ਉਦਯੋਗਿਕ ਖੇਤਰ ਵਿੱਚ ਕੈਮੀਕਲ ਇੰਜੀਨੀਅਰ ਡਿਪਲੋਮਾ ਪਾਸ ਨੌਜਵਾਨਾਂ ਦੀ ਭਾਰੀ ਮੰਗ
ਬਟਾਲਾ ਦੇ ਸਰਕਾਰੀ ਬਹੁਤਕਨੀਕੀ ਕਾਲਜ ਵਿੱਚ ਕੈਮੀਕਲ ਇੰਜੀ: ਦੇ ਡਿਪਲੋਮੇ ਦਾ ਦਾਖਲਾ ਜਾਰੀ
ਬਟਾਲਾ, 18 ਅਗਸਤ 2021 ਵਰਤਮਾਨ ਸਮੇਂ ਵਿੱਚ ਸਾਡਾ ਦੇਸ਼ ਤਕਨੀਕੀ ਵਿਕਾਸ ਦੇ ਦੌਰ ਵਿੱਚੋਂ ਗੁਜਰ ਰਿਹਾ ਹੈ ਅਤੇ ਇਸ ਕਰਕੇ ਹੁਨਰਮੰਦ ਕਿਰਤੀਆਂ ਦੀ ਲੋੜ ਵੱਧਦੀ ਜਾ ਰਹੀ ਹੈ। ਹਰ ਇੱਕ ਉਦਯੋਗ ਨਵੀਆਂ ਨਵੀਆਂ ਤਕਨੀਕਾਂ ਅਤੇ ਉਪਕਰਣਾਂ ਨਾਲ ਉਤਪਾਦਨ ਕਰ ਰਿਹਾ ਹੈ, ਜਿਸ ਕਰਕੇ ਕੁਸ਼ਲ ਕਿਰਤੀਆਂ ਦੀ ਮੰਗ ਵੱਧ ਰਹੀ ਹੈ। ਇਸ ਲੋੜ ਨੂੰ ਮੁੱਖ ਰੱਖਦੇ ਹੋਏ ਨੌਜਵਾਨਾਂ ਲਈ ਕਿੱਤਾ ਮੁੱਖੀ ਸਿਖਲਾਈ ਅਤੇ ਤਕਨੀਕੀ ਸਿੱਖਿਆ ਹਾਸਲ ਕਰਨਾ ਉਤੱਮ ਵਿਕਲਪ ਹੈ। ਪਿਛਲੇ ਸਾਲਾਂ ਦੌਰਾਨ ਤਕਨੀਕੀ ਸਿੱਖਿਆ ਅਧੀਨ ਰਵਾਇਤੀ ਕੋਰਸ ਜਿਵੇਂ ਕਿ ਮਕੈਨੀਕਲ, ਸਿਵਲ ਅਤੇ ਇਲੈਕਟ੍ਰੀਕਲ ਤੋਂ ਇਲਾਵਾ ਵੀ ਕੁਝ ਕੋਰਸ ਵੀ ਚਲਾਏ ਜਾ ਰਹੇ ਹਨ ਜੋ ਕਿ ਵਿਦਿਆਰਥੀਆਂ ਲਈ ਰੋਜ਼ਗਾਰ ਦੇ ਵੱਧ ਤੋਂ ਵੱਧ ਮੌਕੇ ਪੈਦਾ ਕਰ ਰਹੇ ਹਨ।
ਸਰਕਾਰੀ ਬਹੁਤਕਨੀਕੀ ਕਾਲਜ ਬਟਾਲਾ ਜੋ ਕਿ ਉੱਤਰੀ ਭਾਰਤ ਦੀ ਇੱਕ ਬੇਹਤਰ ਤਕਨੀਕੀ ਸੰਸਥਾ ਹੈ ਅਤੇ ਇਥੇ ਨੌਜਵਾਨਾਂ ਨੂੰ ਲਈ ਬਹੁਤ ਵਧੀਆ ਕੋਰਸ ਉਪਲੱਬਧ ਹਨ। ਇਹਨਾਂ ਕੋਰਸਾਂ ਵਿੱਚੋਂ ਹੀ ਇੱਕ ਕੋਰਸ ਕੈਮੀਕਲ ਇੰਜੀਨੀਅਰਿੰਗ ਦਾ ਹੈ। ਕੈਮੀਕਲ ਇੰਜੀਨੀਅਰ ਦਾ ਡਿਪਲੋਮਾ ਪੰਜਾਬ ਦੇ ਕੁਝ ਚੋਣਵੇਂ ਪੋਲੀਟੈਕਨਿਕ ਕਾਲਜਾਂ ਵਿੱਚ ਹੀ ਚੱਲ ਰਿਹਾ ਹੈ।
ਸਰਕਾਰੀ ਬਹੁ-ਤਕਨੀਕੀ ਕਾਲਜ ਬਟਾਲਾ ਦੇ ਪਿ੍ਰੰਸੀਪਲ ਅਜੇ ਕੁਮਾਰ ਅਰੋੜਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੈਮੀਕਲ ਇੰਜੀਨੀਅਰਿੰਗ ਦੇ ਕੋਰਸ ਨਾਲ ਸਬੰਧਤ ਇੰਡਸਟਰੀ ਦਾ ਡਿਮਾਂਡ-ਸਪਲਾਈ ਅਨੁਪਾਤ ਚੰਗਾ ਹੋਣ ਕਰਕੇ ਜਿਆਦਾਤਰ ਵਿਦਿਆਰਥੀਆਂ ਨੂੰ ਕੋਰਸ ਦੌਰਾਨ ਹੀ ਨੌਕਰੀ ਮਿਲ ਜਾਂਦੀ ਹੈ। ਜਦੋਂ ਵੀ ਕਿਸੇ ਕੰਪਨੀ ਨੂੰ ਕੈਮੀਕਲ ਇੰਜੀਨੀਅਰ ਡਿਪਲੋਮਾ ਦੇ ਵਿਦਿਆਰਥੀਆਂ ਦੀ ਲੋੜ ਹੁੰਦੀ ਹੈ ਤਾਂ ਉਹ ਇਸ ਕਾਲਜ ਨਾਲ ਸੰਪਰਕ ਕਰਕੇ ਕੈਂਪਸ ਪਲੇਸਮੈਂਟ ਰਾਹੀਂ ਵਿਦਿਆਰਥੀਆਂ ਦੀ ਨੌਕਰੀ ਲਈ ਚੋਣ ਕਰ ਲੈਂਦੇ ਹਨ। ਪ੍ਰਿੰਸੀਪਲ ਅਰੋੜਾ ਨੇ ਦੱਸਿਆ ਕਿ ਹਰ ਸਾਲ ਕਾਲਜ ਵਿੱਚ ਵੱਖ-ਵੱਖ ਨਾਮੀਂ ਕੰਪਨੀਆਂ ਵੱਲੋਂ ਕਾਲਜ ਵਿਖੇ ਪਲੇਸਮੈਂਟ ਡਰਾਇਵ ਕੀਤੀ ਜਾਂਦੀ ਹੈ। ਉਹਨਾਂ ਇਹ ਵੀ ਦੱਸਿਆ ਕਿ ਕੁਝ ਸਾਲ ਪਹਿਲਾਂ ਬਠਿੰਡਾ ਵਿਖੇ ਰਿਫਾਈਨਰੀ ਖੁੱਲਣ ਨਾਲ ਇਸ ਕੋਰਸ ਦੇ ਵਿਦਿਆਰਥੀਆਂ ਲਈ ਰੋਜਗਾਰ ਦੇ ਮੌਕੇ ਵਧੇਰੇ ਹੋ ਗਏ ਹਨ ਅਤੇ ਜਿਵੇਂ ਜਿਵੇਂ ਜਿਵੇਂ ਰਿਫਾਈਨਰੀ ਜਾਂ ਹੋਰ ਇੰਡਸਟਰੀਆਂ ਦਾ ਪੰਜਾਬ ਵਿੱਚ ਵਿਸਥਾਰ ਹੋ ਰਿਹਾ ਹੈ ਵਿਦਿਆਰਥੀਆਂ ਲਈ ਇਹ ਮੌਕੇ ਹੋਰ ਵੀ ਵੱਧ ਰਹੇ ਹਨ।
ਕੈਮੀਕਲ ਵਿਭਾਗ ਮੁਖੀ ਜਸਬੀਰ ਸਿੰਘ ਨੇ ਦੱਸਿਆ ਕਿ ਕਾਲਜ ਦਾ ਪਲੇਸਮੈਂਟ ਸੈਲ ਹਮੇਸ਼ਾ ਵਿਦਆਰਥੀਆਂ ਨੂੰ ਕੋਰਸ ਦੌਰਾਨ ਹੀ ਨੌਕਰੀ ਦਵਾਉਣ ਲਈ ਪੂਰੀ ਤਰਾਂ ਯਤਨਸ਼ੀਲ ਰਹਿੰਦਾ ਹੈ ਅਤੇ ਵਿਦਿਆਰਥੀਆਂ ਨੂੰ ਕਈ ਨੈਸ਼ਨਲ ਅਤੇ ਮਲਟੀਨੈਸ਼ਨਲ ਕੰਪਨੀਆਂ ਵਿੱਚ ਨੌਕਰੀ ਦਵਾਉਣ ਵਿੱਚ ਸਫਲ ਰਿਹਾ ਹੈ। ਪਿਛਲੇ ਸਾਲਾਂ ਦੌਰਾਨ ਵਿਦਿਆਰਥੀ ਸ੍ਰੀ ਗੁਰੁ ਗੋਬਿੰਦ ਸਿੰਘ ਰਿਫਾਇਨਰੀ ਬਠਿੰਡਾ, ਮਹਿੰਦਰਾ ਐਂਡ ਮਹਿੰਦਰਾ, ਸਵਰਾਜ ਡਵੀਜ਼ਨ ਮੋਹਾਲੀ, ਜਾਨ ਡੀਰ ਸਰਹੰਦ ਵਰਕਸ ਪਟਿਆਲਾ, ਟ੍ਰਾਇਡੈਂਟ ਗਰੁਪ ਬਰਨਾਲਾ, ਜੇ.ਕੇ ਸੀਮੈਂਟ, ਏ.ਸੀ.ਸੀ. ਸੀਮੈਂਟ, ਜਗਤਜੀਤ ਇੰਡਸਟਰੀ ਹਮੀਰਾ, ਹੋਲਿਸਟਰ ਮੈਡੀਕਲ ਪ੍ਰਾ: ਲਿਮੀਟਿਡ ਰਿਵਾੜੀ ਅਤੇ ਹੋਰ ਕਈ ਕੰਪਨੀਆਂ ਵਿੱਚ ਕੋਰਸ ਦੌਰਾਨ ਹੀ ਨੌਕਰੀ ਲੈ ਚੁਕੇ ਹਨ।
ਜਸਬੀਰ ਸਿੰਘ ਨੇ ਦੱਸਿਆ ਕਿ ਇਸ ਸਮੇਂ ਪਾਲੀਟੈਕਨੀਕਲ ਕਾਲਜ ਵਿੱਚ ਦਾਖਲਾ ਚੱਲ ਰਿਹਾ ਹੈ। ਉਨਾਂ ਕਿਹਾ ਕਿ ਮੁੱਖ ਮੰਤਰੀ ਸਕਾਲਰਸ਼ਿਪ ਸਕੀਮ ਅਤੇ ਪੋਸਟ ਮੈਟਿ੍ਰਕ ਸਕਾਲਰਸ਼ਿਪ ਸਕੀਮ ਤਹਿਤ ਵਿਦਿਆਰਥੀਆਂ ਨੂੰ ਫੀਸਾਂ ਵਿੱਚ ਵੀ ਛੋਟ ਦਿੱਤੀ ਜਾਂਦੀ ਹੈ। ਉਨਾਂ ਵਿਦਿਆਰਥੀਆਂ ਨੂੰ ਅਪੀਲ ਕੀਤੀ ਕਿ ਉਹ ਤਕਨੀਕੀ ਕੋਰਸਾਂ ਵਿੱਚ ਦਾਖਲਾ ਲੈ ਕੇ ਆਪਣੇ ਭਵਿੱਖ ਨੂੰ ਕਾਮਯਾਬ ਕਰਨ।