ਬਲਾਚੌਰ ਚੌਧਰੀ ਦਰਸ਼ਨ ਲਾਲ ਮੰਗੂਪੁਰ, ਸਾਬਕਾ ਵਿਧਾਇਕਾ ਨਵਾਂਸ਼ਹਿਰ ਗੁਰਇਕਬਾਲ ਕੌਰ, ਐਸ. ਐਸ. ਪੀ ਅਲਕਾ ਮੀਨਾ ਤੇ ਹੋਰ।
-ਮੁੜ ਉਸਾਰੀ ਗਈ ਮਾਹਿਲਪੁਰ-ਫਗਵਾੜਾ ਅੱਪਟੂ ਬਹਿਰਾਮ ਸੜਕ ਨੂੰ ਲੋਕ ਅਰਪਿਤ ਕਰਦੇ ਹੋਏ ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ। ਨਾਲ ਹਨ ਵਿਧਾਇਕ ਬਲਾਚੌਰ ਚੌਧਰੀ ਦਰਸ਼ਨ ਲਾਲ ਮੰਗੂਪੁਰ, ਡਿਪਟੀ ਕਮਿਸ਼ਨਰ ਡਾ. ਸ਼ੇਨਾ ਅਗਰਵਾਲ, ਐਸ. ਐਸ. ਪੀ ਅਲਕਾ ਮੀਨਾ ਤੇ ਹੋਰ।
-ਨਸ਼ਿਆਂ ਖਿਲਾਫ਼ ਵਿਸ਼ੇਸ਼ ਜਾਗਰੂਕਤਾ ਵੈਨ ਨੂੰ ਰਵਾਨਾ ਕਰਦੇ ਹੋਏ ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ। ਨਾਲ ਹਨ ਵਿਧਾਇਕ ਬਲਾਚੌਰ ਚੌਧਰੀ ਦਰਸ਼ਨ ਲਾਲ ਮੰਗੂਪੁਰ, ਡਿਪਟੀ ਕਮਿਸ਼ਨਰ ਡਾ. ਸ਼ੇਨਾ ਅਗਰਵਾਲ, ਐਸ. ਐਸ. ਪੀ ਅਲਕਾ ਮੀਨਾ ਤੇ ਹੋਰ।
-ਵਧੀਆ ਕਾਰਗੁਜ਼ਾਰੀ ਵਿਖਾਉਣ ਵਾਲਿਆਂ ਦਾ ਸਨਮਾਨ ਕਰਦੇ ਹੋਏ ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ। ਨਾਲ ਹਨ ਵਿਧਾਇਕ ਚੌਧਰੀ ਦਰਸ਼ਨ ਲਾਲ ਮੰਗੂਪੁਰ, ਡਿਪਟੀ ਕਮਿਸ਼ਨਰ ਡਾ. ਸ਼ੇਨਾ ਅਗਰਵਾਲ, ਐਸ. ਐਸ. ਪੀ ਅਲਕਾ ਮੀਨਾ, ਸਾਬਕਾ ਵਿਧਾਇਕਾ ਗੁਰਇਕਬਾਲ ਕੌਰ ਤੇ ਹੋਰ।
-ਲੋੜਵੰਦਾਂ ਨੂੰ ਸਿਲਾਈ ਮਸ਼ੀਨਾਂ ਦੀ ਵੰਡ ਕਰਦੇ ਹੋਏ ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ। ਨਾਲ ਹਨ ਡਿਪਟੀ ਕਮਿਸ਼ਨਰ ਡਾ. ਸ਼ੇਨਾ ਅਗਰਵਾਲ ਅਤੇ ਐਸ. ਐਸ. ਪੀ ਅਲਕਾ ਮੀਨਾ ਤੇ ਹੋਰ।
-ਜ਼ਿਲਾ ਪੱਧਰੀ ਆਜ਼ਾਦੀ ਦਿਵਸ ਸਮਾਗਮ ਦੇ ਵੱਖ-ਵੱਖ ਦਿ੍ਰਸ਼।