ਕੈਬਨਿਟ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਦੀ ਅਗਵਾਈ ਵਿੱਚ ਮਹਿਮਾ ਪਿੰਡ ਦੇ ਲਗਭਗ 20 ਪਰਿਵਾਰ ਕਾਂਗਰਸ ਪਾਰਟੀ ਵਿੱਚ ਹੋਏ ਸ਼ਾਮਲ

ਗੰਦੇ ਪਾਣੀ ਦੀ ਸਮੱਸਿਆ ਨੂੰ ਲੈ ਕੇ ਪਿੰਡ ਵਿੱਚ ਲਗਭਗ 10 ਲੱਖ ਰੁਪਏ ਦੀ ਲਾਗਤ ਨਾਲ ਪਵਾਈ 2 ਕਿਲੋਮੀਟਰ ਪਾਈਪ ਲਾਈਨ ਦਾ ਵੀ ਕੀਤਾ ਨਿਰੀਖਣ
ਮਿੰਨੀ ਸੰਗਤ ਦਰਸ਼ਨ ਕਰਕੇ ਹਲਕੇ ਦੇ ਪਿੰਡ ਵਾਸੀਆਂ ਦੀਆਂ ਸੁਣੀਆਂ ਮੁਸ਼ਕਲਾਂ ਮੌਕੇ ਤੇ ਮੌਜੂਦ ਅਫਸਰਾਂ ਨੂੰ ਮੁਸ਼ਕਲਾਂ ਦੇ ਹੱਲ ਪਹਿਲ ਦੇ ਆਧਾਰ ਤੇ ਕਰਨ ਦੀ ਕੀਤੀ ਹਦਾਇਤ
ਗੁਰੂਹਰਸਹਾਏ/ਫਿਰੋਜ਼ਪੁਰ 5 ਜੁਲਾਈ 2021
ਕਾਂਗਰਸ ਪਾਰਟੀ ਵਿੱਚ ਉਦੋਂ ਖੁਸ਼ੀ ਦੀ ਲਹਿਰ ਫੈਲੀ ਜਦੋਂ ਹਲਕਾ ਗੁਰੂਹਰਸਹਾਏ ਦੇ ਪਿੰਡ ਮਹਿਮਾ ਦੇ ਲਗਭਗ 20 ਪਰਿਵਾਰ ਕੈਬਨਿਟ ਮੰਤਰੀ ਖੇਡਾਂ ਤੇ ਯੁਵਕ ਸੇਵਾਵਾਂ ਰਾਣਾ ਗੁਰਮੀਤ ਸਿੰਘ ਸੋਢੀ ਦੀ ਅਗਵਾਈ ਵਿੱਚ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋਏ। ਰਾਣਾ ਗੁਰਮੀਤ ਸਿੰਘ ਸੋਢੀ ਨੇ ਖੁਦ ਇਨ੍ਹਾ ਪਰਿਵਾਰਾਂ ਨੂੰ ਸਰੋਪਾਓ ਪਾ ਕੇ ਮਾਨ ਸਨਮਾਨ ਨਾਲ ਕਾਂਗਰਸ ਪਾਰਟੀ ਵਿੱਚ ਸ਼ਾਮਲ ਕੀਤਾ।ਇਸ ਉਪਰੰਤ ਪਿੰਡ ਦੇ ਗ੍ਰੰਥੀ ਨੂੰ ਪਿੰਡ ਦੇ ਗੁਰਦੁਆਰਾ ਸਾਹਿਬ ਦੇ ਵਿਕਾਸ ਲਈ 21 ਹਜ਼ਾਰ ਰੁਪਏ ਵੀ ਦਿੱਤੇ। ਇਸ ਤੋਂ ਪਹਿਲਾ ਉਨ੍ਹਾਂ ਵੱਲੋਂ ਪਿੰਡ ਵਿੱਚ ਗੰਦੇ ਪਾਣੀ ਦੀ ਨਿਕਾਸੀ ਲਈ ਜੋ 2 ਕਿਲੋਮੀਟਰ ਪਾਈਪ ਲਾਈਨ ਪਵਾਈ ਗਈ ਦਾ ਵੀ ਨਿਰੀਖਣ ਕੀਤਾ ਜਿਸਤੇ ਲਗਭਗ 10 ਲੱਖ ਰੁਪਏ ਖਰਚ ਹੋਏ ਹਨ।
ਇਸ ਮੌਕੇ ਰਾਣਾ ਗੁਰਮੀਤ ਸਿੰਘ ਸੋਢੀ ਨੇ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋਏ ਸਮੂਹ ਪਰਿਵਾਰਾਂ ਦਾ ਧੰਨਵਾਦ ਕਰਦਿਆ ਕਿਹਾ ਕਿ ਤੁਹਾਨੂੰ ਪਾਰਟੀ ਵਿੱਚ ਬਣਦਾ ਮਾਨ-ਸਨਮਾਨ ਦਿੱਤਾ ਜਾਵੇਗਾ ਅਤੇ ਆਪ ਜੀ ਨੂੰ ਨਾਲ ਲੈ ਕੇ ਹਲਕੇ ਨੂੰ ਖ਼ੁਸ਼ਹਾਲ ਬਣਾਉਣ ਲਈ ਹਰ ਸੰਭਵ ਯਤਨ ਕੀਤੇ ਜਾਣਗੇ ਅਤੇ ਲੋਕ ਭਲਾਈ ਦੀ ਨੀਤੀਆਂ ਨੂੰ ਲਾਗੂ ਕਰਨ ਵਿੱਚ ਕੋਈ ਕਸਰ ਨਹੀਂ ਛੱਡੀ ਜਾਵੇਗੀ।ਉਨ੍ਹਾਂ ਨੇ ਕਿਹਾ ਕਿ ਹਲਕੇ ਦਾ ਪੂਰਨ ਵਿਕਾਸ ਹੀ ਮੇਰਾ ਸੁਪਨਾ ਹੈ ਅਤੇ ਉਹ ਹਲਕੇ ਦੇ ਲੋਕਾਂ ਦੇ ਸਾਰੇ ਸੁਪਨੇ ਪੂਰੇ ਕਰਨ ਦੇ ਯਤਨ ਕਰ ਰਹੇ ਹਨ।
ਸਰਪੰਚ ਅਮਰਜੀਤ ਸਿੰਘ ਨੇ ਦੱਸਿਆ ਕਿ ਅੱਜ ਜਿੰਨੇ ਵੀ ਲੋਕ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋਏ ਹਨ, ਕਾਂਗਰਸ ਪਾਰਟੀ ਦੀਆਂ ਨੀਤੀਆਂ ਤੋਂ ਖੁਸ਼ ਹੋ ਕੇ ਸ਼ਾਮਲ ਹੋਏ ਹਨ। ਉਨ੍ਹਾਂ ਕਿਹਾ ਕਿ ਆਜ਼ਾਦੀ ਤੋਂ ਲੈ ਕੇ 2017 ਤੱਕ ਕਈ ਮਨਿਸਟਰ ਤੇ ਐੱਮ. ਐੱਲ ਏ ਆਏ ਪਰ ਉਨ੍ਹਾਂ ਦੇ ਹਲਕੇ ਦਾ ਇੰਨਾ ਵਿਕਾਸ ਕਿਸੇ ਹੋਰ ਨੇ ਨਹੀਂ ਕਰਵਾਇਆ ਜਿੰਨਾ ਰਾਣਾ ਗੁਰਮੀਤ ਸਿੰਘ ਸੋਢੀ ਨੇ ਕਰਵਾਇਆ ਹੈ। ਉਨ੍ਹਾਂ ਕਿਹਾ ਕਿ ਜੇ ਸਾਡੇ ਪਿੰਡ ਦੀ ਗੱਲ ਕਰੀਏ ਤਾਂ ਪਿੰਡ ਦੀਆਂ ਲਗਭਗ 20 ਗਲੀਆਂ ਵਿੱਚ ਲਗਭਗ 70 ਲੱਖ ਦੀ ਲਾਗਤ ਨਾਲ ਇੰਟਲਾਕ ਟਾਈਲਾਂ ਲਗਵਾਈਆਂ ਗਈਆਂ ਹਨ ਤੇ ਸਰਕਾਰੀ ਸਕੂਲ ਦੀ ਅਪਗ੍ਰੇਡੇਸ਼ਨ ਲਈ ਲਗਭਗ 32 ਲੱਖ ਰੁਪਏ ਖਰਚ ਕੀਤੇ ਗਏ ਹਨ। ਇਸ ਤੋਂ ਇਲਾਵਾ ਇੱਕ ਪਬਲਿਕ ਪਾਰਕ ਵੀ ਉਸਾਰੀ ਅਧੀਨ ਹੈ ਜਿਸਤੇ ਲਗਭਗ 18 ਲੱਖ ਰੁਪਏ ਖਰਚੇ ਦਾ ਅਨੁਮਾਨ ਹੈ।
ਇਸ ਤੋਂ ਬਾਅਦ ਕੈਬਨਿਟ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਵੱਲੋਂ ਬੁਰਜ ਮੱਖਣ ਸਿੰਘ, ਝੋਕ ਮੋਹੜੇ, ਝੋਕ ਟਹਿਲ ਸਿੰਘ, ਕੇਹਰ ਸਿੰਘ ਵਾਲਾ, ਪੱਟੀ ਸੁੱਧ ਸਿੰਘ ਅਤੇ ਖੰਬੇ ਪਿੰਡਾਂ ਵਿੱਚ ਜਾ ਕੇ ਪਿੰਡ ਵਾਸੀਆਂ ਨਾਲ ਮਿੰਨੀ ਸੰਗਤ ਦਰਸ਼ਨ ਕਰਕੇ ਪਿੰਡ ਵਾਸੀਆਂ ਦੀਆਂ ਮੁਸ਼ਕਲਾਂ ਸੁਣੀਆਂ ਤੇ ਮੌਕੇ ਤੇ ਮੌਜੂਦ ਅਫਸਰਾਂ ਨੂੰ ਹਦਾਇਤ ਕੀਤੀ ਕਿ ਇਹ ਕੰਮ ਤੁਰੰਤ ਪਹਿਲ ਦੇ ਆਧਾਰ ਤੇ ਕੀਤੇ ਜਾਣ। ਉਨ੍ਹਾਂ ਇਨ੍ਹਾਂ ਪਿੰਡ ਵਾਸੀਆਂ ਨੂੰ ਕਿਹਾ ਕਿ ਜੇਕਰ ਉਨ੍ਹਾਂ ਨੂੰ ਕੋਈ ਵੀ ਮੁਸ਼ਕਲ ਹੈ ਤਾਂ ਉਹ ਬੇਝਿਜਕ ਹੋ ਕੇ ਉਨ੍ਹਾਂ ਨੂੰ ਦੱਸਣ ਸਾਰੀਆਂ ਮੁਸਕਲਾਂ ਦਾ ਹੱਲ ਪਹਿਲ ਦੇ ਆਧਾਰ ਤੇ ਕੀਤਾ ਜਾਵੇਗਾ।
ਇਸ ਮੌਕੇ ਰਾਜਨੀਤਿਕ ਸਲਾਹਕਾਰ ਗੁਰਦੀਪ ਢਿੱਲੋਂ, ਤਹਿਸੀਲਦਾਰ ਲਖਵਿੰਦਰ ਸਿੰਘ, ਬੀਡੀਓ ਮਮਦੋਟ ਬਲਜੀਤ ਕੌਰ ਢਿੱਲੋ, ਡੀਐੱਸਪੀ. ਗੁਰੂਹਰਸਹਾਏ ਰਵਿੰਦਰ ਸਿੰਘ, ਕਾਂਗਰਸੀ ਆਗੂ ਨਸੀਬ ਸੰਧੂ ਤੇ ਅੰਮ੍ਰਿਤਪਾਲ ਸਿੰਘ ਅਤੇ ਓ.ਐੱਸ.ਡੀ. ਵਿੱਕੀ ਸਿੱਧੂ ਸਮੇਤ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਵੀ ਹਾਜ਼ਰ ਸਨ।

Spread the love