ਗੁਰਦਾਸਪੁਰ, 24 ਮਈ,2021 ਜ਼ਿਲ੍ਹਾ ਪ੍ਰਸ਼ਾਸਨ ਵਲੋਂ ਪਿੰਡਾਂ ਅੰਦਰ ਕੋਰੋਨਾ ਬਿਮਾਰੀ ਵਿਰੁੱਧ ਚਲਾਏ ਜਾ ਰਹੇ ਅਭਿਆਨ ਤਹਿਤ ਸਿਹਤ ਵਿਭਾਗ ਦੀਆਂ ਟੀਮਾਂ ਵਲੋਂ ਹੋਰਨਾਂ ਵਿਭਾਗਾਂ ਦੀ ਸਹਿਯੋਗ ਨਾਲ ਪਿੰਡ ਵਾਸੀਆਂ ਦੀ ਸੈਂਪਲਿੰਗ ਕਰਨ ਦੀ ਮੁਹਿੰਮ ਤੇਜ਼ੀ ਨਾਲ ਵਿੱਢੀ ਗਈ ਹੈ। ਇਸ ਮੁਹਿੰਮ ਤਹਿਤ ਕੋਵਿਡ ਬਿਮਾਰੀ ਦੇ ਲੱਛਣਾਂ ਵਾਲੇ ਹਰੇਕ ਵਿਅਕਤੀ ਦਾ ਟੈਸਟ ਕੀਤਾ ਜਾ ਰਿਹਾ ਹੈ, ਕੰਟੈਕਟ ਟਰੇਸਿੰਗ, ਇਲਾਜ ਤੇ ਵੈਕਸੀਨ ਲਗਾਉਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ।
ਇਸ ਸਬੰਧ ਵਿਚ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫਾਕ ਨੇ ਦੱਸਿਆ ਕਿ ਇਸ ਮੁਹਿੰਮ ਤਹਤਿ ਜਿਲੇ ਦੇ ਸਾਰੇ ਪਿੰਡਾਂ ਨੂੰ ਕਵਰ ਕੀਤਾ ਜਾਰਿਹਾ ਹੈ ਤਾਂ ਜੋ ਪਿੰਡਾਂ ਅੰਦਰ ਕੋਵਿਡ ਬਿਮਾਰੀ ਨੂੰ ਠੱਲ੍ਹ ਪਾਈ ਜਾ ਸਕੇ। ਪਿੰਡਾਂ ਦੇ ਪੰਚ-ਸਰਪੰਚ, ਬੀ.ਐਲ,ਓਜ਼ ਦੇ ਸਹਿਯੋਗ ਨਾਲ ਸਿਹਤ ਵਿਭਾਗ ਦੀ ਟੀਮ ਵਲੋਂ ਘਰ-ਘਰ ਜਾ ਕੇ ਲੋਕਾਂ ਦੀ ਟੈਸਟਿੰਗ ਕੀਤੀ ਜਾ ਰਹੀ ਹੈ।
ਡਿਪਟੀ ਕਮਿਸ਼ਨਰ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਸਿਹਤ ਵਿਭਾਗ ਦੀਆਂ ਟੀਮਾਂ ਨਾਲ ਸਹਿਯੋਗ ਕਰਨ ਅਤੇ ਟੈਸਟ ਕਰਵਾਉਣ ਲਈ ਅੱਗੇ ਆਉਣ। ਉਨਾਂ ਕਿਹਾ ਕਿ ਜਿੰਨੀ ਜਲਦੀ ਇਸ ਬਿਮਾਰੀ ਦਾ ਪਤਾ ਲੱਗਦਾ, ਓਨੀ ਜਲਦੀ ਮਨੁੱਖੀ ਜਾਨਾਂ ਨੂੰ ਬਚਾਉਣ ਵਿਚ ਸਹਾਇਤਾ ਮਿਲਦੀ ਹੈ। ਇਸ ਲਈ ਕੋਰੋਨਾ ਬਿਮਾਰੀ ਦੇ ਲੱਛਣ ਹੋਣ ਤੇ ਤੁਰੰਤ ਟੈਸਟ ਕਰਵਾਓ। ਨਾਲ ਹੀ ਉਨਾਂ ਲੋਕਾਂ ਨੂੰ ਮਾਸਕ ਪਹਿਨਣ। ਸ਼ੋਸਲ ਡਿਸਟੈਸਿੰਗ ਬਣਾ ਕੇ ਰੱਖਣ, ਹੱਥਾਂ ਨੂੰ ਚੰਗੀ ਤਰਾਂ ਸਾਬੁਣ ਨਾਲ ਧੋਣ ਅਤੇ ਯੋਗ ਵਿਅਕਤੀਆਂ ਨੂੰ ਵੈਕਸੀਨ ਲਗਾਉਣ ਦੀ ਅਪੀਲ ਕੀਤੀ।
ਜ਼ਿਲੇ ਅੰਦਰ ਬੀਤੇ ਕੱਲ੍ਹ ਤਕ 5 ਲੱਖ 98 ਹਜ਼ਾਰ 463 ਟੈਸਟ ਕੀਤੇ ਜਾ ਚੁੱਕੇ ਹਨ ਅਤੇ ਰੋਜ਼ਾਨਾ 4 ਹਜ਼ਾਰ ਦੇ ਕਰੀਬ ਸੈਂਪਲਿੰਗ ਕੀਤੀ ਜਾ ਰਹੀ ਹੈ। ਜਿਲੇ ਅੰਦਰ ਐਕਟਿਵ ਕੇਸ 1450 ਹਨ ਅਤੇ ਕੁਲ ਪੀੜਤਾਂ ਦੀ ਗਿਣਤੀ 19627 ਹੈ। ਹੁਣ ਤਕ 17658 ਪੀੜਤ ਠੀਕ ਹੋ ਚੁੱਕੇ ਹਨ।