*ਐਸ. ਸੀ ਭਾਈਚਾਰੇ ਦੇ 45 ਕਰੋੜ 41 ਲੱਖ ਰੁਪਏ ਦੇ ਕਰਜ਼ੇ ’ਤੇ ਫੇਰੀ ਲੀਕ
*ਫੌਤ ਹੋ ਚੁੱਕੇ 1653 ਕਰਜ਼ਦਾਰਾਂ ਦਾ 10.92 ਕਰੋੜ ਦਾ ਕਰਜ਼ਾ ਕੀਤਾ ਮੁਆਫ਼
ਨਵਾਂਸ਼ਹਿਰ, 29 ਅਪ੍ਰੈਲ :
ਪੰਜਾਬ ਅਨੁਸੂਚਿਤ ਜਾਤੀਆਂ ਭੌਂ ਵਿਕਾਸ ਅਤੇ ਵਿੱਤ ਕਾਰਪੋਰੇਸ਼ਨ ਦੇ ਚੇਅਰਮੈਨ ਇੰਜ: ਮੋਹਨ ਲਾਲ ਸੂਦ ਨੇ ਦੱਸਿਆ ਕਿ ਕਾਰਪੋਰੇਸ਼ਨ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਪਿਛਲੇ ਸਾਲ ਕੋਵਿਡ ਮਹਾਮਾਰੀ ਦੌਰਾਨ ਐਸ. ਸੀ. ਭਾਈਚਾਰੇ ਨੂੰ ਵੱਡੀ ਰਾਹਤ ਪ੍ਰਦਾਨ ਕਰਦਿਆਂ 2093 ਲਾਭਪਾਤਰੀਆਂ ਨੂੰ 20 ਕਰੋੜ 33 ਲੱਖ ਰੁਪਏ ਦੀ ਵੱਡੀ ਰਾਸ਼ੀ ਸਵੈ-ਰੋਜ਼ਗਾਰ ਲਈ ਕਰਜ਼ੇ ਦੇ ਰੂਪ ਵਿਚ ਮੁਹੱਈਆ ਕਰਵਾਈ ਗਈ ਹੈ। ਉਨਾਂ ਕਿਹਾ ਕਿ ਹੁਣ ਜਦੋਂ ਪੂਰਾ ਦੇਸ਼ ਕੋਵਿਡ ਮਹਾਮਾਰੀ ਹੇਠ ਬੁਰੀ ਤਰਾਂ ਆਇਆ ਹੈ, ਤਦ ਵੀ ਕਾਰਪੋਰੇਸ਼ਨ ਐਸ. ਸੀ ਭਾਈਚਾਰੇ ਨੂੰ ਸਵੈ-ਰੋਜ਼ਗਾਰ ਦੇਣ ਦੇ ਸਮਰੱਥ ਹੈ। ਉਨਾਂ ਦੱਸਿਆ ਕਿ ਮਨੁੱਖੀ ਅਧਿਕਾਰਾਂ ਦੀ ਰਾਖੀ ਲਈ ਆਪਾ ਕੁਰਬਾਨ ਕਰਨ ਵਾਲੇ ਹਿੰਦ ਦੀ ਚਾਦਰ ਗੁਰੂ ਤੇਗ ਬਹਾਦਰ ਜੀ ਦੇ ਮਨਾਏ ਜਾ ਰਹੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕਾਰਪੋਰੇਸ਼ਨ ਐਸ. ਸੀ. ਭਾਈਚਾਰੇ ਦੇ ਬਿਹਤਰ ਭਵਿੱਖ ਲਈ ਵਚਨਬੱਧ ਹੈ।
ਅੱਜ ਇਥੇ ਗੱਲਬਾਤ ਦੌਰਾਨ ਚੇਅਰਮੈਨ ਮੋਹਨ ਲਾਲ ਸੂਦ ਨੇ ਕਿਹਾ ਕਿ ਕਾਰਪੋਰੇਸ਼ਨ ਨੇ ਹਮੇਸ਼ਾ ਹੀ ਔਖੀ ਘੜੀ ਵਿਚ ਐਸ. ਸੀ ਭਾਈਚਾਰੇ ਦੀ ਬਾਂਹ ਫੜੀ ਹੈ। ਉਨਾਂ ਕਿਹਾ ਕਿ ਕਾਰਪੋਰੇਸ਼ਨ ਤੋਂ ਕਰਜ਼ਾ ਲੈਣ ਵਾਲੇ ਜਿਹੜੇ 1653 ਕਰਜ਼ਦਾਰਾਂ ਦੀ ਮੌਤ ਹੋ ਗਈ ਸੀ, ਉਨਾਂ ਦਾ 10 ਕਰੋੜ 92 ਲੱਖ ਰੁਪਏ ਦਾ ਕਰਜ਼ਾ ਮੁਆਫ਼ ਕਰਕੇ ਵੱਡੀ ਰਾਹਤ ਦਿੱਤੀ ਗਈ ਹੈ। ਉਨਾਂ ਕਿਹਾ ਕਿ ਹੁਣ ਵੀ ਜਿਹੜੇ ਹੋਰ ਕਰਜ਼ਦਾਰਾਂ ਦੀ ਮੌਤ ਹੋਈ ਹੈ, ਉਨਾਂ ਦੇ ਕਰਜ਼ੇ ਮੁਆਫ਼ ਕਰਨ ਲਈ ਤਜਵੀਜ਼ ਪਹਿਲਾਂ ਹੀ ਪੰਜਾਬ ਸਰਕਾਰ ਨੂੰ ਭੇਜੀ ਜਾ ਚੁੱਕੀ ਹੈ।
ਉਨਾਂ ਕਿਹਾ ਕਿ ਐਸ. ਸੀ ਵਰਗ ਦੇ 50 ਹਜ਼ਾਰ ਰੁਪਏ ਤੱਕ ਦੇ ਕਰਜ਼ੇ ਮੁਆਫ਼ ਕਰਨ ਦਾ ਆਪਣਾ ਵਾਅਦਾ ਨਿਭਾਉਂਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਨਾਂ ਕਰਜ਼ਿਆਂ ’ਤੇ ਲੀਕ ਮਾਰਦਿਆਂ 45.41 ਕਰੋੜ ਰੁਪਏ ਦਾ ਕਰਜ਼ਾ ਮੁਆਫ਼ ਕੀਤਾ ਹੈ, ਜਿਸ ਨਾਲ ਐਸ. ਸੀ ਵਰਗ ਨੂੰ ਵੱਡੀ ਰਾਹਤ ਮਿਲੀ ਹੈ।
ਚੇਅਰਮੈਨ ਸੂਦ ਨੇ ਦੱਸਿਆ ਕਿ ਕਾਰਪੋਰੇਸ਼ਨ ਵੱਲੋਂ ਕਰਜ਼ੇ ਦੇਣ ਬਾਰੇ ਬਣੀ ਸਕਰੀਨਿੰਗ ਕਮੇਟੀ ਦੀ ਮੀਟਿੰਗ ਪਹਿਲਾਂ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਦੀ ਪ੍ਰਧਾਨਗੀ ਹੇਠ ਹੁੰਦੀ ਸੀ, ਪਰੰਤੂ ਸਾਲ 2020 ਵਿਚ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨਾਲ ਮੀਟਿੰਗ ਕਰ ਕੇ ਇਸ ਸਕਰੀਨਿੰਗ ਕਮੇਟੀ ਦੇ ਅਧਿਕਾਰ ਜ਼ਿਲਾ ਭਲਾਈ ਅਫ਼ਸਰ ਨੂੰ ਦਿਵਾਏ ਗਏ ਸਨ, ਜਿਹੜੀ ਕਿ ਕਾਰਪੋਰੇਸ਼ਨ ਦੀ ਵੱਡੀ ਪ੍ਰਾਪਤੀ ਸੀ ਅਤੇ ਇਸ ਨਾਲ ਕਰਜ਼ੇ ਪਾਸ ਕਰਨ ਦੇ ਮਾਮਲੇ ਵਿਚ ਤੇਜ਼ੀ ਆਈ ਹੈ।