ਕੋਬਰਾ ਤੇ ਕੰਡਿਆਲੀ ਤਾਰ  ਦੀ ਵਰਤੋਂ ਕਰਨ ’ਤੇ ਪਾਬੰਦੀ ਦੇ ਹੁਕਮ

ਫ਼ਾਜ਼ਿਲਕਾ 17 ਅਗਸਤ 2021
ਜ਼ਿਲ੍ਹਾ ਮੈਜ਼ਿਸਟ੍ਰੇਟ ਸ. ਅਰਵਿੰਦ ਪਾਲ ਸਿੰਘ ਸੰਧੂ ਨੇ ਫ਼ੌਜਦਾਰੀ ਜ਼ਾਬਤਾ ਸੰਘਤਾ 1973 ਦੀ ਧਾਰਾ 144 ਅਧੀਨ ਜ਼ਿਲ੍ਹਾ ਫਾਜ਼ਿਲਕਾ ਦੀ ਹਦੂਦ ਅੰਦਰ ਕੋਬਰਾ/ ਕੰਡਿਆਂ ਵਾਲੀ ਤਾਰ ਨੂੰ ਵੇਚਣ, ਖਰੀਦਣ ਅਤੇ ਵਰਤਣ ’ਤੇ ਪੂਰਨ ਪਾਬੰਦੀ ਦੇ ਹੁਕਮ ਦਿੱਤੇ ਹਨ। ਇਹ ਹੁਕਮ 30 ਸਤੰਬਰ 2021 ਤੱਕ ਲਾਗੂ ਰਹਿਣਗੇ।
ਜ਼ਿਲ੍ਹਾ ਮੈਜ਼ਿਸਟੇ੍ਰਟ ਨੇ ਦੱਸਿਆ ਕਿ ਕਿਸਾਨਾਂ ਵੱਲੋਂ ਆਪਣੀ ਫ਼ਸਲਾਂ ਦੀ ਸੁਰੱਖਿਆ ਲਈ ਕੰਡੇ ਵਾਲੀ ਤਾਰ ਦੀ ਵਰਤੋਂ ਕੀਤੀ ਜਾਂਦੀ ਹੈ। ਇਸ ਦੇ ਨਾਲ ਹੀ ਹੁਣ ਲੋਕਾਂ ਵੱਲੋਂ ਆਪਣੇ ਪਲਾਟ, ਖੇਤ ਅਤੇ ਹੋਰ ਪਾਸੇ ਜਿੱਥੇ ਵੇਖਿਆ ਜਾਵੇ ਫ਼ਸਲਾਂ ਦੀ ਸੁਰੱਖਿਆ ਲਈ ਕੰਡੇਵਾਲੀ ਤਾਰ ਦੇ ਨਾਲ-ਨਾਲ ਕੋਬਰਾ ਤਾਰ ਦੀ ਵਰਤੋਂ ਕਰਨੀ ਵੀ ਸ਼ੁਰੂ ਕਰ ਦਿੱਤੀ ਹੈ। ਜਿਹੜੀ ਕਿ ਕਾਫ਼ੀ ਤੇਜਧਾਰ ਵਾਲੀ ਹੁੰਦੀ ਹੈ। ਜਿਸ ਨਾਲ ਕੁਦਰਤੀ ਜੀਵਾਂ ਨੂੰ ਜਾਨ ਦਾ ਖ਼ਤਰਾ ਹੁੰਦਾ ਹੈ।
ਉਨ੍ਹਾਂ ਦੱਸਿਆ ਕਿ ਇਸ ਤਾਰ ਦੀ ਵਜ੍ਹਾ ਕਾਰਨ ਫਾਜ਼ਿਲਕਾ ਜ਼ਿਲ੍ਹੇ ਦੇ ਸਭ ਤੋਂ ਵੱਡੇ ਪਸ਼ੂ ਹਸਪਤਾਲ, ਗਊਸ਼ਾਲਾ ਦੌਲਤਪੁਰਾ ਅਤੇ ਸੈਂਚੁਰੀ ਏਰੀਆ ਵਿਖੇ 90 ਫੀਸਦੀ ਪਸ਼ੂ ਅਤੇ ਗਊਆਂ ਇਸ ਤਾਰ ਨਾਲ ਜਖ਼ਮੀ ਹਨ। ਇਸ ਲਈ ਕੋਬਰਾ/ਕੰਡਿਆ ਵਾਲੀ ਤਾਰ ਨੂੰ ਵੇਚਣ, ਖਰੀਦਣ ਅਤੇ ਵਰਤਣ ’ਤੇ ਰੋਕ ਲਗਾਉਣ ਦੇ ਫੌਰੀ ਹੁਕਮ ਦਿੱਤੇ ਗਏ ਹਨ।

Spread the love