ਕੋਵਿਡ ਪਾਜ਼ੇਟਿਵ ਆਏ ਰਜਿਸਟਰਡ ਉਸਾਰੀ ਕਾਮਿਆਂ ਨੂੰ ਵਿੱਤੀ ਸਹਾਇਤਾ ਦੇਣ ਲਈ ਸੇਵਾ ਕੇਂਦਰਾਂ `ਚ ਹੋਵੇਗੀ ਰਜਿਸਟ੍ਰੇਸ਼ਨ-ਡਿਪਟੀ ਕਮਿਸ਼ਨਰ

ਤਰਨ ਤਾਰਨ, 15 ਜੁਲਾਈ 2021
ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਕੋਵਿਡ ਪਾਜ਼ੇਟਿਵ ਆਉਣ ਵਾਲੇ ਰਜਿਸਟਰਡ ਉਸਾਰੀ ਕਿਰਤੀਆਂ ਨੂੰ ਵਿੱਤੀ ਸਹਾਇਤਾ ਦੇਣ ਦਾ ਅਹਿਮ ਫੈਸਲਾ ਕੀਤਾ ਗਿਆ ਸੀ। ਕਿਰਤ ਵਿਭਾਗ ਵੱਲੋਂ ਪ੍ਰਦਾਨ ਕੀਤੀ ਜਾਣ ਵਾਲੀ ਇਸ ਸਹਾਇਤਾ ਲਈ ਹੁਣ ਸੂਚੀਬੱਧ ਉਸਾਰੀ ਕਿਰਤੀ ਕਾਮੇ ਜਾਂ ਉਸਦੇ ਪਰਿਵਾਰ ਦੇ ਨਜਦੀਕੀ ਮੈਂਬਰ ਨੂੰ ਕੋਵਿਡ-19 ਮਹਾਂਮਾਰੀ ਦੀ ਲਾਗ ਤੋਂ ਪੀੜਤ ਹੋਣ ਉਪਰੰਤ ਵਿੱਤੀ ਸਹਾਇਤਾ ਲੈਣ ਲਈ ਰਜਿਸਟਰੇਸ਼ਨ ਕਰਵਾਉਣ ਲਈ ਕੇਵਲ ਆਪਣੇ ਨੇੜਲੇ ਸੇਵਾ ਕੇਂਦਰ ਵਿਖੇ ਜਾਣਾ ਪਵੇਗਾ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਤਰਨ ਤਾਰਨ ਸ੍ਰੀ ਕੁਲਵੰਤ ਸਿੰਘ ਨੇ ਦੱਸਿਆ ਕਿ ਕੋਵਿਡ ਪਾਜ਼ੇਟਿਵ ਆਉਣ ਵਾਲੇ ਅਤੇ ਇਕਾਂਤਵਾਸ ਰਹਿਣ ਵਾਲੇ ਉਸਾਰੀ ਕਿਰਤੀ ਕਾਮਿਆਂ ਨੂੰ ਵਿੱਤੀ ਸਹਾਇਤਾ ਦੇਣ ਲਈ ਫਾਰਮ ਜਮ੍ਹਾਂ ਤੇ ਰਜਿਸਟਰ੍ਰੇਸ਼ਨ ਕਰਵਾਉਣ ਲਈ ਸੇਵਾ ਕੇਂਦਰਾਂ ਵਿਖੇ ਇਸ ਸੇਵਾ ਦੀ ਸ਼ੁਰੂਆਤ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਇਹ ਸੇਵਾ ਈ-ਸੇਵਾ ਪੰਜਾਬ ਪੋਰਟਲ ਰਾਹੀਂ ਸੇਵਾ ਕੇਂਦਰਾਂ ਵਿਖੇ ਉਪਲਬਧ ਹੋਵੇਗੀ ਅਤੇ ਇਸ ਲਈ ਕੇਵਲ 10 ਰੁਪਏ ਦੀ ਸੇਵਾ ਫੀਸ ਰੱਖੀ ਗਈ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਕੋਵਿਡ ਪਾਜ਼ੇਟਿਵ ਆਉਣ ਮਗਰੋਂ ਇਕਾਂਤਵਾਸ ਰਹੇ ਹੋਏ ਉਸਾਰੀ ਕਿਰਤੀ ਕਾਮੇ ਨੂੰ ਇਸ ਵਿੱਤੀ ਸਹਾਇਤਾ ਲਈ ਯੋਗ ਮੰਨਿਆ ਗਿਆ ਹੈ। ਇਸ ਲਈ ਕਿਰਤ ਵਿਭਾਗ ਕੋਲ ਸੂਚੀਬੱਧ ਕਾਮੇ ਨੂੰ ਆਪਣੇ ਨੇੜਲੇ ਸੇਵਾ ਕੇਂਦਰ ਵਿਖੇ ਜਾਣਾ ਪਵੇਗਾ, ਜਿੱਥੇ ਉਸਨੂੰ ਲੋੜੀਂਦੇ ਦਸਤਾਵੇਜਾਂ ਨਾਲ ਆਪਣੀ ਅਰਜ਼ੀ ਆਨਲਾਈਨ ਜਮ੍ਹਾ ਕਰਵਾਉਣੀ ਹੋਵੇਗੀ। ਇਸ ਲਈ ਕੋਈ ਵੀ ਅਰਜ਼ੀ ਦਸਤੀ ਜਾਂ ਨਿਜੀ ਤੌਰ `ਤੇ ਸਵਿਕਾਰ ਨਹੀਂ ਕੀਤੀ ਜਾਵੇਗੀ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਤਰਨ ਤਾਰਨ ਜ਼ਿਲ੍ਹੇ ਦੇ ਸਾਰੇ ਸੇਵਾ ਕੇਂਦਰਾਂ ਵਿਖੇ ਇਹ ਸੇਵਾ ਉਪਲਬੱਧ ਹੋਵੇਗੀ ਅਤੇ ਯੋਗ ਤੇ ਰਜਿਸਟਰਡ ਉਸਾਰੀ ਕਿਰਤੀ ਇਹ ਸੇਵਾ ਪ੍ਰਾਪਤ ਕਰ ਸਕਦਾ ਹੈ।

Spread the love