ਕੋਵਿਡ ਸਬੰਧੀ ਹਦਾਇਤਾਂ ਦੀ ਪਾਲਣਾ ਨਾ ਕਰਨ ਵਾਲਿਆਂ ਖਿਲਾਫ਼ 15 ਪਰਚੇ ਦਰਜ

ਬਿਨਾਂ ਮਾਸਕ ਵਾਲੇ 1048 ਵਿਅਕਤੀਆਂ ਦੇ ਕਰਵਾਏ ਕੋਵਿਡ ਟੈਸਟ-48 ਦੇ ਕੀਤੇ ਚਲਾਨ
ਨਵਾਂਸ਼ਹਿਰ, 3 ਮਈ :
ਸੀਨੀਅਰ ਪੁਲਿਸ ਕਪਤਾਨ ਅਲਕਾ ਮੀਨਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਕੋਰੋਨਾ ਮਹਾਮਾਰੀ ਸਬੰਧੀ ਜਾਰੀ ਕੀਤੇ ਗਏ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਦਿਆਂ ਜ਼ਿਲਾ ਪੁਲਿਸ ਵੱਲੋਂ ਕੋਵਿਡ ਸਬੰਧੀ ਹਦਾਇਤਾਂ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ਼ ਅੱਜ 15 ਪਰਚੇ ਦਰਜ ਕੀਤੇ ਗਏ ਹਨ। ਉਨਾਂ ਦੱਸਿਆ ਕਿ ਇਸ ਸਬੰਧੀ ਥਾਣਾ ਸਿਟੀ ਨਵਾਂਸ਼ਹਿਰ ਵਿਖੇ 4, ਸਦਰ ਨਵਾਂਸ਼ਹਿਰ ਵਿਖੇ 1, ਸਿਟੀ ਬੰਗਾ ਵਿਖੇ 3, ਸਦਰ ਬੰਗਾ ਵਿਖੇ 1, ਬਹਿਰਾਮ ਵਿਖੇ 1, ਮੁਕੰਦਪੁਰ ਵਿਖੇ 1, ਸਿਟੀ ਬਲਾਚੌਰ ਵਿਖੇ 1, ਸਦਰ ਬਲਾਚੌਰ ਵਿਖੇ 1, ਕਾਠਗੜ ਵਿਖੇ 1 ਅਤੇ ਪੋਜੇਵਾਲ ਵਿਖੇ 1 ਪਰਚਾ ਦਰਜ ਕੀਤਾ ਗਿਆ ਹੈ। ਉਨਾਂ ਦੱਸਿਆ ਕਿ ਇਸੇ ਤਰਾਂ ਅੱਜ ਜ਼ਿਲੇ ਦੀ ਹਦੂਦ ਅੰਦਰ ਵੱਖ-ਵੱਖ ਮੈਡੀਕਲ ਟੀਮਾਂ ਨੂੰ ਨਾਲ ਲੈ ਕੇ ਜਨਤਕ ਥਾਵਾਂ ’ਤੇ ਬਿਨਾਂ ਮਾਸਕ ਘੁੰਮਣ ਵਾਲੇ 1048 ਵਿਅਕਤੀਆਂ ਦੇ ਕੋਵਿਡ ਟੈਸਟ ਕਰਵਾਏ ਗਏ ਜਦਕਿ ਬਿਨਾਂ ਮਾਸਕ ਘੁੰਮ ਰਹੇ 48 ਵਿਅਕਤੀਆਂ ਦੇ ਚਲਾਨ ਵੀ ਕੱਟੇ ਗਏ।  ਉਨਾਂ ਜ਼ਿਲਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਕੋਵਿਡ ਨਿਯਮਾਂ ਪ੍ਰਤੀ ਲਾਪਰਵਾਹੀ ਨਾ ਵਰਤਣ ਅਤੇ ਇਸ ਭਿਆਨਕ ਬਿਮਾਰੀ ਨੂੰ ਹਲਕੇ ਵਿਚ ਨਾ ਲੈਣ ਅਤੇ ਨਜ਼ਦੀਕੀ ਸਰਕਾਰੀ ਹਸਪਤਾਲ ਤੋਂ ਕੋਰੋਨਾ ਦੀ ਰੋਕਥਾਮ ਲਈ ਟੀਕਾ ਜ਼ਰੂਰ ਲਗਵਾਉਣ। ਉਨਾਂ ਦੱਸਿਆ ਕਿ ਪੁਲਿਸ ਵੱਲੋਂ ਪਿੰਡਾਂ ਵਿਚ ਅਨਾਊਂਸਮੈਂਟ ਕਰਵਾਉਣ ਤੋਂ ਇਲਾਵਾ ਸਾਂਝ ਕੇਂਦਰ ਦੀ ਮੀਡੀਆ ਵੈਨ ਰਾਹੀਂ ਲੋਕਾਂ ਨੂੰ ਕੋਵਿਡ ਪ੍ਰਤੀ ਸਾਵਧਾਨੀਆਂ ਵਰਤਣ ਅਤੇ ਨਸ਼ਿਆਂ ਤੋਂ ਦੂਰ ਰਹਿਣ ਲਈ ਲਗਾਤਾਰ ਜਾਗਰੂਕ ਕੀਤਾ ਜਾ ਰਿਹਾ ਹੈ। ਉਨਾਂ ਕਿਹਾ ਕਿ ਹਰ ਸਮੇਂ ਮਾਸਕ ਪਹਿਨਣ, ਆਪਸੀ ਦੂਰੀ ਬਣਾਈ ਰੱਖਣ ਅਤੇ ਕੋਵਿਡ ਸਬੰਧੀ ਜਾਰੀ ਦਿਸ਼ਾ-ਨਿਰਦੇਸ਼ਾਂ ਅਤੇ ਹਦਾਇਤਾਂ ਦੀ ਪਾਲਣਾ ਯਕੀਨੀ ਬਣਾਈ ਜਾਵੇ, ਤਾਂ ਜੋ ਜ਼ਿਲੇ ਨੂੰ ਕੋਵਿਡ ਮੁਕਤ ਕੀਤਾ ਜਾ ਸਕੇ।
Spread the love