ਕੋਰੋਨਾ ਦੀ ਰੋਕਥਾਮ ‘ਚ ਸ਼ਲਾਘਾਯੋਗ ਸੇਵਾਵਾਂ ਦੇਣ ਲਈ ਸਿਹਤ ਵਿਭਾਗ ਦੇ ਅਧਿਕਾਰੀ ਸਨਮਾਨਿਤ

ਨਵਾਂਸ਼ਹਿਰ, 19 ਅਗਸਤ 2021 ਸਥਾਨਕ ਪਿੰਡ ਕੋਟ ਰਾਂਝਾ ਦੀ ਗੁਰਦੁਆਰਾ ਕਮੇਟੀ ਨੇ ਕੋਰੋਨਾ ਮਹਾਂਮਾਰੀ ਦੀ ਰੋਕਥਾਮ ਵਿੱਚ ਸ਼ਲਾਘਾਯੋਗ ਸੇਵਾਵਾਂ ਦੇਣ ਲਈ ਅੱਜ ਸਿਹਤ ਵਿਭਾਗ ਮੁਜ਼ੱਫਰਪੁਰ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ।
ਜਾਣਕਾਰੀ ਮੁਤਾਬਕ ਸਿਹਤ ਵਿਭਾਗ ਦੇ ਜਿਨ੍ਹਾਂ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਸਨਮਾਨਿਤ ਕੀਤਾ ਗਿਆ, ਉਨ੍ਹਾਂ ਵਿਚ ਮੈਡੀਕਲ ਅਫਸਰ ਡਾ ਰਣਜੀਤ ਹਰੀਸ਼, ਬਲਾਕ ਐਕਸਟੈਂਸ਼ਨ ਐਜੂਕੇਟਰ ਮਨਿੰਦਰ ਸਿੰਘ, ਮਲਟੀਪਰਪਜ ਹੈਲਥ ਵਰਕਰ ਮਨਦੀਪ ਸਿੰਘ, ਗੁਲਸ਼ਨ ਕੁਮਾਰ, ਪਰਮਜੀਤ ਸਿੰਘ, ਫਾਰਮਾਸਿਸਟ ਮਨਜੀਤ ਕੌਰ, ਕਮਿਊਨਿਟੀ ਹੈਲਥ ਅਫ਼ਸਰ ਕਿਰਨ, ਏ.ਐਨ.ਐਮ. ਅਮਰਜੀਤ ਕੌਰ, ਰਾਜਿੰਦਰ ਕੌਰ, ਊਸ਼ਾ ਰਾਣੀ, ਬਲਜੀਤ ਕੌਰ, ਊਸ਼ਾ ਰਾਣੀ, ਆਸ਼ਾ ਵਰਕਰ ਪਰਮਜੀਤ ਕੌਰ ਅਤੇ ਨਰਿੰਦਰ ਕੌਰ ਸ਼ਾਮਲ ਸਨ।
ਇਸ ਮੌਕੇ ਪ੍ਰਧਾਨ ਹਰਦੀਪ ਸਿੰਘ ਬਾਜਵਾ, ਦਿਲਬਾਗ ਸਿੰਘ, ਹਰਮੇਸ਼ ਲਾਲ ਅਤੇ ਹੈਪੀ ਸਮੇਤ ਸਮੂਹ ਪਿੰਡ ਵਾਸੀਆਂ ਨੇ ਗੁਰਦੁਆਰਾ ਸਾਹਿਬ ਵਿਚ ਕਰਵਾਏ ਸਨਮਾਨ ਸਮਾਰੋਹ ਦੌਰਾਨ ਸਿਹਤ ਵਿਭਾਗ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਵੱਲੋਂ ਇਮਾਨਦਾਰੀ ਤੇ ਤਨਦੇਹੀ ਨਾਲ ਪਿੰਡ ਵਿੱਚ ਟੀਕਾਕਰਨ ਦੇ ਕੀਤੇ ਗਏ ਕੰਮਕਾਜ ਦੀ ਕਾਫੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਕੋਰੋਨਾ ਕਾਲ ਦੌਰਾਨ ਸਿਹਤ ਵਿਭਾਗ ਦੇ ਸਮੂਹ ਅਧਿਕਾਰੀਆਂ ਤੇ ਕਰਮਚਾਰੀਆਂ ਨੇ ਆਪਣੀ ਜਾਨ ਦੀ ਪ੍ਰਵਾਹ ਨਾ ਕਰਦੇ ਹੋਏ ਲੋਕਾਂ ਦੀ ਨਿਸਵਾਰਥ ਸੇਵਾ ਕੀਤੀ ਜੋ ਕਾਬਲੇ ਤਾਰੀਫ਼ ਹੈ। ਉਨ੍ਹਾਂ ਕੋਰੋਨਾ ਦੇ ਸ਼ੁਰੂਆਤੀ ਸਮੇਂ ਨੂੰ ਯਾਦ ਕਰਦਿਆਂ ਕਿਹਾ ਕਿ ਜ਼ਿਲ੍ਹੇ ਦੇ ਪਠਲਾਵਾ ਪਿੰਡ ਵਿਚ ਸੂਬੇ ਦਾ ਪਹਿਲਾ ਕੋਰੋਨਾ ਕੇਸ ਸਾਹਮਣੇ ਆਇਆ ਸੀ ਅਤੇ ਉਸ ਸਮੇਂ ਤੋਂ ਲੈ ਕੇ ਹੁਣ ਤੱਕ ਜਿਸ ਤਰ੍ਹਾਂ ਨਾਲ ਸਿਹਤ ਵਿਭਾਗ ਕੋਰੋਨਾ ਮਹਾਂਮਾਰੀ ਨੂੰ ਕੰਟਰੋਲ ਕਰ ਰਿਹਾ ਹੈ, ਉਹ ਸ਼ਲਾਘਾਯੋਗ ਹੈ।
ਇਸ ਮੌਕੇ ਮੈਡੀਕਲ ਅਫਸਰ ਡਾ ਰਣਜੀਤ ਹਰੀਸ਼ ਨੇ ਗੁਰਦੁਆਰਾ ਕਮੇਟੀ ਤੇ ਸਮੂਹ ਪਿੰਡ ਵਾਸੀਆਂ ਦਾ ਤਹਿ ਦਿਲੋਂ ਧੰਨਵਾਦ ਕਰਦਿਆਂ ਕਿਹਾ ਕਿ ਇਸ ਸਨਮਾਨ ਨਾਲ ਸਿਹਤ ਵਿਭਾਗ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਕੰਮ ਕਰਨ ਲਈ ਹੋਰ ਉਤਸ਼ਾਹ ਮਿਲੇਗਾ।

Spread the love