ਕੋਰੋਨਾ ਬਿਮਾਰੀ ਦੇ ਫੈਲਾਅ ਨੂੰ ਰੋਕਣ ਲਈ ਕੋਰੋਨਾ ਟੈਸਟਿੰਗ ਬਹੁਤ ਜਰੂਰੀ – ਡਾ. ਭੱਲਾ

ਬਟਾਲਾ, 19 ਮਈ , 2021 – ਕੋਰੋਨਾ ਬਿਮਾਰੀ ਦੇ ਫੈਲਾਅ ਨੂੰ ਰੋਕਣ ਲਈ ਜਿਥੇ ਸਾਵਧਾਨੀਆਂ ਦੀ ਸਖ਼ਤੀ ਨਾਲ ਪਾਲਣਾ ਕਰਨੀ ਚਾਹੀਦੀ ਹੈ, ਉਸਦੇ ਨਾਲ ਹੀ ਕੋਰੋਨਾ ਟੈਸਟਿੰਗ ਵੀ ਬਹੁਤ ਜਰੂਰੀ ਹੈ। ਇਹ ਜਾਣਕਾਰੀ ਦਿੰਦਿਆਂ ਡਾ. ਸੰਜੀਵ ਕੁਮਾਰ ਭੱਲਾ ਨੇ ਦੱਸਿਆ ਕਿ ਕੋਰੋਨਾ ਬਿਮਾਰੀ ਦੇ ਫੈਲਾਅ ਨੂੰ ਰੋਕਣ ਦੇ ਮੰਤਵ ਨਾਲ ਸਿਹਤ ਵਿਭਾਗ ਵੱਲੋਂ ਲੋਕਾਂ ਨੂੰ ਕੋਰੋਨਾ ਟੈਸਟਿੰਗ ਕਰਵਾਉਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ।
ਡਾ. ਭੱਲਾ ਨੇ ਦੱਸਿਆ ਕਿ ਕੋਰੋਨਾ ਵਾਇਰਸ ਦੇ ਟੈਸਟ ਲਈ ਸਿਵਲ ਹਸਪਤਾਲ ਬਟਾਲਾ ਵਿੱਚ ਪੱਕਾ ਟੈਸਟਿੰਗ ਸੈਂਟਰ ਸਥਾਪਤ ਕੀਤਾ ਗਿਆ ਹੈ ਅਤੇ ਇਸਦੇ ਨਾਲ ਹੀ ਸ਼ਹਿਰ ਦੇ ਵੱਖ-ਵੱਖ ਵਾਰਡਾਂ ਵਿੱਚ ਵੀ ਵਿਸ਼ੇਸ਼ ਟੈਸਟਿੰਗ ਕੈਂਪ ਲਗਾਏ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਹੁਣ ਤੱਕ ਦੀ ਖੋਜ਼ ਤੋਂ ਇਹ ਸਾਹਮਣੇ ਆਇਆ ਹੈ ਕਿ ਜਿਨੀਂ ਜਲਦੀ ਅਸੀਂ ਕੋਰੋਨਾ ਦੀ ਬਿਮਾਰੀ ਨੂੰ ਪਛਾਣ ਕੇ ਉਸਦਾ ਇਲਾਜ ਸ਼ੁਰੂ ਕਰ ਦੇਵਾਂਗੇ ਓਨੀਂ ਹੀ ਜਲਦੀ ਮਰੀਜ਼ ਠੀਕ ਹੋ ਜਾਂਦਾ ਹੈ। ਉਨ੍ਹਾਂ ਕਿਹਾ ਕਿ ਰੋਗ ਦਾ ਜਲਦ ਪਤਾ ਲੱਗਣ ’ਤੇ ਕੋਰੋਨਾ ਪ੍ਰਭਾਵਤ ਮਰੀਜ਼ ਨੂੰ ਏਕਾਂਤਵਾਸ ਕਰ ਦਿੱਤਾ ਜਾਂਦਾ ਹੈ ਜਿਸ ਕਾਰਨ ਉਸ ਤੋਂ ਅੱਗੇ ਵਾਇਰਸ ਨਹੀਂ ਫੈਲਦਾ।
ਡਾ. ਭੱਲਾ ਨੇ ਅੱਗੇ ਦੱਸਿਆ ਕਿ ਵੇਖਣ ਵਿਚ ਆਇਆ ਹੈ ਕਿ ਕੋਵਿਡ ਬਿਮਾਰੀ ਦੀ ਦੂਸਰੀ ਲਹਿਰ ਦਾ ਪਿੰਡਾਂ ਵਿਚ ਪ੍ਰਕੋਪ ਵੱਧ ਰਿਹਾ ਹੈ, ਇਸ ਲਈ ਪਿੰਡ ਵਾਸੀਆਂ ਨੂੰ ਹੋਰ ਵਧੇਰੇ ਜਾਗਰੂਕ ਹੋਣ ਦੀ ਜਰੂਰਤ ਹੈ। ਲਾਪਰਵਾਹੀ ਬਿਲਕੁੱਲ ਨਹੀਂ ਵਰਤਣੀ ਚਾਹੀਦੀ ਹੈ ਅਤੇ ਕੋਰੋਨਾ ਬਿਮਾਰੀ ਦੇ ਲੱਛਣ ਜਿਵੇਂ ਬੁਖਾਰ, ਸਰੀਰ ਦਾ ਦਰਦ ਹੋਣਾ, ਸਾਹ ਲੈਣ ਵਿਚ ਤਕਲੀਫ, ਖੰਘ ਤੇ ਜੁਕਾਮ ਆਦਿ ਹੋਵੇੇ ਤਾਂ ਕੋੋਰੋਨਾ ਟੈਸਟ ਤੁਰੰਤ ਕਰਵਾਉਣਾ ਚਾਹੀਦਾ ਹੈ। ਉਨਾਂ ਦੱਸਿਆ ਕਿ ਸਮੇਂ ਸਿਰ ਬਿਮਾਰੀ ਦਾ ਪਤਾ ਲੱਗ ਜਾਣ ਨਾਲ ਜਿਥੇ ਬਿਮਾਰੀ ਦਾ ਫੈਲਾਅ ਰੁਕੇਗਾ, ਉਸਦੇ ਨਾਲ ਕੀਮਤੀ ਜਾਨ ਵੀ ਬਚਾਈ ਜਾ ਸਕਦੀ ਹੈ।
ਡਾ. ਭੱਲਾ ਨੇ ਅੱਗੇ ਕਿਹਾ ਕਿ ਸਰਕਾਰ ਅਤੇ ਸਿਹਤ ਵਿਭਾਗ ਵਲੋਂ ਜਾਰੀ ਹਦਾਇਤਾਂ ਦੀ ਸਖ਼ਤੀ ਨਾਲ ਪਾਲਣਾ ਕੀਤੀ ਜਾਵੇ। ਮਾਸਕ ਲਾਜ਼ਮੀ ਤੌਰ ’ਤੇ ਲਗਾਇਆ ਜਾਵੇ। ਸ਼ੋਸਲ ਡਿਸਟੈਸਿੰਗ ਦੇ ਨਿਯਮਾਂ ਦੀ ਪਾਲਣਾ ਕੀਤੀ ਜਾਵੇ, ਹੱਥਾ ਨੂੰ ਵਾਰ-ਵਾਰ ਸਾਬੁਣ ਨਾਲ ਧੋਤਾ ਜਾਵੇ ਅਤੇ ਯੋਗ ਵਿਅਕਤੀ ਵੈਕਸੀਨ ਜਰੂਰ ਲਗਵਾਉਣ।
Spread the love