ਬਟਾਲਾ, 16 ਅਗਸਤ 2021 ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਕਰੋਨਾ ਵਾਇਰਸ ਦੀ ਰੋਕਥਾਮ ਲਈ ਚਲਾਈ ਜਾ ਰਹੀ ਵੈਕਸੀਨੇਸ਼ਨ ਮੁਹਿੰਮ ਅਸਰਦਾਰ ਸਾਬਤ ਹੋ ਰਹੀ ਹੈ। ਵੈਕਸੀਨੇਸ਼ਨ ਦੇ ਹਾਂ-ਪੱਖੀ ਨਤੀਜੇ ਸਾਹਮਣੇ ਆਉਣ ਤੋਂ ਬਾਅਦ ਸਿਹਤ ਵਿਭਾਗ ਵੱਲੋਂ ਵੈਕਸੀਨੇਸ਼ਨ ਮੁਹਿੰਮ ਨੂੰ ਹੋਰ ਤੇਜ਼ ਕੀਤਾ ਜਾ ਰਿਹਾ ਹੈ ਤਾਂ ਜੋ ਕੋਵਿਡ ਦੀ ਭਿਆਨਕ ਬਿਮਾਰੀ ਤੋਂ ਸੂਬਾ ਵਾਸੀਆਂ ਨੂੰ ਬਚਾਇਆ ਜਾ ਸਕੇ।
ਇਹ ਪ੍ਰਗਟਾਵਾ ਕਰਦਿਆਂ ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਸ੍ਰੀ ਅਸ਼ਵਨੀ ਸੇਖੜੀ ਨੇ ਦੱਸਿਆ ਕਿ ਕੋਵਿਡ ਵੈਕਸੀਨ ਦੀ ਪਹਿਲੀ ਖੁਰਾਕ ਲਗਪਗ 82 ਲੱਖ ਲੋਕਾਂ (ਸੂਬੇ ਦੀ 40 ਫੀਸਦੀ ਯੋਗ ਵਸੋਂ) ਨੂੰ ਦੋਵੇਂ ਖੁਰਾਕਾਂ ਤਕਰੀਬਨ 24 ਲੱਖ ਲੋਕਾਂ ਨੂੰ (ਯੋਗ ਆਬਾਦੀ ਦੀ 11 ਫੀਸਦੀ) ਨੂੰ ਲੱਗ ਚੁੱਕੀਆਂ ਹਨ। ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਵੱਲੋਂ ਕੀਤੇ ਅਧਿਅਨ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਕੋਵਿਡ ਵੈਕਸੀਨ ਬਹੁਤ ਕਾਰਗਾਰ ਸਾਬਤ ਹੋ ਰਹੀ ਹੈ ਅਤੇ ਜੋ ਯੋਗ ਵਿਅਕਤੀ ਅਜੇ ਵੈਕਸੀਨ ਲਗਵਾਉਣ ਤੋਂ ਰਹਿ ਗਏ ਹਨ ਉਨ੍ਹਾਂ ਨੂੰ ਤੁਰੰਤ ਇਹ ਵੈਕਸੀਨ ਲਗਵਾ ਲੈਣੀ ਚਾਹੀਦੀ ਹੈ।
ਸ੍ਰੀ ਸੇਖੜੀ ਨੇ ਦੱਸਿਆ ਕਿ ਪੀ.ਜੀ.ਆਈ. ਦੇ ਸਕੂਲ ਆਫ ਪਬਲਿਕ ਹੈਲਥ ਦੇ ਸਾਬਕਾ ਮੁਖੀ ਡਾ. ਰਾਜੇਸ਼ ਕੁਮਾਰ ਵੱਲੋਂ ਕੋਵਿਡ ਵੈਕਸੀਨ ਦੇ ਅਸਰਦਾਰ ਹੋਣ ਦੀ ਨਿਗਰਾਨੀ ਲਈ ਕੀਤੇ ਅਧਿਐਨ ਦੇ ਮੁਤਾਬਕ ਇਹ ਪਾਇਆ ਗਿਆ ਹੈ ਕਿ ਕੋਵਿਡ ਵੈਕਸੀਨ ਨਾਲ ਪਾਜ਼ੇਟਿਵਿਟੀ ਵਿਚ 95 ਫੀਸਦੀ ਤੱਕ, ਹਸਪਤਾਲ ’ਚ ਦਾਖਲ ਹੋਣ ਵਿਚ 96 ਫੀਸਦੀ ਤੱਕ ਅਤੇ ਮੌਤਾਂ ਵਿਚ 98 ਫੀਸਦੀ ਤੱਕ ਕਮੀ ਆਈ ਹੈ।